ਰਾਮੋਸ ਤੇ ਰੋਨਾਲਡੋ ਦੇ ਗੋਲ ਨਾਲ ਪੁਰਤਗਾਲ ਨੇ ਕ੍ਰੋਏਸ਼ੀਆ ਨੂੰ 2-1 ਨਾਲ ਹਰਾਇਆ
Saturday, Jul 04, 2026 - 02:21 PM (IST)
ਟੋਰਾਂਟੋ, (ਏਜੰਸੀ)-ਗੋਨਕਾਲੋ ਰਾਮੋਸ ਨੇ ਦੂਜੇ ਹਾਫ ਦੇ ਇੰਜਰੀ ਟਾਈਮ ’ਚ ਰਾਫੇਲ ਲੀਓ ਦੇ ਪਾਸ ’ਤੇ ਹੈਡਰ ਨਾਲ ਗੋਲ ਕੀਤਾ, ਜਦਕਿ ਕ੍ਰਿਸਟੀਆਨੋ ਰੋਨਾਲਡੋ ਨੇ ਪੈਨਲਟੀ ਕਿੱਕ ਨੂੰ ਗੋਲ ’ਚ ਬਦਲਿਆ ਜਿਸ ਨਾਲ ਪੁਰਤਗਾਲ ਨੇ ਪਿਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਕ੍ਰੋਏਸ਼ੀਆ ਨੂੰ 2-1 ਨਾਲ ਹਰਾ ਕੇ ਵਿਸ਼ਵ ਕੱਪ ਫੁੱਟਬਾਲ ਦੇ ਆਖਰੀ-16 ’ਚ ਪ੍ਰਵੇਸ਼ ਕਰ ਲਿਆ। ਪੁਰਤਗਾਲ ਦੀ ਇਸ ਜਿੱਤ ਨਾਲ ਕ੍ਰੋਏਸ਼ੀਆ ਦੇ ਸਟਾਰ ਖਿਡਾਰੀ ਲੁਕਾ ਮੋਡ੍ਰਿਕ ਦੀ 5ਵੇਂ ਵਿਸ਼ਵ ਕੱਪ ਦੀ ਮੁਹਿੰਮ ਦਾ ਵੀ ਅੰਤ ਹੋ ਗਿਆ। ਕ੍ਰੋਏਸ਼ੀਆ ਨੇ 53ਵੇਂ ਮਿੰਟ ’ਚ ਇਵਾਨ ਪੇਰਿਸਿਚ ਦੇ ਗੋਲ ਨਾਲ ਬੜ੍ਹਤ ਬਣਾਈ, ਜਿਹੜਾ ਉਸ ਨੇ ਜੋਸਿਪ ਸਾਨਿਸਿਚ ਦੇ ਕ੍ਰਾਸ ’ਤੇ ਕੀਤਾ ਸੀ।
ਰੋਨਾਲਡੋ ਨੇ ਪਹਿਲਾਂ 68ਵੇਂ ਮਿੰਟ ’ਚ ਪੈਨਲਟੀ ਕਿੱਕ ’ਤੇ ਗੋਲ ਕਰਕੇ ਸਕੋਰ ਬਰਾਬਰ ਕੀਤਾ ਜਿਹੜਾ ਵਿਸ਼ਵ ਕੱਪ ’ਚ ਨਾਕਆਊਟ ਪੜਾਅ ਦਾ ਉਸ ਦਾ ਪਹਿਲਾ ਗੋਲ ਸੀ ਪਰ ਪੁਰਤਗਾਲ ਦੀ ਜਿੱਤ ਦਾ ਨਾਇਕ ਰਾਮੋਸ ਰਿਹਾ ਜਿਸ ਨੇ ਇੰਜਰੀ ਟਾਈਮ ਦੇ ਚੌਥੇ ਮਿੰਟ ’ਚ ਤਦ ਕੀਤਾ ਗੋਲ ਜਦੋਂ ਲੱਗ ਰਿਹਾ ਸੀ ਕਿ ਮੈਚ ਵਾਧੂ ਸਮੇਂ ਤੱਕ ਖਿੱਚਿਆ ਜਾਵੇਗਾ। ਉਸ ਸਮੇਂ ਰੋਨਾਲਡੋ ਬੈਂਚ ’ਤੇ ਬੈਠਾ ਹੋਇਆ ਸੀ। ਆਖਰੀ ਸੀਟੀ ਵੱਜਣ ਤੋਂ ਪਹਿਲਾਂ ਮੈਚ ਵਿਵਾਦਾਂ ’ਚ ਘਿਰ ਗਿਆ ਕਿਉਂਕਿ ਕ੍ਰੋਏਸ਼ੀਆ ਨੂੰ ਲੱਗਿਆ ਕਿ ਉਸ ਨੇ ਆਖਰੀ ਪਲਾਂ ’ਚ ਸਕੋਰ 2-2 ਨਾਲ ਬਰਾਬਰ ਕਰ ਲਿਆ ਹੈ ਪਰ ਵੀਡੀਓ ਸਮੀਖਿਆ ਤੋਂ ਬਾਅਦ ਮਾਰੀਓ ਪਾਸਾਲਿਚ ਨੂੰ ਆਫ ਸਾਈਡ ਕਰਾਰ ਦਿੱਤਾ ਤੇ ਗੋਲ ਨੂੰ ਨਾਮਨਜ਼ੂਰ ਐਲਾਨ ਦਿੱਤਾ ਗਿਆ। ਕ੍ਰੋਏਸ਼ੀਆ ਦੇ ਪ੍ਰਸ਼ੰਸਕਾਂ ਨੇ ਮੈਦਾਨ ’ਤੇ ਬੋਤਲਾਂ ਸੁੱਟੀਆਂ ਤੇ ਵਿਰੋਧ ’ਚ ਸੀਟੀਆਂ ਵਜਾਈਆਂ। ਪੁਰਤਗਾਲ ਸੋਮਵਾਰ ਨੂੰ ਰਾਊਂਡ ਆਫ 16 ’ਚ ਸਪੇਨ ਦਾ ਸਾਹਮਣਾ ਕਰੇਗਾ। ਮੋਡ੍ਰਿਕ ਨੇ 2018 ਤੇ 2022 ’ਚ ਕ੍ਰੋਏਸ਼ੀਆ ਨੂੰ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ ’ਤੇ ਪਹੁੰਚਾਇਆ ਸੀ ਪਰ ਇਸ ਵਾਰ ਉਹ ਕੋਈ ਖਾਸ ਕਮਾਲ ਨਹੀਂ ਦਿਖਾ ਸਕਿਆ।
ਸਪੇਨ ਦੇ ਗੋਲਕੀਪਰ ਸਾਈਮਨ ਨੇ ਵਿਸ਼ਵ ਕੱਪ ’ਚ ਲਗਾਤਾਰ 519 ਮਿੰਟ ਤੱਕ ਗੋਲ ਨਾ ਖਾਣ ਦਾ ਰਿਕਾਰਡ ਬਣਾਇਆ
ਸਪੇਨ ਦੇ ਗੋਲਕੀਪਰ ਉਨਾਈ ਸਾਈਮਨ ਨੇ ਵਿਸ਼ਵ ਕੱਪ ਫੁੱਟਬਾਲ ਦੇ ਇਤਿਹਾਸ ’ਚ ਸਭ ਤੋਂ ਲੰਬੇ ਸਮੇਂ ਤੱਕ ਗੋਲ ਨਾ ਖਾਣ ਦਾ 36 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ। ਉਸ ਨੇ ਵੀਰਵਾਰ ਨੂੰ ਆਸਟ੍ਰੀਆ ਵਿਰੁੱਧ 3-0 ਦੀ ਜਿੱਤ ’ਚ ਮੌਜੂਦਾ ਵਿਸ਼ਵ ਕੱਪ ’ਚ ਲਗਾਤਾਰ ਚੌਥੀ ਵਾਰ ਕਲੀਨ ਸ਼ੀਟ (ਇਕ ਵੀ ਗੋਲ ਨਾ ਖਾਣਾ) ਹਾਸਲ ਕੀਤੀ। ਸਾਈਮਨ ਦੇ ਇਸ ਰਿਕਾਰਡ ਦੀ ਸ਼ੁਰੂਆਤ ਪਿਛਲੇ ਵਿਸ਼ਵ ਕੱਪ ਤੋਂ ਹੋਈ ਸੀ ਤੇ ਉਸ ਨੇ ਅਜੇ ਤੱਕ ਵਿਸ਼ਵ ਫੁੱਟਬਾਲ ਦੇ ਸਰਵੋਤਮ ਮੰਚ ’ਚ 519 ਮਿੰਟ ਤੱਕ ਕੋਈ ਗੋਲ ਨਹੀਂ ਹੋਣ ਦਿੱਤਾ ਹੈ। ਇਸ ਤਰ੍ਹਾਂ ਨਾਲ ਉਸ ਨੇ ਇਟਲੀ ਦੇ ਮਸ਼ਹੂਰ ਗੋਲਕੀਪਰ ਵਾਲਟਰ ਜ਼ੇਂਗਾ ਦਾ 1990 ’ਚ ਬਣਾਇਆ ਗਿਆ ਰਿਕਾਰਡ ਤੋੜ ਦਿੱਤਾ, ਜਿਸ ਨੇ ਤਦ ਲਗਾਤਾਰ 517 ਮਿੰਟਾਂ ਤੱਕ ਕੋਈ ਗੋਲ ਨਹੀਂ ਹੋਣ ਦਿੱਤਾ ਤੇ 5 ਮੈਚਾਂ ’ਚ ਲਗਾਤਾਰ ਕਲੀਨ ਸ਼ੀਟ ਰੱਖੀ ਸੀ।
ਸਾਈਮਨ ਨੂੰ ਮੌਜੂਦਾ ਵਿਸ਼ਵ ਕੱਪ ’ਚ ਸਰਵੋਤਮ ਗੋਲਕੀਪਰਾਂ ’ਚ ਸ਼ਾਮਲ ਨਹੀਂ ਕੀਤਾ ਗਿਆ ਪਰ ਇਸ 29 ਸਾਲਾ ਖਿਡਾਰੀ ਨੇ ਆਪਣੀ ਸ਼ਾਨਦਾਰ ਖੇਡ ਨਾਲ ਵਿਸ਼ਵ ਕੱਪ ਦੀ ਰਿਕਾਰਡ ਬੁੱਕ ’ਚ ਆਪਣਾ ਨਾਂ ਦਰਜ ਕਰਵਾ ਦਿੱਤਾ। ਸਪੇਨ ਨੇ ਇਸ ਵਿਸ਼ਵ ਕੱਪ ’ਚ ਅਜੇ ਤੱਕ ਇਕ ਵੀ ਗੋਲ ਨਹੀਂ ਖਾਧਾ ਹੈ ਤੇ ਉਸ ਦੇ ਗੋਲਕੀਪਰ ਨੂੰ ਸਿਰਫ 4 ਬਚਾਅ ਕਰਨੇ ਪਏ ਹਨ।
ਪਿਛਲੇ ਲੱਗਭਗ 5 ਸਾਲ ਤੋਂ ਸਾਈਮਨ ਸਪੇਨ ਲਈ ਗੋਲਕੀਪਰ ਦੇ ਤੌਰ ’ਤੇ ਪਹਿਲੀ ਪਸੰਦ ਰਿਹਾ ਹੈ। ਉਸ ਨੇ ਡੇਵਿਡ ਰਾਇਆ ਤੇ ਜੋਨ ਗਾਰਸੀਆ ਤੋਂ ਮੁਕਾਬਲੇ ਦੇ ਬਾਵਜੂਦ ਆਪਣੀ ਜਗ੍ਹਾ ਬਰਕਰਾਰ ਰੱਖੀ ਹੈ। ਸਾਈਮਨ ਤੇ ਸਪੇਨ ਨੇ 2022 ’ਚ ਕਤਰ ’ਚ ਖੇਡੇ ਗਏ ਵਿਸ਼ਵ ਕੱਪ ’ਚ 4 ਮੈਚਾਂ ’ਚ ਸਿਰਫ 3 ਗੋਲ ਖਾਧੇ, ਫਿਰ ਵੀ ਉਸ ਨੂੰ ਟੂਰਨਾਮੈਂਟ ਤੋਂ ਜਲਦੀ ਬਾਹਰ ਹੋਣਾ ਪਿਆ ਸੀ। ਸਾਈਮਨ ਦਾ ਗੋਲ ਨਾ ਖਾਣ ਦਾ ਇਹ ਸਿਲਸਿਲਾ ਸਪੇਨ ਦੀ ਜਾਪਾਨ ਤੋਂ 2-1 ਦੀ ਹਾਰ ਦੌਰਾਨ ਸ਼ੁਰੂ ਹੋਇਆ ਤੇ ਮੋਰੱਕੋ ਦੇ ਨਾਲ ਗੋਲ-ਰਹਿਤ ਡਰਾਅ ਤੱਕ ਜਾਰੀ ਰਿਹਾ। ਮੋਰੱਕੋ ਨੇ ਤਦ ਪੈਨਲਟੀ ਸ਼ੂਟਆਊਟ ’ਚ ਸਾਈਮਨ ਵਿਰੁੱਧ ਆਪਣੇ 4 ਪੈਨਲਟੀ ’ਚੋਂ 3 ਨੂੰ ਗੋਲ ’ਚ ਬਦਲ ਕੇ ਸਪੇਨ ਨੂੰ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
