ਓਯਾਰਜ਼ਾਬਲ ਦੇ 2 ਗੋਲ: ਸਪੇਨ ਨੇ 16 ਸਾਲ ਬਾਅਦ ਨਾਕਆਊਟ ਮੈਚ ਜਿੱਤਿਆ

Saturday, Jul 04, 2026 - 02:10 PM (IST)

ਓਯਾਰਜ਼ਾਬਲ ਦੇ 2 ਗੋਲ: ਸਪੇਨ ਨੇ 16 ਸਾਲ ਬਾਅਦ ਨਾਕਆਊਟ ਮੈਚ ਜਿੱਤਿਆ

ਇੰਗਲਵੁੱਡ, (ਏਜੰਸੀ)-ਮਿਸ਼ੇਲ ਓਯਾਰਜ਼ਾਬਲ ਦੇ 2 ਗੋਲਾਂ ਦੀ ਮਦਦ ਨਾਲ ਖਿਤਾਬ ਦੇ ਪ੍ਰਮੁੱਖ ਦਾਅਵੇਦਾਰ ਸਪੇਨ ਨੇ ਆਸਟ੍ਰੀਆ ਨੂੰ 3-0 ਨਾਲ ਹਰਾ ਕੇ 2010 ’ਚ ਚੈਂਪੀਅਨ ਬਣਨ ਤੋਂ ਬਾਅਦ ਪਹਿਲੀ ਵਾਰ ਵਿਸ਼ਵ ਕੱਪ ਫੁੱਟਬਾਲ ਦੇ ਨਾਕਆਊਟ ਰਾਊਂਡ ’ਚ ਕੋਈ ਮੈਚ ਜਿੱਤਿਆ। ਓਯਾਰਜ਼ਾਬਲ ਨੇ 36ਵੇਂ ਤੇ 89ਵੇਂ ਮਿੰਟ ’ਚ ਗੋਲ ਕੀਤੇ। ਇਸ ਵਿਚਾਲੇ ਪੇਡਰੋ ਪੋਰੋ ਨੇ 66ਵੇਂ ਮਿੰਟ ’ਚ ਗੋਲ ਕੀਤਾ, ਜਿਸ ਨਾਲ ਸਪੇਨ ਮੌਜੂਦਾ ਟੂਰਨਾਮੈਂਟ ’ਚ ਹੁਣ ਤੱਕ ਦਾ ਆਪਣਾ ਸਭ ਤੋਂ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਨ ’ਚ ਸਫਲ ਰਿਹਾ। ਉਸ ਨੇ ਫੱੁਟਬਾਲ ’ਤੇ ਪੂਰਾ ਕੰਟਰੋਲ ਬਣਾਈ ਰੱਖਿਆ ਤੇ ਆਪਣੀ ਹਮਲਾਵਰ ਤੇ ਕਲਾਤਮਕ ਖੇਡ ਦਾ ਚੰਗਾ ਨਮੂਨਾ ਪੇਸ਼ ਕੀਤਾ। ਸਪੇਨ ਵਿਰੁੱਧ ਮੌਜੂਦਾ ਵਿਸ਼ਵ ਕੱਪ ’ਚ ਅਜੇ ਤੱਕ ਇਕ ਵੀ ਗੋਲ ਨਹੀਂ ਹੋਇਆ ਹੈ।

ਆਸਟ੍ਰੀਆ ਦੀ ਟੀਮ ਗੋਲਾਂ ’ਤੇ ਇਕ ਵੀ ਸ਼ਾਟ ਨਹੀਂ ਲਾ ਸਕੀ। ਇਸ ਤਰ੍ਹਾਂ ਨਾਲ ਸਪੇਨ ਦਾ ਗੋਲਕੀਪਰ ਉਨਾਈ ਸਾਈਮਨ ਲਗਾਤਾਰ ਚੌਥੇ ਮੈਚ ’ਚ ਕਲੀਨ ਸ਼ੀਟ (ਮੈਚ ’ਚ ਕੋਈ ਗੋਲ ਨਾ ਖਾਣਾ) ਹਾਸਲ ਕਰਨ ’ਚ ਸਫਲ ਰਿਹਾ। ਨੌਜਵਾਨ ਸਟ੍ਰਾਈਕਰ ਲਾਮਿਨ ਯਾਮਲ ਭਾਵੇਂ ਹੀ ਗੋਲ ਨਹੀਂ ਕਰ ਸਕਿਆ ਪਰ ਉਸ ਨੇ ਆਪਣੇ ਪ੍ਰਦਰਸ਼ਨ ਨਾਲ ਪ੍ਰਭਾਵਿਤ ਕੀਤਾ। ਸਪੇਨ ਨੇ ਗੋਲਾਂ ’ਤੇ 10 ਸ਼ਾਟਾਂ ਮਾਰੀਅਾਂ ਜਿਨ੍ਹਾਂ ’ਚ 4 ਸ਼ਾਟਾਂ ਇਸ 18 ਸਾਲਾ ਖਿਡਾਰੀ ਨੇ ਲਾਈਆਂ। ਸੋਫੀ ਸਟੇਡੀਅਮ ’ਚ ਖਚਾਖਚ ਭਰੇ ਸਪੇਨ ਦੇ ਸਮਰਥਕਾਂ ਨੇ ਉਸ ਦਾ ਜ਼ੋਰਦਾਰ ਉਤਸ਼ਾਹ ਵਧਾਇਆ। ਉਹ 85 ਮਿੰਟ ਤੱਕ ਮੈਦਾਨ ’ਤੇ ਰਿਹਾ ਜਿਹੜਾ ਵਰਤਮਾਨ ਟੂਰਨਾਮੈਂਟ ’ਚ ਕਿਸੇ ਮੈਚ ’ਚ ਮੈਦਾਨ ’ਤੇ ਬਿਤਾਈ ਗਈ ਉਸ ਦੀ ਸਭ ਤੋਂ ਜ਼ਿਆਦਾ ਮਿਆਦ ਹੈ। ਸਪੇਨ ਵੱਲੋਂ ਓਯਾਰਜ਼ਾਬਲ ਨੇ ਸ਼ਾਨਦਾਰ ਖੇਡ ਦਿਖਾਈ। ਉਸ ਨੇ 36ਵੇਂ ਮਿੰਟ ’ਚ ਪਹਿਲਾ ਤੇ 89ਵੇਂ ਮਿੰਟ ’ਚ ਫੈਸਲਾਕੁੰਨ ਗੋਲ ਕੀਤਾ। ਮਾਰਕ ਕੁਕੁਰੇਲਾ ਨੇ ਓਯਾਰਜ਼ਾਬਲ ਦੇ ਦੋਵਾਂ ਗੋਲ ’ਚ ਮਦਦ ਕੀਤੀ।

ਆਸਟ੍ਰੀਆ ਦੇ ਗੋਲਕੀਪਰ ਅਲੈਕਜ਼ੈਂਡਰ ਸ਼ਲਾਗਰ ਨੇ 6 ਬਚਾਅ ਕੀਤੇ। ਆਸਟ੍ਰੀਆ ਨੇ 1998 ਤੋਂ ਬਾਅਦ ਪਹਿਲੀ ਵਾਰ ਵਿਸ਼ਵ ਕੱਪ ਦੇ ਨਾਕਆਊਟ ਰਾਊਂਡ ’ਚ ਜਗ੍ਹਾ ਬਣਾਈ ਸੀ। ਕਈ ਸਟਾਰ ਖਿਡਾਰੀਆਂ ਦੀ ਮੌਜੂਦਗੀ ਦੇ ਬਾਵਜੂਦ ਸਪੇਨ ਅਜੇ ਤੱਕ ਉਮੀਦਾਂ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਸਕਿਆ ਸੀ ਪਰ ਉਸ ਨੇ ਸਹੀ ਸਮੇਂ ’ਤੇ ਲੈਅ ਹਾਸਲ ਕਰਕੇ ਫਿਰ ਤੋਂ ਖੁਦ ਨੂੰ ਖਿਤਾਬ ਦਾ ਮਜ਼ਬੂਤ ਦਾਅਵੇਦਾਰ ਬਣਾ ਦਿੱਤਾ ਹੈ। ਪਿਛਲੇ 3 ਵਿਸ਼ਵ ਕੱਪ ’ਚ ਸਪੇਨ 2 ਵਾਰ ਨਾਕਆਊਟ ਪੜਾਅ ’ਚ ਜਦਕਿ ਇਕ ਵਾਰ ਗਰੁੱਪ ਪੜਾਅ ’ਚੋਂ ਬਾਹਰ ਹੋ ਗਿਆ ਸੀ। ਆਸਟ੍ਰੀਆ ਵਿਰੁੱਧ ਉਸ ਨੇ ਚੌਕਸ ਸ਼ੁਰੂਆਤ ਤੋਂ ਬਾਅਦ ਹਮਲਾਵਰ ਰਵੱਈਆ ਅਪਣਾਇਆ। ਸ਼ਲਾਗਰ ਨੇ ਓਯਾਰਜ਼ਾਬਲ ਦੀ ਹੇਠਲੀ ਸ਼ਾਟ ਨੂੰ ਸ਼ਾਨਦਾਰ ਤਰੀਕੇ ਨਾਲ ਬਚਾਇਆ ਪਰ ਇਸ ਦੇ 3 ਮਿੰਟ ਬਾਅਦ ਸਪੇਨ ਦਾ ਖਿਡਾਰੀ ਪੈਨਲਟੀ ਖੇਤਰ ’ਚ ਪਹੁੰਚਿਆ ਤੇ ਕੁਕੁਰੇਲਾ ਦੇ ਪਾਸ ’ਤੇ ਗੋਲ ਕਰਕੇ ਸਪੇਨ ਨੂੰ ਬੜ੍ਹਤ ਦਿਵਾ ਦਿੱਤੀ।

ਇਸ ਤੋਂ ਬਾਅਦ ਇੰਜਰੀ ਟਾਈਮ ’ਚ ਐਲੇਕਸ ਬਾਏਨਾ ਨੇ 25 ਗਜ਼ ਦੀ ਦੂਰੀ ਤੋਂ ਫ੍ਰੀ ਕਿੱਕ ਮਾਰੀ ਜੋ ਕ੍ਰਾਸਬਾਰ ਨਾਲ ਟਕਰਾਅ ਗਈ, ਜਿਸ ਤੋਂ ਬਾਅਦ ਸ਼ਲਾਗਰ ਨੇ ਯਾਮਿਲ ਦੇ ਬਹੁਤ ਕਰੀਬ ਤੋਂ ਲਗਾਈ ਗਈ ਸ਼ਾਟ ਨੂੰ ਬਚਾਇਆ। ਹਾਫ ਟਾਈਮ ਤੋਂ ਬਾਅਦ ਵੀ ਸਪੇਨ ਨੇ ਆਪਣਾ ਦਬਾਅ ਬਣਾਈ ਰੱਖਿਆ। ਇਸ ਦਾ ਉਸ ਨੂੰ ਜਲਦ ਹੀ ਫਾਇਦਾ ਮਿਲਿਆ ਜਦੋਂ ਬਾਏਨਾ ਨੇ ਖੱਬੇ ਪਾਸੇ ਤੋਂ ਹਮਲਾ ਕੀਤਾ ਤੇ ਬਿਨਾਂ ਕਿਸੇ ਮਾਰਕ (ਆਸਪਾਸ ਕੋਈ ਡਿਫੈਂਡਰ ਨਾ ਹੋਣਾ) ਦੇ ਖੜ੍ਹੇ ਪੋਰੋ ਨੂੰ ਪਾਸ ਦਿੱਤਾ, ਜਿਸ ਨੇ ਜ਼ੋਰਦਾਰ ਹੈੱਡਰ ਮਾਰ ਕੇ ਆਪਣਾ ਪਹਿਲਾ ਕੌਮਾਂਤਰੀ ਗੋਲ ਕਰ ਦਿੱਤਾ। ਇਸ ਤੋਂ ਬਾਅਦ ਓਯਾਰਜ਼ਾਬਲ ਨੇ ਕੁਕੁਰੇਲਾ ਦੇ ਇਕ ਹੋਰ ਸ਼ਾਨਦਾਰ ਪਾਸ ਨੂੰ ਗੋਲ ’ਚ ਬਦਲ ਕੇ ਟੂਰਨਾਮੈਂਟ ਦਾ ਆਪਣਾ ਚੌਥਾ ਗੋਲ ਕੀਤਾ ਤੇ ਸਪੇਨ ਦੀ ਆਸਾਨ ਜਿੱਤ ਯਕੀਨੀ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Shubam Kumar

Content Editor

Related News