ਪਹਿਲੀ ਵਾਰ ਫੁੱਟਬਾਲ ਵਿਸ਼ਵ ਕੱਪ ਖੇਡ ਰਹੇ ਕੇਪ ਵਰਡੇ ਨੇ ਕਰ''ਤਾ ਕਮਾਲ ! ਨਾਕਆਊਟ ਸਟੇਜ ''ਚ ਬਣਾਈ ਜਗ੍ਹਾ
Sunday, Jun 28, 2026 - 01:25 PM (IST)
ਸਪੋਰਟਸ ਡੈਸਕ- ਫੀਫਾ ਵਿਸ਼ਵ ਕੱਪ 'ਚ ਇਸ ਵਾਰ ਕਈ ਵੱਡੇ ਉਲਟਫੇਰ ਦੇਖਣ ਨੂੰ ਮਿਲੇ ਹਨ। ਇਸੇ ਦੌਰਾਨ ਪਹਿਲੀ ਵਾਰ ਵਿਸ਼ਵ ਕੱਪ ਖੇਡ ਰਹੇ ਛੋਟੇ ਜਿਹੇ ਅਫਰੀਕੀ ਦੇਸ਼ ਕੇਪ ਵਰਡੇ ਨੇ ਕਮਾਲ ਕਰ ਦਿੱਤਾ ਹੈ। ਟੀਮ ਨੇ ਆਪਣੀ ਸੁਨਹਿਰੀ ਮੁਹਿੰਮ ਜਾਰੀ ਰੱਖਦੇ ਹੋਏ ਇੱਥੇ ਸਾਊਦੀ ਅਰਬ ਵਿਰੁੱਧ ਗੋਲ ਰਹਿਤ ਡਰਾਅ ਖੇਡਿਆ ਤੇ ਇਸ ਤਰ੍ਹਾਂ ਵਿਸ਼ਵ ਕੱਪ ਫੁੱਟਬਾਲ ਦੇ ਨਾਕਆਊਟ ਰਾਊਂਡ ’ਚ ਪਹੁੰਚਣ ਵਾਲਾ ਸਭ ਤੋਂ ਛੋਟਾ ਦੇਸ਼ ਬਣ ਗਿਆ ਹੈ। ਉਸ ਦੀ ਇਹ ਪ੍ਰਾਪਤੀ 40 ਸਾਲਾ ਗੋਲਕੀਪਰ ਵੋਜਿਨ੍ਹਾ ਦੀ ਸ਼ਾਨਦਾਰ ਖੇਡ ਦੇ ਦਮ ’ਤੇ ਸੰਭਵ ਹੋਈ ਹੈ, ਜਿਸ ਨੇ ਆਪਣੇ ਦੇਸ਼ ਦੀ ਦ੍ਰਿੜ੍ਹਤਾ ਦਾ ਪ੍ਰਤੀਕ ਬਣ ਕੇ ਸਭ ਨੂੰ ਪ੍ਰਭਾਵਿਤ ਕੀਤਾ ਹੈ। ਵੋਜਿਨ੍ਹਾ ਨੇ ਕਿਹਾ, "ਸਾਡਾ ਦੇਸ਼ ਖੇਤਰਫਲ ਦੇ ਹਿਸਾਬ ਨਾਲ ਚਾਹੇ ਛੋਟਾ ਹੈ, ਪਰ ਸਾਡੇ ਦਿਲ ਬਹੁਤ ਵੱਡੇ ਹਨ। ਅਸੀਂ ਹਾਰ ਨਹੀਂ ਮੰਨਦੇ। ਅਸੀਂ ਜੁਝਾਰੂ ਹਾਂ।''
ਕੇਪ ਵਰਡੇ ਨੇ ਗਰੁੱਪ-ਐੱਚ ’ਚ ਆਪਣੇ ਤਿੰਨੋਂ ਮੈਚ ਡਰਾਅ ਕਰਵਾਏ ਜਿਸ ਨਾਲ ਉਹ ਸਪੇਨ ਤੋਂ ਬਾਅਦ ਦੂਜੇ ਸਥਾਨ ’ਤੇ ਰਹਿ ਕੇ ਅੱਗੇ ਵਧਣ ’ਚ ਸਫਲ ਰਿਹਾ। ਇਸ ਗਰੁੱਪ ’ਚ ਉਰੂਗਵੇ ਤੇ ਸਾਊਦੀ ਅਰਬ 2-2 ਅੰਕ ਹੀ ਹਾਸਲ ਕਰ ਸਕੇ ਤੇ ਉਹ ਟੂਰਨਾਮੈਂਟ ਤੋਂ ਬਾਹਰ ਹੋ ਗਏ।
ਇਹ ਵੀ ਪੜ੍ਹੋ- FIFA ਵਿਸ਼ਵ ਕੱਪ 'ਚ ਮੈਸੀ ਨੇ ਰਚਿਆ ਇਤਿਹਾਸ ! ਅਜਿਹਾ ਕਰਨ ਵਾਲਾ ਬਣਿਆ ਦੁਨੀਆ ਦਾ ਪਹਿਲਾ ਫੁੱਟਬਾਲਰ
ਜ਼ਿਕਰਯੋਗ ਹੈ ਕਿ ਅਫਰੀਕਾ ਦੇ ਪੱਛਮੀ ਤਟ ’ਤੇ ਸਥਿਤ ਛੋਟਾ ਟਾਪੂ ਦੇਸ਼ ਕੇਪ ਵਰਡੇ ਫੁੱਟਬਾਲ ਦੇ ਸਭ ਤੋਂ ਵੱਡੇ ਮੰਚ ’ਤੇ ਪਹਿਲੀ ਵਾਰ ਖੇਡ ਰਿਹਾ ਹੈ। ਉਸ ਨੇ ਆਪਣੇ ਪਹਿਲੇ ਮੈਚ ’ਚ 2010 ਦੇ ਚੈਂਪੀਅਨ ਸਪੇਨ ਨੂੰ ਗੋਲ ਰਹਿਤ ਡਰਾਅ ’ਤੇ ਰੋਕਿਆ ਸੀ ਤੇ ਫਿਰ ਉਰੂਗਵੇ ਵਿਰੁੱਧ ਪਿਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਮੈਚ 2-2 ਨਾਲ ਬਰਾਬਰ ਕੀਤਾ ਸੀ।
ਕੇਪ ਵਰਡੇ ਲਈ ਇਹ ਬਹੁਤ ਵੱਡੀ ਪ੍ਰਾਪਤੀ ਹੈ। ਉਹ ‘ਰਾਊਂਡ ਆਫ-32’ ’ਚ 3 ਜੁਲਾਈ ਨੂੰ ਮਿਆਮੀ ’ਚ ਮੌਜੂਦਾ ਚੈਂਪੀਅਨ ਅਰਜਨਟੀਨਾ ਦਾ ਸਾਹਮਣਾ ਕਰੇਗਾ। ਵਿਸ਼ਵ ਕੱਪ ’ਚ ਤਿੰਨੋਂ ਗਰੁੱਪ ਮੈਚਾਂ ’ਚ ਡਰਾਅ ਹੋਣ ਨਾਲ ਅਗਲੇ ਦੌਰ ’ਚ ਪਹੁੰਚਣ ਦੀ ਗਾਰੰਟੀ ਨਹੀਂ ਮਿਲਦੀ ਪਰ ਅਤੀਤ ’ਚ ਕਈ ਟੀਮਾਂ ਨੇ ਅਜਿਹਾ ਕੀਤਾ ਹੈ, ਜਿਨ੍ਹਾਂ ’ਚ 1958 ’ਚ ਵੇਲਜ਼, 1990 ’ਚ ਆਇਰਲੈਂਡ ਤੇ ਨੀਦਰਲੈਂਡ ਅਤੇ 1998 ’ਚ ਚਿਲੀ ਸ਼ਾਮਲ ਹਨ। ਨਿਊਜ਼ੀਲੈਂਡ ਨੇ ਵੀ 2010 ਵਿਸ਼ਵ ਕੱਪ ’ਚ ਤਿੰਨੋਂ ਮੈਚ ਡਰਾਅ ਖੇਡੇ ਸਨ ਪਰ ਉਹ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਸੀ। ਹੁਣ ਦੇਖਣਾ ਹੋਵੇਗਾ ਕਿ ਕੇਪ ਵਰਡੇ ਨਾਕਆਊਟ ਸਟੇਜ 'ਚ ਕਿਵੇਂ ਪ੍ਰਦਰਸ਼ਨ ਕਰਦਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
