ਵਿਨੀਸਿਅਸ ਦੇ ਦੋ ਗੋਲ ਤੇ ਗਰੁੱਪ-ਸੀ ’ਚ ਚੋਟੀ ’ਤੇ ਰਿਹਾ ਬ੍ਰਾਜ਼ੀਲ, ਚੈਂਪਨੀਅਨ ਟੀਮ ਨੇ ਸਕਾਟਲੈਂਡ ਨੂੰ 3-0 ਨਾਲ ਹਰਾਇਆ

Friday, Jun 26, 2026 - 01:32 PM (IST)

ਵਿਨੀਸਿਅਸ ਦੇ ਦੋ ਗੋਲ ਤੇ ਗਰੁੱਪ-ਸੀ ’ਚ ਚੋਟੀ ’ਤੇ ਰਿਹਾ ਬ੍ਰਾਜ਼ੀਲ, ਚੈਂਪਨੀਅਨ ਟੀਮ ਨੇ ਸਕਾਟਲੈਂਡ ਨੂੰ 3-0 ਨਾਲ ਹਰਾਇਆ

ਮਿਆਮੀ ਗਾਰਡਨਸ,  (ਏਜੰਸੀ)-ਵਿਨੀਸਿਅਸ ਜੂਨੀਅਰ ਨੇ ਆਪਣਾ ਚਮਤਕਾਰੀ ਪ੍ਰਦਰਸ਼ਨ ਜਾਰੀ ਰੱਖਦੇ ਹੋਏ 2 ਗੋਲ ਕੀਤੇ ਜਦਕਿ ਮੈਥਿਆਸ ਕੁਨਹਾ ਨੇ ਵੀ ਇਕ ਗੋਲ ਕੀਤਾ ਜਿਸ ਨਾਲ 5 ਵਾਰ ਦੀ ਚੈਂਪੀਅਨ ਬ੍ਰਾਜ਼ੀਲ ਨੇ ਸਕਾਟਲੈਂਡ ਨੂੰ 3-0 ਨਾਲ ਹਰਾ ਕੇ ਵਿਸ਼ਵ ਕੱਪ ਫੁੱਟਬਾਲ ਦੇ ਗਰੁੱਪ-ਸੀ ’ਚ ਚੋਟੀ ’ਤੇ ਰਹਿੰਦਿਆਂ ਨਾਕਆਊਟ ਰਾਊਂਡ ’ਚ ਪ੍ਰਵੇਸ਼ ਕਰ ਲਿਆ। ਬ੍ਰਾਜ਼ੀਲ ਨੇ ਗਰੁੱਪ-ਸੀ ’ਚ 2 ਜਿੱਤਾਂ ਤੇ 1 ਡਰਾਅ ਨਾਲ 7 ਅੰਕ ਹਾਸਲ ਕੀਤੇ। ਮੋਰੱਕੋ ਨੇ ਵੀ 7 ਅੰਕਾਂ ਨਾਲ ਗਰੁੱਪ ਪੜਾਅ ਦੀ ਆਪਣੀ ਮੁਹਿੰਮ ਦੀ ਸਮਾਪਤੀ ਕੀਤੀ ਪਰ ਉਹ ਗੋਲ ਫਰਕ ਕਾਰਨ ਬ੍ਰਾਜ਼ੀਲ ਤੋਂ ਬਾਅਦ ਦੂਜੇ ਨੰਬਰ ’ਤੇ ਰਿਹਾ। ਸਕਾਟਲੈਂਡ ਦੇ 3 ਅੰਕ ਹਨ ਤੇ ਉਹ ਤੀਜੇ ਸਥਾਨ ਦੀਅਾਂ ਸਰਵੋਤਮ 8 ਟੀਮਾਂ ’ਚ ਜਗ੍ਹਾ ਬਣਾ ਕੇ ਅਜੇ ਵੀ ਅਗਲੇ ਦੌਰ ’ਚ ਪਹੁੰਚ ਸਕਦਾ ਹੈ। ਵਿਨੀਸਿਅਸ ਨੇ ਬ੍ਰਾਜ਼ੀਲ ਦੇ ਤਿੰਨੋਂ ਗਰੁੱਪ ਮੈਚਾਂ ’ਚ ਗੋਲ ਕੀਤੇ। ਸਕਾਟਲੈਂਡ ਵਿਰੁੱਧ ਉਸ ਨੇ 7ਵੇਂ ਮਿੰਟ ’ਚ ਤੇ ਫਿਰ ਹਾਫ ਟਾਈਮ ਤੋਂ ਠੀਕ ਪਹਿਲਾਂ ਇੰਜਰੀ ਟਾਈਮ ’ਚ ਗੋਲ ਕੀਤਾ। ਕੁਨਹਾ ਨੇ 60ਵੇਂ ਮਿੰਟ ’ਚ ਗੋਲ ਕੀਤਾ। ਵਿਨੀਸਿਅਸ ਵਰਤਮਾਨ ਟੂਰਨਾਮੈਂਟ ’ਚ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੇ ਖਿਡਾਰੀਆਂ ਦੀ ਅੰਕ ਸੂਚੀ ’ਚ ਫਰਾਂਸ ਦੇ ਕਾਇਲਿਆਨ ਐਮਬਾਪੇ ਦੇ 4 ਗੋਲਾਂ ਦੀ ਬਰਾਬਰੀ ’ਤੇ ਆ ਗਿਆ। ਅਰਜਨਟੀਨਾ ਦੇ ਲਿਓਨਿਲ ਮੈਸੀ ਨੇ ਅਜੇ ਤੱਕ ਟੂਰਨਾਮੈਂਟ ’ਚ ਸਭ ਤੋਂ ਜ਼ਿਆਦਾ 5 ਗੋਲ ਕੀਤੇ ਹਨ। ਸਕਾਟਲੈਂਡ 1998 ਤੋਂ ਬਾਅਦ ਪਹਿਲੀ ਵਾਰ ਵਿਸ਼ਵ ਕੱਪ ’ਚ ਖੇਡ ਰਿਹਾ ਹੈ। ਉਹ ਵਿਸ਼ਵ ਕੱਪ ’ਚ ਕੁੱਲ ਮਿਲਾ ਕੇ 9 ਵਾਰ ਹਿੱਸਾ ਲੈ ਚੁੱਕਾ ਹੈ ਪਰ ਕਦੇ ਗਰੁੱਪ ਪੜਾਅ ਤੋਂ ਅੱਗੇ ਨਹੀਂ ਵਧ ਸਕਿਆ।

-ਕਤਰ ’ਤੇ ਜਿੱਤ ਨਾਲ ਬੋਸਨੀਆ-ਹਰਜ਼ੇਗੋਵਿਨਾ ਨੇ ਨਾਕਆਊਟ ’ਚ ਪਹੁੰਚਣ ਦੀ ਉਮੀਦ ਜਿਊਂਦੀ ਰੱਖੀ
ਸਿਏਟਲ- ਐਰਮਿਨ ਮਹਮਿਕ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਬੋਸਨੀਆ-ਹਰਜ਼ੇਗੋਵਿਨਾ ਨੇ ਕਤਰ ਵਿਰੁੱਧ 3-1 ਦੀ ਜਿੱਤ ਦਰਜ ਕਰਕੇ ਵਿਸ਼ਵ ਕੱਪ ਫੁੱਟਬਾਲ ’ਚ ਨਾਕਆਊਟ ਰਾਊਂਡ ’ਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਜਿਊਂਦੀਆਂ ਰੱਖੀਆਂ। ਇਸ ਜਿੱਤ ਨਾਲ ਬੋਸਨੀਆ-ਹਰਜ਼ੇਗੋਵਿਨਾ ਦੇ 3 ਮੈਚ ’ਚੋਂ 4 ਅੰਕ ਰਹੇ ਤੇ ਉਸ ਨੇ ਗਰੁੱਪ-ਬੀ ’ਚ ਤੀਜਾ ਸਥਾਨ ਹਾਸਲ ਕੀਤਾ। ਉਹ ਤੀਜੇ ਸਥਾਨ ’ਤੇ ਰਹਿਣ ਵਾਲੀਅਾਂ ਸਰਵੋਤਮ 8 ਟੀਮਾਂ ’ਚ ਜਗ੍ਹਾ ਬਣਾ ਕੇ ਅਗਲੇ ਦੌਰ ’ਚ ਪਹੁੰਚ ਸਕਦਾ ਹੈ। ਕਤਰ ਦਾ ਇਕ ਅੰਕ ਰਿਹਾ ਤੇ ਉਹ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਹੈ।
ਮੈਚ ਦੇ 80ਵੇਂ ਮਿੰਟ ’ਚ ਗੋਲ ਕਰਨ ਵਾਲੇ 21 ਸਾਲਾ ਮਹਮਿਕ ਨੇ ਲਿਊਮੇਨ ਫੀਲਡ ’ਚ ਟੀਮ ਦੇ ਹਜ਼ਾਰਾਂ ਸਮਰਥਕਾਂ ਨੂੰ ਜਸ਼ਨ ਮਨਾਉਣ ਦੇ ਲਈ ਉਤਸ਼ਾਹਿਤ ਕੀਤਾ। ਉਹ ਪ੍ਰਸ਼ੰਸਕਾਂ ਸਾਹਮਣੇ ਮੈਦਾਨ ਦੇ ਕੋਨੇ ਵੱਲ ਦੌੜਿਆ ਤੇ ਆਪਣੀ ਸੱਜੀ ਮੁੱਠੀ ਹਵਾ ’ਚ ਲਹਿਰਾਈ। ਮੈਚ ਦੇ ਇਕ ਘੰਟੇ ਬਾਅਦ ਬਦਲਵੇਂ ਖਿਡਾਰੀ ਦੇ ਰੂਪ ’ਚ ਮੈਦਾਨ ’ਤੇ ਆਏ ਮਹਮਿਕ ਨੂੰ ਆਪਣੀ ਸ਼ਰਟ ਉਤਾਰਨ ਲਈ ਯੈਲੋ ਕਾਰਡ ਵੀ ਮਿਲਿਆ।
ਬੋਸਨੀਆ ਨੇ ਇਸ ਤੋਂ ਪਹਿਲਾਂ ਸਿਰਫ ਇਕ ਵਾਰ 2014 ’ਚ ਵਿਸ਼ਵ ਕੱਪ ’ਚ ਹਿੱਸਾ ਲਿਆ ਸੀ ਤੇ ਉਹ ਗਰੁੱਪ ਪੜਾਅ ਤੋਂ ਅੱਗੇ ਨਹੀਂ ਵੱਧ ਸਕਿਆ ਸੀ। ਬੋਸਨੀਆ-ਹਰਜ਼ੇਗੋਵਿਨਾ ਦਾ ਭਵਿੱਖ ਗਰੁੱਪ ਪੜਾਅ ਦੇ ਬਾਕੀ ਮੈਚਾਂ ਦੇ ਨਤੀਜਿਆਂ ’ਤੇ ਨਿਰਭਰ ਕਰੇਗਾ।

-ਗਰੁੱਪ-ਬੀ ’ਚ ਚੋਟੀ ’ਤੇ ਰਿਹਾ ਸਵਿਟਜ਼ਰਲੈਂਡ, ਕੈਨੇਡਾ ਹਾਰ ਕੇ ਵੀ ਨਾਕਆਊਟ ਰਾਊਂਡ ’ਚ
ਵੈਨਕੂਵਰ-ਰੁਬੇਨ ਵਰਗਾਸ ਤੇ ਯੋਹਾਨ ਮੰਜ਼ਾਂਬੀ ਦੇ ਗੋਲ ਦੀ ਮਦਦ ਨਾਲ ਸਵਿਟਜ਼ਰਲੈਂਡ ਨੇ ਕੈਨੇਡਾ ਨੂੰ 2-1 ਨਾਲ ਹਰਾ ਕੇ ਵਿਸ਼ਵ ਕੱਪ ਫੁੱਟਬਾਲ ਦੇ ਗਰੁੱਪ-ਬੀ ’ਚ ਪਹਿਲਾ ਸਥਾਨ ਹਾਸਲ ਕੀਤਾ। ਕੈਨੇਡਾ ਇਸ ਮੈਚ ’ਚ ਹਾਰ ਦੇ ਬਾਵਜੂਦ ਸਵਿਟਜ਼ਰਲੈਂਡ ਦੇ ਨਾਲ ਅਗਲੇ ਦੌਰ ’ਚ ਪਹੁੰਚਣ ’ਚ ਸਫਲ ਰਿਹਾ। ਪ੍ਰੌਮਿਸ ਡੇਵਿਡ ਨੇ ਕੈਨੇਡਾ ਦੇ ਲਈ ਮੈਚ ਦੇ ਆਖਿਰ ’ਚ ਇਕ ਗੋਲ ਕੀਤਾ। ਇਸ ਨਾਲ ਕੈਨੇਡਾ ਨੇ ਗਰੁੱਪ-ਬੀ ’ਚ ਸਵਿਟਜ਼ਰਲੈਂਡ ਤੋਂ ਬਾਅਦ ਦੂਜਾ ਸਥਾਨ ਹਾਸਲ ਕੀਤਾ। ਉਸ ਨੇ ਪਹਿਲੀ ਵਾਰ ਨਾਕਆਊਟ ਰਾਊਂਡ ’ਚ ਜਗ੍ਹਾ ਬਣਾਈ। ਸਵਿਟਜ਼ਰਲੈਂਡ 2 ਜੁਲਾਈ ਨੂੰ ਵੈਨਕੂਵਰ ’ਚ ਰਾਊਂਡ ਆਫ-32 ’ਚ ਤੀਸਰੇ ਸਥਾਨ ’ਤੇ ਰਹਿਣ ਵਾਲੀ ਟੀਮ ਦਾ ਸਾਹਮਣਾ ਕਰੇਗਾ।

-ਮੋਰੱਕੋ ਦੀ ਹੈਤੀ ’ਤੇ ਜਿੱਤ ’ਚ ਚਮਕੇ ਰਹਾਨੇ ਤੇ ਯਾਸੀਨ
ਅਟਲਾਂਟਾ- ਸੋਫਿਆਨ ਰਹਾਨੇ ਤੇ ਗੇਸਿਮ ਯਾਸੀਨ ਨੇ ਬਦਲਵੇਂ ਖਿਡਾਰੀ ਦੇ ਰੂਪ ’ਚ ਮੈਦਾਨ ’ਤੇ ਉਤਰ ਕੇ ਸ਼ਾਨਦਾਰ ਖੇਡ ਦਿਖਾਈ, ਜਿਸ ਨਾਲ ਮੋਰੱਕੋ ਨੇ 2 ਵਾਰ ਪਿਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਹੈਤੀ ਨੂੰ 4-2 ਨਾਲ ਹਰਾ ਕੇ ਕੈਰੇਬੀਆਈ ਦੇਸ਼ ਦੀ ਵਿਸ਼ਵ ਕੱਪ ਫੁੱਟਬਾਲ ’ਚ ਪਹਿਲੀ ਵਾਰ ਅੰਕ ਹਾਸਲ ਕਰਨ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ। ਹੈਤੀ ਨੇ ਆਪਣੇ ਤਿੰਨੋਂ ਮੈਚ ਗਵਾਏ ਤੇ ਉਹ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਹੈ।
ਚਾਰ ਸਾਲ ਪਹਿਲਾਂ ਕਤਰ ’ਚ ਵਿਸ਼ਵ ਕੱਪ ਦੇ ਸੈਮੀਫਾਈਨਲ ’ਚ ਪਹੁੰਚਣ ਵਾਲੀ ਪਹਿਲੀ ਅਫਰੀਕੀ ਟੀਮ ਬਣੀ ਮੋਰੱਕੋ ਨੇ 52 ਸਾਲਾਂ ’ਚ ਪਹਿਲੀ ਵਾਰ ਫੁੱਟਬਾਲ ਦੇ ਸਭ ਤੋਂ ਵੱਡੇ ਮੰਚ ’ਤੇ ਖੇਡ ਰਹੀ ਹੈਤੀ ਦੀ ਟੀਮ ਵਿਰੁੱਧ ਦੋ ਵਾਰ ਪਿਛੜਨ ਤੋਂ ਬਾਅਦ ਵਾਪਸੀ ਕੀਤੀ। ਰਹਾਨੇ ਨੇ 78ਵੇਂ ਮਿੰਟ ’ਚ ਮੋਰੱਕੋ ਨੂੰ 3-2 ਨਾਲ ਅੱਗੇ ਕਰ ਦਿੱਤਾ ਤੇ ਯਾਸੀਨ ਨੇ 89ਵੇਂ ਮਿੰਟ ’ਚ ਗੋਲ ਕਰਕੇ ਉਲਟਫੇਰ ਦੀ ਕਿਸੇ ਵੀ ਸੰਭਾਵਨਾ ਨੂੰ ਖਤਮ ਕਰ ਦਿੱਤਾ। ਮੋਰੱਕੋ ਨੂੰ ਫੀਫਾ ਰੈਂਕਿੰਗ ’ਚ ਉਸ ਤੋਂ 74 ਸਥਾਨ ਹੇਠਾਂ ਮੌਜੂਦ ਹੈਤੀ ਨੇ ਸਖਤ ਟੱਕਰ ਦਿੱਤੀ ਹੈ।

-ਮੈਕਸੀਕੋ ਨੇ ਚੈੱਕ ਗਣਰਾਜ ਨੂੰ 3-0 ਨਾਲ ਹਰਾ ਕੇ ਪਹਿਲੀ ਵਾਰ ਗਰੁੱਪ ਪੜਾਅ ਦੇ ਤਿੰਨੇ ਮੈਚ ਜਿੱਤੇ
ਮੈਕਸੀਕੋ ਸਿਟੀ- ਮਾਟੇਓ ਸ਼ਾਵੇਜ਼ ਤੇ ਜੂਲੀਅਨ ਕੁਇਨੋਨਸ ਨੇ ਦੂਸਰੇ ਹਾਫ ਦੀ ਸ਼ੁਰੂਆਤ ’ਚ 6 ਮਿੰਟ ਦੇ ਲਗਾਤਾਰ ਫਰਕ ’ਚ ਗੋਲ ਕੀਤੇ ਜਿਸ ਨਾਲ ਮੈਕਸੀਕੋ ਨੇ ਚੈੱਕ ਗਣਰਾਜ ਨੂੰ 3-0 ਨਾਲ ਹਰਾ ਕੇ ਪਹਿਲੀ ਵਾਰ ਵਿਸ਼ਵ ਕੱਪ ਫੁੱਟਬਾਲ ਦੇ ਗਰੁੱਪ ਪੜਾਅ ਦੇ ਆਪਣੇ ਤਿੰਨੋਂ ਮੈਚ ਜਿੱਤੇ। ਮੈਕਸੀਕੋ ਪਹਿਲਾਂ ਹੀ ਨਾਕਆਊਟ ਰਾਊਂਡ ’ਚ ਆਪਣੀ ਜਗ੍ਹਾ ਪੱਕੀ ਕਰ ਚੁੱਕਾ ਸੀ ਪਰ ਉਸ ਨੇ ਆਪਣਾ ਜੇਤੂ ਰੱਥ ਜਾਰੀ ਰੱਖਦੇ ਹੋਏ ਸ਼ਾਨ ਨਾਲ ਅਗਲੇ ਦੌਰ ’ਚ ਕਦਮ ਰੱਖਿਆ। ਚੈੱਕ ਗਣਰਾਜ ਸਿਰਫ ਇਕ ਅੰਕ ਹੀ ਹਾਸਲ ਕਰ ਪਾਇਆ ਤੇ ਉਹ ਟੂਰਨਾਮੈਂਟ ਤੋਂ ਬਾਹਰ ਹੋ ਗਿਆ। ਆਪਣੇ ਪਹਿਲੇ ਵਿਸ਼ਵ ਕੱਪ ’ਚ ਖੇਡ ਰਹੇ 22 ਸਾਲਾ ਸ਼ਾਵੇਜ਼ ਨੇ 55ਵੇਂ ਮਿੰਟ ’ਚ ਪਹਿਲਾ ਗੋਲ ਕੀਤਾ ਤੇ ਕੁਇਨੋਨੇਸ ਨੇ 61ਵੇਂ ਮਿੰਟ ’ਚ ਟੂਰਨਾਮੈਂਟ ਦਾ ਆਪਣਾ ਦੂਸਰਾ ਗੋਲ ਕੀਤਾ। ਅਲਵਾਰੋ ਫਿਡਾਲਗੋ ਨੇ ਦੂਸਰੇ ਹਾਫ ਦੇ ਇੰਜਰੀ ਟਾਈਮ ’ਚ ਮੈਕਸੀਕੋ ਦੇ ਖਾਤੇ ’ਚ ਇਕ ਗੋਲ ਹੋਰ ਜੋੜਿਆ। ਮੈਕਸੀਕੋ ਦਾ ਇਸ ਤੋਂ ਪਹਿਲਾਂ ਗਰੁੱਪ ਪੜਾਅ ’ਚ ਸਰਵੋਤਮ ਪ੍ਰਦਰਸ਼ਨ 2 ਜਿੱਤਾਂ ਤੇ ਇਕ ਡਰਾਅ ਦਾ ਸੀ, ਜਿਹੜਾ ਉਸ ਨੇ 1986 ਤੇ 2002 ’ਚ ਹਾਸਲ ਕੀਤਾ ਸੀ।

-ਦੱਖਣ ਕੋਰੀਆ ਨੂੰ ਹਰਾ ਕੇ ਪਹਿਲੀ ਵਾਰ ਨਾਕਆਊਟ ਰਾਊਂਡ ’ਚ ਪਹੁੰਚਿਆ ਦੱਖਣ ਅਫਰੀਕਾ
ਗਵਾਡਾਲੂਪ (ਮੈਕਸੀਕੋ)- ਥਾਪੇਲੋ ਮਾਸੇਕੋ ਦੇ ਗੋਲ ਦੀ ਮਦਦ ਨਾਲ ਦੱਖਣੀ ਅਫਰੀਕਾ ਨੇ ਦੱਖਣੀ ਕੋਰੀਆ ਨੂੰ 1-0 ਨਾਲ ਹਰਾ ਕੇ ਪਹਿਲੀ ਵਾਰ ਵਿਸ਼ਵ ਕੱਪ ਦੇ ਨਾਕਆਊਟ ਪੜਾਅ ’ਚ ਪ੍ਰਵੇਸ਼ ਕਰ ਲਿਆ। ਮਾਸੇਕੋ ਨੇ ਤੇਸ਼ਪਾਂਗ ਮੋਰੇਮੀ ਦੇ ਸਟੀਕ ਕਰਾਸ ’ਤੇ 63ਵੇਂ ਮਿੰਟ ’ਚ ਗੋਲ ਕੀਤਾ। ਇਸ ਜਿੱਤ ਨਾਲ ਦੱਖਣੀ ਅਫਰੀਕਾ ਗਰੁੱਪ-ਏ ’ਚ ਮੈਕਸੀਕੋ ਤੋਂ ਬਾਅਦ ਦੂਸਰੇ ਸਥਾਨ ’ਤੇ ਰਿਹਾ। ਮੈਕਸੀਕੋ ਨੇ ਗਰੁੱਪ ਪੜਾਅ ਦੇ ਆਪਣੇ ਤਿੰਨੋਂ ਮੈਚ ਜਿੱਤੇ।
ਦੱਖਣੀ ਅਫਰੀਕਾ 1998, 2002 ’ਚ ਤੇ ਮੇਜ਼ਬਾਨ ਦੇ ਰੂਪ ’ਚ 2010 ’ਚ ਗਰੁੱਪ ਪੜਾਅ ਤੋਂ ਅੱਗੇ ਵਧਣ ’ਚ ਅਸਫਲ ਰਿਹਾ ਸੀ। ਦੱਖਣ ਅਫਰੀਕਾ ਨੇ ਵਿਸ਼ਵ ਕੱਪ ’ਚ ਆਪਣੇ ਪਹਿਲੇ ਮੈਚ ’ਚ ਮੈਕਸੀਕੋ ਹੱੱਥੋਂ 2-0 ਨਾਲ ਹਾਰ ਦਾ ਸਾਹਮਣਾ ਕੀਤਾ ਸੀ ਪਰ ਬਾਅਦ ’ਚ ਚੈੱਕ ਗਣਰਾਜ ਵਿਰੁੱਧ 1-1 ਨਾਲ ਡਰਾਅ ਖੇਡਿਆ ਸੀ।

- ‘ਸਾਡਾ ਹੀਰੋ ਪਰਤ ਆਇਆ’, ਨੇਮਾਰ ਨੇ ਬਦਲਵੇਂ ਖਿਡਾਰੀ ਦੇ ਰੂਪ ’ਚ ਮੌਜੂਦਾ ਵਿਸ਼ਵ ਕੱਪ ’ਚ ਕੀਤਾ ਡੈਬਿਊ

- ਬ੍ਰਾਜ਼ੀਲ ਦੀ ਫੁੱਟਬਾਲ ਦਾ ਨਾਇਕ ਨੇਮਾਰ ਆਖਿਰਕਾਰ ਮੌਜੂਦਾ ਵਿਸ਼ਵ ਕੱਪ ’ਚ ਖੇਡਣ ’ਚ ਸਫਲ ਰਿਹਾ ਜਿਸ ਨਾਲ ਉਸ ਦੀ ਟੀਮ ਨੂੰ ਨਾਕਆਊਟ ਰਾਊਂਡ ਤੋਂ ਪਹਿਲਾਂ ਸਹੀ ਸਮੇਂ ’ਤੇ ਇਕ ਸੁਪਰਸਟਾਰ ਵਾਪਸ ਮਿਲ ਗਿਆ ਹੈ। ਨੇਮਾਰ 76ਵੇਂ ਮਿੰਟ ’ਚ ਜਦੋਂ ਮੈਦਾਨ ’ਤੇ ਉਤਰਿਆ। ਉਸ ਸਮੇਂ ਟੀਮ 3-0 ਨਾਲ ਅੱਗੇ ਸੀ ਤੇ ਅਗਲੇ ਹਫਤੇ ਸ਼ੁਰੂ ਹੋਣ ਵਾਲੇ ਨਾਕਆਊਟ ਪੜਾਅ ’ਚ ਜਗ੍ਹਾ ਪੱਕੀ ਕਰ ਵੱਲ ਕਮਦ ਵਧਾਏ ਸੀ। ਨੇਮਾਰ ਦਾ ਮੈਦਾਨ ’ਤੇ ਆਉਣਾ ਕੋਈ ਹੈਰਾਨੀ ਦੀ ਗੱਲ ਨਹੀਂ ਸੀ। ਬ੍ਰਾਜ਼ੀਲ ਨੇ ਇਸ ਹਫਤੇ ਦੀ ਸ਼ੁਰੂਆਤ ’ਚ ਹੀ ਕਿਹਾ ਸੀ ਕਿ ਉਹ ਇਸ ਮੈਚ ਲਈ ਉਪਲੱਬਧ ਰਹੇਹਾ। ਉਹ ਸੱਜੀ ਪਿੰਡਲੀ ਦੀ ਸੱਟ ਕਾਰਨ ਪਹਿਲੇ ਦੋ ਮੈਚਾਂ ’ਚ ਨਹੀਂ ਖੇਡ ਸਕਿਆ ਸੀ। ਇਹ 2023 ਤੋਂ ਬਾਅਦ ਪਹਿਲਾ ਮੌਕਾ ਸੀ ਜਦੋਂ ਉਹ ਬ੍ਰਾਜ਼ੀਲ ਵੱਲੋਂ ਖੇਡਿਆ। ਨੇਮਾਰ ਮੈਦਾਨ ਛੱਡਣ ਤੋਂ ਪਹਿਲਾਂ ਆਪਣੇ ਪਰਿਵਾਰ ਨਾਲ ਭਾਵੁਕ ਹੋ ਕੇ ਗਲੇ ਮਿਲਿਆ। ਇਸ ਤੋਂ ਬਾਅਦ ਉਸ ਨੇ ਕਿਹਾ, ‘‘ਤਿੰਨ ਸਾਲ ਬਾਅਦ ਫਿਰ ਤੋਂ ਰਾਸ਼ਟਰੀ ਟੀਮ ਦੀ ਜਰਸੀ ਪਹਿਨ ਕੇ ਮੈਂ ਬਹੁਤ ਖੁਸ਼ ਹਾਂ। ਮੈਂ ਸਰੀਰਿਕ ਰੂਪ ਤੋਂ ਬਹੁਤ ਚੰਗਾ ਮਹਿਸੂਸ ਕਰ ਰਿਹਾ ਹਾਂ। ਜ਼ਾਹਿਰ ਹੈ ਇੰਨੇ ਦਿਨਾਂ ਤੱਕ ਬ੍ਰਾਜ਼ੀਲ ਦੀ ਵੱਲੋਂ ਨਾ ਖੇਡ ਸਕਣਾ ਬੇਹੱਦ ਮੁਸ਼ਕਿਲ ਦੌਰ ਸੀ।’’
ਨੇਮਾਰ ਨੇ ਸ਼ੁਰੂਆਤੀ ਲਾਈਨਅੱਪ ’ਚ ਜਗ੍ਹਾ ਨਹੀਂ ਬਣਾਈ ਪਰ ਬ੍ਰਾਜ਼ੀਲ ਦੇ ਕੋਚ ਕਾਰਲੋ ਐਂਸੇਲੋਟੀ ਨੇ ਉਸ ਨੂੰ ਬਦਲਵੇਂ ਖਿਡਾਰੀ ਦੇ ਰੂਪ ’ਚ ਉਤਾਰਿਆ। ਨੇਮਾਰ ਜਦੋਂ ਦੂਸਰੇ ਹਾਫ ਦੌਰਾਨ ‘ਵਾਰਮਅੱਪ’ ਦੇ ਲਈ ਬੈਂਚ ਤੋਂ ਉੱਠ ਕੇ ਸਾਈਡਲਾਈਨ ’ਤੇ ਆਇਆ ਤਾਂ ਦਰਸ਼ਕਾਂ ਨੇ ਨੇਮਾਰ, ਨੇਮਾਰ ਚਿੱਲਾਉਣਾ ਸ਼ੁਰੂ ਕਰ ਦਿੱਤਾ। ਉਸ ਦੇ ਮੈਦਾਨ ’ਚ ਆਉਣ ਅਤੇ ਪਹਿਲੀ ਵਾਰ ਗੇਂਦ ਨੂੰ ਛੂਹਣ ’ਤੇ ਰੌਲਾ ਹੋਰ ਵੀ ਤੇਜ਼ ਹੋ ਗਿਆ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 


author

Shubam Kumar

Content Editor

Related News