ਆਜ਼ਾਦੀ ਮਗਰੋਂ ਵੀ 3 ਦਿਨ ਤੱਕ ਪਾਕਿ ਦਾ ਹਿੱਸਾ ਸੀ ਰਿਹਾ ਇਹ ਸਰਹੱਦੀ ਜ਼ਿਲ੍ਹਾ
Friday, Aug 15, 2025 - 12:10 PM (IST)

ਗੁਰਦਾਸਪੁਰ (ਹਰਮਨ, ਵਿਨੋਦ)-1947 ’ਚ ਬੇਸ਼ੱਕ ਪੂਰਾ ਦੇਸ਼ ਬ੍ਰਿਟਿਸ਼ ਹਕੂਮਤ ਦੀ ਗੁਲਾਮੀ ਤੋਂ 15 ਅਗਸਤ ਨੂੰ ਮੁਕਤ ਹੋਇਆ ਸੀ ਪਰ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ 17 ਅਗਸਤ ਤੱਕ ਦੋਵਾਂ ਦੇਸ਼ਾਂ ਦਰੇਮਿਆਨ ਖਿੱਚੀ ਜਾਣ ਵਾਲੀ ਰੇਖਾ ਦੇ ਪਾਰਲੇ ਪਾਸੇ ਪਾਕਿਸਤਾਨ ਦਾ ਹਿੱਸਾ ਬਣਿਆ ਰਿਹਾ। ਇਸ ਜ਼ਿਲ੍ਹੇ ਨੂੰ ਭਾਰਤ-ਪਾਕਿਸਤਾਨ ਦੀ ਸੰਭਾਵਿਤ ਵੰਡ ਲਈ ਤਿਆਰ ਕੀਤੀ ਤਜਵੀਜ਼ ’ਚ ਪਹਿਲਾਂ ਪਾਕਿਸਤਾਨ ਦਾ ਹਿੱਸਾ ਬਣਾ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਨਾ ਸਿਰਫ ਇਥੇ ਪਾਕਿਸਤਾਨੀ ਡਿਪਟੀ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਦੀ ਨਿਯੁਕਤੀ ਹੋ ਗਈ ਸੀ ਸਗੋਂ ਪਾਕਿਸਤਾਨ ਦੇ ਅਧਿਕਾਰੀਆਂ ਅਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਇਥੇ ਜਸ਼ਨ ਵੀ ਮਨਾਏ ਸਨ।
ਇਹ ਵੀ ਪੜ੍ਹੋ-ਪੰਜਾਬ 'ਚ ਵੱਡੀ ਵਾਰਦਾਤ, ਬਰਗਰ ਖਾ ਰਹੇ 5 ਦੋਸਤਾਂ ’ਤੇ ਅੰਨ੍ਹੇਵਾਹ ਫਾਇਰਿੰਗ, ਹੋਈ ਮੌਤ
ਇਤਿਹਾਸਕਾਰਾਂ ਦਾ ਦਾਅਵਾ ਹੈ ਕਿ ਕਰੀਬ ਤਿੰਨ ਦਿਨ ਇਥੇ ਪਾਕਿਸਤਾਨ ਦਾ ਝੰਡਾ ਝੂਲਦਾ ਰਿਹਾ ਸੀ, ਜਿਸ ਤੋਂ ਬਾਅਦ ਵੱਡੀ ਕੂਟਨੀਤੀ ਤੋਂ ਬਾਅਦ ਭਾਰਤੀ ਹਕੂਮਤ ਗੁਰਦਾਸਪੁਰ ਜ਼ਿਲ੍ਹੇ ਨੂੰ ਵਾਪਸ ਭਾਰਤ ਵਿਚ ਰੱਖਣ ਲਈ ਸਫਲ ਹੋ ਸਕੀ। ਗੁਰਦਾਸਪੁਰ ਜ਼ਿਲ੍ਹੇ ਦਾ ਭਾਰਤ ਵਿਚ ਰਹਿਣਾ ਨਾ ਸਿਰਫ ਭੂਗੋਲਿਕ ਰਕਬੇ ਪੱਖੋਂ ਅਹਿਮ ਹੈ ਸਗੋਂ ਇਸ ਨਾਲ ਮਾਧੋਪੁਰ ਹੈੱਡ ਵਰਕਸ ਤੋਂ ਅੰਮ੍ਰਿਤਸਰ ਅਤੇ ਨੇੜਲੇ ਇਲਾਕਿਆਂ ਨੂੰ ਪਾਣੀ ਦੀ ਸਪਲਾਈ ਦੇਣ ਵਿਚ ਵੀ ਵੱਡੀ ਰਾਹਤ ਮਿਲੀ ਹੈ। ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਨੂੰ ਭਾਰਤ ਨਾਲ ਜੋੜੀ ਰੱਖਣ ਵਿਚ ਵੀ ਗੁਰਦਾਸਪੁਰ ਜ਼ਿਲ੍ਹਾ ਸ਼ੁਰੂ ਤੋਂ ਵੱਡੀ ਭੂਮਿਕਾ ਨਿਭਾਉਂਦਾ ਆ ਰਿਹਾ ਹੈ ਕਿਉਂਕਿ ਗੁਰਦਾਸਪੁਰ ਰਾਹੀਂ ਹੀ ਜੰਮੂ-ਕਸ਼ਮੀਰ ਨੂੰ ਸੜਕੀ ਅਤੇ ਰੇਲ ਮਾਰਗ ਨਾਲ ਜੋੜਨ ਦਾ ਸਿੱਧਾ ਜਰੀਆ ਹੈ।
ਇਹ ਵੀ ਪੜ੍ਹੋ- ਪੰਜਾਬੀਓ ਘਬਰਾਉਣ ਦੀ ਲੋੜ ਨਹੀਂ, ਬਿਆਸ ਤੇ ਰਾਵੀ ਦਰਿਆ ਪੂਰੀ ਤਰ੍ਹਾਂ ਸੁਰੱਖਿਅਤ
ਕੀ ਸੀ ਆਜ਼ਾਦੀ ਤੋਂ ਪਹਿਲਾਂ ਗੁਰਦਾਸਪੁਰ ਜ਼ਿਲ੍ਹੇ ਦੀ ਸਥਿਤੀ ?
ਗੁਰਦਾਸਪੁਰ ਜ਼ਿਲ੍ਹਾ ਆਜ਼ਾਦੀ ਤੋਂ ਪਹਿਲਾਂ ਇਸ ਦੇਸ਼ ਦਾ ਇਕ ਬਹੁਤ ਹੀ ਅਹਿਮ ਹਿੱਸਾ ਸੀ, ਜਿਸ ’ਚ ਗੁਰਦਾਸਪੁਰ, ਬਟਾਲਾ, ਪਠਾਨਕੋਟ ਅਤੇ ਸ਼ਕਰਗੜ੍ਹ ਤਹਿਸੀਲ ਸੀ। ਇਸ ਦਾ ਸ਼ਕਰਗੜ੍ਹ ਤਹਿਸੀਲ ਵਾਲਾ ਹਿੱਸਾ ਰਾਵੀ ਦਰਿਆ ਤੋਂ ਪਾਰਲੇ ਪਾਸੇ ਪਾਕਿਸਤਾਨ ਵੱਲ ਸੀ, ਜਦ ਕਿ ਬਾਕੀ ਦੀਆਂ ਤਿੰਨ ਤਹਿਸੀਲਾਂ ਰਾਵੀ ਦਰਿਆ ਦੇ ਇਸ ਪਾਸੇ ਸਨ। ਦੇਸ਼ ਦੀ ਆਜ਼ਾਦੀ ਦੇ ਸਬੰਧ ਵਿਚ ਜੂਨ ਮਹੀਨੇ ਤੋਂ ਸ਼ੁਰੂ ਹੋਈ ਯੋਜਨਾ ਅਨੁਸਾਰ ਜ਼ਿਆਦਾ ਮੁਸਲਿਮ ਆਬਾਦੀ ਵਾਲੇ ਇਲਾਕਿਆਂ ਨੂੰ ਪਾਕਿਸਤਾਨ ਵਾਲੇ ਪਾਸੇ ਭੇਜਣ ਦਾ ਫੈਸਲਾ ਕੀਤਾ ਗਿਆ ਸੀ। 1941 ਦੀ ਜਨਗਣਨਾ ਦੇ ਅਨੁਸਾਰ ਉਸ ਮੌਕੇ ਗੁਰਦਾਸਪੁਰ ਜ਼ਿਲ੍ਹੇ ਅੰਦਰ ਮੁਸਲਮਾਨ ਭਾਈਚਾਰੇ ਦੀ ਆਬਾਦੀ 51.14 ਫੀਸਦੀ ਸੀ। ਇਸੇ ਤਹਿਤ ਇਸ ਜ਼ਿਲ੍ਹੇ ਨੂੰ ਪਾਕਿਸਤਾਨ ਨੂੰ ਸੌਂਪਣ ਦਾ ਫੈਸਲਾ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ- ਗਿਆਨੀ ਹਰਪ੍ਰੀਤ ਸਿੰਘ ਦੇ ਪ੍ਰਧਾਨ ਬਣਨ 'ਤੇ ਹਰਜਿੰਦਰ ਸਿੰਘ ਧਾਮੀ ਦਾ ਵੱਡਾ ਬਿਆਨ
14 ਅਗਸਤ ਨੂੰ ਗੁਰਦਾਸਪੁਰ ਪਹੁੰਚ ਗਏ ਸਨ ਪਾਕਿਸਤਾਨ ਦੇ ਡਿਪਟੀ ਕਮਿਸ਼ਨਰ
15 ਅਗਸਤ ਤੋਂ ਪਹਿਲਾਂ ਹੀ ਸੰਭਾਵਿਤ ਵੰਡ ਅਨੁਸਾਰ ਗੁਰਦਾਸਪੁਰ ਜ਼ਿਲ੍ਹੇ ਦਾ ਚਾਰਜ ਲੈਣ ਲਈ ਪਾਕਿਸਤਾਨ ਦੇ ਡਿਪਟੀ ਕਮਿਸ਼ਨਰ ਮੁਸ਼ਤਾਕ ਅਹਿਮਦ ਚੀਮਾ ਨੇ ਇਥੇ ਪਹੁੰਚ ਕੇ ਜ਼ਿਲ੍ਹੇ ਦਾ ਚਾਰਜ ਲੈ ਲਿਆ ਸੀ, ਜਿਨਾਂ ਦਾ ਨਾਂ ਜ਼ਿਲ੍ਹਾ ਮਜਿਸਟ੍ਰੇਟ ਦੇ ਦਫਤਰ ਵਿਚ ਲੱਗੇ ਬੋਰਡ ’ਤੇ ਬਕਾਇਦਾ ਦਰਜ ਹੈ, ਜਿਥੇ ਉਨ੍ਹਾਂ ਦੀ ਤਾਇਨਾਤੀ 14 ਅਗਸਤ ਤੋਂ 17 ਅਗਸਤ 1947 ਤੱਕ ਦਰਸਾਈ ਗਈ ਹੈ। ਇਹ ਵੀ ਪਤਾ ਲੱਗਾ ਹੈ ਕਿ ਉਸ ਮੌਕੇ ਨਗਰ ਕੌਂਸਲ ਗੁਰਦਾਸਪੁਰ ਦੇ ਪ੍ਰਧਾਨ ਇਕ ਮੁਸਲਮਾਨ ਭਾਈਚਾਰੇ ਨਾਲ ਸੰਬੰਧਤ ਆਗੂ ਸਨ, ਜਿਨ੍ਹਾਂ ਨੇ ਗੁਰਦਾਸਪੁਰ ਜ਼ਿਲ੍ਹੇ ਨੂੰ ਪਾਕਿਸਤਾਨ ਵਿਚ ਰੱਖੇ ਜਾਣ ਦੀ ਖੁਸ਼ੀ ਵਿਚ ਬਕਾਇਦਾ ਜਸ਼ਨ ਵੀ ਮਨਾਇਆ ਸੀ।
17 ਅਗਸਤ ਨੂੰ ਲਾਹੌਰ ਰੇਡੀਓ ਤੋਂ ਕੀਤਾ ਗਿਆ ਐਲਾਨ
ਗੁਰਦਾਸਪੁਰ ਜ਼ਿਲ੍ਹਾ 17 ਅਗਸਤ ਤੱਕ ਪਾਕਿਸਤਾਨ ਦਾ ਹਿੱਸਾ ਹੀ ਰਿਹਾ ਪਰ ਇਸ ਦੌਰਾਨ ਦੇਸ਼ ਦੇ ਕੂਟਨੀਤਕਾਂ ਨੇ ਕਈ ਪੱਖਾਂ ਨੂੰ ਵਿਚਾਰਿਆ, ਜਿਸ ਤਹਿਤ ਇਹ ਗੱਲ ਵੀ ਸਾਹਮਣੇ ਆਈ ਕਿ ਜੇਕਰ ਗੁਰਦਾਸਪੁਰ ਜ਼ਿਲ੍ਹੇ ਨੂੰ ਪਾਕਿਸਤਾਨ ਦਾ ਹਿੱਸਾ ਬਣਾ ਦਿੱਤਾ ਗਿਆ ਤਾਂ ਮਾਧੋਪੁਰ ਹੈੱਡਵਰਕਸ ਤੋਂ ਅੰਮ੍ਰਿਤਸਰ ਤੱਕ ਦਾ ਨਹਿਰੀ ਸਿਸਟਮ ਕੱਟਿਆ ਜਾਵੇਗਾ ਅਤੇ ਇਹ ਇਲਾਕਾ ਪਾਣੀ ਤੋਂ ਵਾਂਝਾ ਹੋ ਜਾਵੇਗਾ। ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਨੂੰ ਦੇਸ਼ ਨਾਲ ਜੋੜਨ ਲਈ ਵੀ ਇਕੋ-ਇਕ ਮੁੱਖ ਸੜਕੀ ਰਸਤਾ ਗੁਰਦਾਸਪੁਰ ਜ਼ਿਲ੍ਹਾ ਹੀ ਸੀ। ਜੇਕਰ ਗੁਰਦਾਸਪੁਰ ਜ਼ਿਲ੍ਹਾ ਪਾਕਿਸਤਾਨ ਦਾ ਹਿੱਸਾ ਬਣ ਜਾਂਦਾ ਤਾਂ ਜੰਮੂ ਕਸ਼ਮੀਰ ਵੀ ਸਿੱਧੇ ਤੌਰ ’ਤੇ ਦੇਸ਼ ਨਾਲੋਂ ਕੱਟਿਆ ਜਾ ਸਕਦਾ ਸੀ।
ਇਸੇ ਤਰ੍ਹਾਂ ਹੋਰ ਵੀ ਅਨੇਕਾਂ ਅਹਿਮ ਤੱਥਾਂ ’ਤੇ ਵਿਚਾਰ ਕਰਨ ਦੇ ਬਾਅਦ ਦੋਵਾਂ ਦੇਸ਼ਾਂ ਦੇ ਕੂਟਨੀਤਕਾਂ ਨੇ ਕਈ ਸਮਝੌਤਿਆਂ ਤੋਂ ਬਾਅਦ ਇਹ ਸਹਿਮਤੀ ਬਣਾਈ ਕਿ ਗੁਰਦਾਸਪੁਰ ਜ਼ਿਲ੍ਹੇ ਦੀਆਂ ਉਸ ਮੌਕੇ ਦੀਆਂ ਚਾਰ ਤਹਿਸੀਲਾਂ ’ਚੋਂ ਰਾਵੀ ਪਾਰਲੀ ਸ਼ਕਰਗੜ੍ਹ ਤਹਿਸੀਲ ਨੂੰ ਪਾਕਿਸਤਾਨ ਦਾ ਹਿੱਸਾ ਹੀ ਰਹਿਣ ਦਿੱਤਾ ਜਾਵੇਗਾ। ਜਦ ਕਿ ਗੁਰਦਾਸਪੁਰ, ਬਟਾਲਾ ਅਤੇ ਪਠਾਨਕੋਟ ਤਹਿਸੀਲ ਨੂੰ ਭਾਰਤ ਵਾਲੇ ਪਾਸੇ ਸ਼ਾਮਲ ਕੀਤਾ ਜਾਵੇਗਾ। ਉਸ ਮੌਕੇ ਭਾਰਤ ਦੀ ਵੰਡ ਸਬੰਧੀ ਨਕਸ਼ਾ ਤਿਆਰ ਕਰਨ ਵਾਲੇ ਰੈਡਕਲਿਫ ਕਮਿਸ਼ਨ ਦੇ ਚੇਅਰਮੈਨ ਸਰ ਸਿਰਿਲ ਰੈਡਕਲਿਫ ਨੇ ਮੁੜ ਇਹ ਤਬਦੀਲੀ ਕੀਤੀ ਅਤੇ 17 ਅਗਸਤ ਨੂੰ ਲਾਹੌਰ ਰੇਡੀਓ ਤੋਂ ਬਕਾਇਦਾ ਐਲਾਨ ਕਰਕੇ ਗੁਰਦਾਸਪੁਰ ਜ਼ਿਲ੍ਹੇ ਨੂੰ ਭਾਰਤ ਦਾ ਹਿੱਸਾ ਬਣਾਇਆ ਗਿਆ। ਇਸ ਦੇ ਬਾਅਦ ਭਾਰਤੀ ਡਿਪਟੀ ਕਮਿਸ਼ਨਰ ਚਨਾਇਆ ਲਾਲ ਨੇ ਗੁਰਦਾਸਪੁਰ ਜ਼ਿਲ੍ਹੇ ਦਾ ਕਾਰਜ ਭਾਰ ਸੰਭਾਲਿਆ।
ਇਹ ਵੀ ਪੜ੍ਹੋ- ਪੰਜਾਬ Weather Update, ਇਨ੍ਹਾਂ ਜ਼ਿਲ੍ਹਿਆਂ ਲਈ Alert ਜਾਰੀ
ਤਿੰਨ ਦਿਨ ਸਹਿਮੇ ਰਹੇ ਗੁਰਦਾਸਪੁਰ ਦੇ ਲੋਕ
ਇਸ ਤੋਂ ਪਹਿਲਾਂ ਗੁਰਦਾਸਪੁਰ ਜ਼ਿਲ੍ਹੇ ਵਿਚ ਰਹਿਣ ਵਾਲੇ ਹਿੰਦੂ ਭਾਈਚਾਰੇ ਅਤੇ ਸਿੱਖ ਭਾਈਚਾਰੇ ਸਮੇਤ ਹੋਰ ਵਰਗਾਂ ਦੇ ਲੋਕ ਕਾਫੀ ਮਾਯੂਸ ਅਤੇ ਸਹਿਮੇ ਸਨ ਪਰ ਜਦੋਂ ਉਨ੍ਹਾਂ ਨੂੰ ਭਾਰਤ ਵਿਚ ਸ਼ਾਮਿਲ ਹੋਣ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਵੱਡੀ ਰਾਹਤ ਮਹਿਸੂਸ ਕੀਤੀ। ਗੁਰਦਾਸਪੁਰ ਜ਼ਿਲ੍ਹੇ ਨੂੰ ਭਾਰਤ ਵਿਚ ਰੱਖਣ ਦਾ ਇਹ ਫੈਸਲਾ ਕਈ ਵਾਰ ਭਾਰਤ ਲਈ ਫਾਇਦੇਮੰਦ ਸਿੱਧ ਹੋਇਆ ਹੈ ਅਤੇ ਇਹ ਮੰਨਿਆ ਜਾਂਦਾ ਹੈ ਕਿ ਅਕਤੂਬਰ 1947 ਵਿਚ ਜਦੋਂ ਪਾਕਿਸਤਾਨੀ ਫੌਜ ਨੇ ਕਸ਼ਮੀਰ ਵਿਚ ਹਮਲਾ ਕੀਤਾ ਸੀ ਤਾਂ ਭਾਰਤ ਨੇ ਗੁਰਦਾਸਪੁਰ ਰਾਹੀਂ ਹੀ ਕਸ਼ਮੀਰ ਨੂੰ ਫੌਜ ਅਤੇ ਹੋਰ ਸਾਮਾਨ ਸੜਕੀ ਮਾਰਗ ਰਾਹੀ ਭੇਜਿਆ ਸੀ, ਜਿਸ ਕਾਰਨ ਕਸ਼ਮੀਰ ਨੂੰ ਬਚਾਉਣ ਵਿਚ ਭਾਰਤ ਦੀਆਂ ਫੌਜਾਂ ਸਫਲ ਰਹਿ ਸਕੀਆਂ ਸਨ। ਹੁਣ ਵੀ ਪਠਾਨਕੋਟ ਰਾਹੀਂ ਜਾਂਦਾ ਨੈਸ਼ਨਲ ਮਾਰਗ ਹੀ ਜੰਮੂ-ਕਸ਼ਮੀਰ ਨੂੰ ਦੇਸ਼ ਨਾਲ ਜੋੜਨ ਦਾ ਸਿੱਧਾ ਅਤੇ ਮੁੱਖ ਸਾਧਨ ਹੈ। ਅੱਜ ਵੀ ਅੰਮ੍ਰਿਤਸਰ ਜ਼ਿਲ੍ਹੇ ਦੀ ਸਿੰਚਾਈ ਦਾ ਜ਼ਿਆਦਾ ਦਾਰੋਮਦਾਰ ਮਾਧੋਪੁਰ ਹੈਡਵਰਕਸ ’ਤੇ ਨਿਰਭਰ ਕਰਦਾ ਹੈ, ਜਿਸ ਦਾ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਿੱਧਾ ਸੰਪਰਕ ਗੁਰਦਾਸਪੁਰ ਜ਼ਿਲ੍ਹੇ ਰਾਹੀਂ ਹੀ ਬਣਦਾ ਹੈ।
ਮੁਸਲਮਾਨ ਭਾਈਚਾਰੇ ਲਈ ਪਨਿਆੜ ਵਿਚ ਲਗਾਇਆ ਰਿਫਿਊਜੀ ਕੈਂਪ
ਜਦੋਂ ਗੁਰਦਾਸਪੁਰ ਨੂੰ ਭਾਰਤ ਦਾ ਹਿੱਸਾ ਐਲਾਨ ਦਿੱਤਾ ਗਿਆ ਤਾਂ ਇਥੇ ਰਹਿੰਦੀ 51 ਫੀਸਦੀ ਦੇ ਕਰੀਬ ਮੁਸਲਮਾਨ ਭਾਈਚਾਰੇ ਦੀ ਆਬਾਦੀ ਨੂੰ ਪਾਕਿਸਤਾਨ ਵਿਚ ਭੇਜਿਆ ਜਾਣਾ ਸੀ, ਜਿਸ ਤੋਂ ਬਾਅਦ ਇਸ ਭਾਈਚਾਰੇ ਦੀ ਸੁਰੱਖਿਆ ਅਤੇ ਹੋਰ ਸਹੂਲਤਾਂ ਲਈ ਪਨਿਆੜ ਵਿਖੇ ਇਕ ਰਿਫਿਊਜੀ ਕੈਂਪ ਲਗਾਇਆ ਗਿਆ, ਜਿਸ ਦੀ ਨਿਗਰਾਨੀ ਲਈ ਭਾਰਤੀ ਫੌਜ ਨੂੰ 24 ਘੰਟੇ ਨਿਗਰਾਨੀ ਕਰਨ ਦੀ ਜਿੰਮੇਵਾਰੀ ਸੌਂਪੀ ਗਈ। ਇਸੇ ਕੈਂਪ ਵਿਚ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰਲਾਲ ਨਹਿਰੂ ਵੀ ਆਏ ਸਨ। ਇਹ ਕੈਂਪ ਕਈ ਮਹੀਨੇ ਤੱਕ ਜਾਰੀ ਰਿਹਾ ਅਤੇ ਜਦੋਂ ਸਾਰੇ ਮੁਸਲਮਾਨ ਆਪਣੀ ਮਰਜ਼ੀ ਅਨੁਸਾਰ ਪਾਕਿਸਤਾਨ ਚਲੇ ਗਏ। ਉਸ ਤੋਂ ਬਾਅਦ ਇਸ ਕੈਂਪ ਨੂੰ ਸਮਾਪਤ ਕੀਤਾ ਗਿਆ। ਗੁਰਦਾਸਪੁਰ ਜ਼ਿਲ੍ਹੇ ਲਈ ਇਹ ਘਟਨਾਕ੍ਰਮ ਬਹੁਤ ਹੀ ਰੋਚਕ ਅਤੇ ਮਹੱਤਵਪੂਰਨ ਸੀ, ਜਿਸ ਬਾਰੇ ਹੁਣ ਕੁਝ ਚੋਣਵੇਂ ਇਤਿਹਾਸਕਾਰਾਂ ਅਤੇ ਆਮ ਲੋਕਾਂ ਨੂੰ ਹੀ ਜਾਣਕਾਰੀ ਹੈ, ਜਦ ਕਿ ਨੌਜਵਾਨ ਪੀੜੀ ਅਤੇ ਵੱਡੀ ਗਿਣਤੀ ਲੋਕਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8