ਓਪੇਰਾ ਯੂਰੋ ਰੈਪਿਡ : ਮੈਗਨਸ ਕਾਰਲਸਨ ਨੇ ਬਣਾਈ ਬੜ੍ਹਤ
Monday, Feb 08, 2021 - 12:11 AM (IST)
ਨਾਰਵੇ (ਨਿਕਲੇਸ਼ ਜੈਨ)– ਚੈਂਪੀਅਨ ਚੈੱਸ ਟੂਰ ਦੇ ਤੀਜੇ ਪੜਾਅ 1 ਲੱਖ 50 ਹਜ਼ਾਰ ਡਾਲਰ ਦੀ ਇਨਾਮੀ ਰਾਸ਼ੀ ਵਾਲੇ ਓਪੇਰਾ ਰੈਪਿਡ ਸ਼ਤਰੰਜ ਚੈਂਪੀਅਨਸ਼ਿਪ ਦੇ ਪਹਿਲੇ ਦਿਨ 5 ਰਾਊਂਡ ਖੇਡੇ ਗਏ ਤੇ ਪਹਿਲੇ ਦਿਨ ਦੀ ਖੇਡ ਤੋਂ ਬਾਅਦ ਵਿਸ਼ਵ ਚੈਂਪੀਅਨ ਨਾਰਵੇ ਦੇ ਮੈਗਨਸ ਕਾਰਲਸਨ ਨੇ 4 ਅੰਕ ਬਣਾਉਂਦੇ ਹੋਏ ਸਿੰਗਲ ਬੜ੍ਹਤ ਹਾਸਲ ਕਰ ਲਈ। ਹਾਲਾਂਕਿ ਕਾਰਲਸਨ ਨੂੰ ਪਹਿਲੇ ਹੀ ਮੁਕਾਬਲੇ ਵਿਚ ਅਮਰੀਕਾ ਦੇ ਵੇਸਲੀ ਸੋ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਉਸ ਤੋਂ ਬਾਅਦ ਉਸ ਨੇ ਲਗਾਤਾਰ 4 ਮੁਕਾਬਲਿਆਂ ਵਿਚ ਅਰਮੀਨੀਆ ਦੇ ਲੇਵੋਨ ਅਰੋਨੀਅਨ, ਜਰਮਨੀ ਦੇ ਮੇਥਿਅਸ ਬਲੂਬਮ, ਅਮਰੀਕਾ ਦੇ ਸੈਮ ਸ਼ੰਕਲੰਦ ਤੇ ਦੋਮਿੰਗੇਜ ਪੇਰੇਜ ਨੂੰ ਹਰਾਉਂਦੇ ਹੋਏ ਸ਼ਾਨਦਾਰ ਵਾਪਸੀ ਕੀਤੀ ਤੇ ਪਹਿਲਾ ਸਥਾਨ ਹਾਸਲ ਕਰ ਲਿਆ। ਭਾਰਤ ਦੇ ਵਿਦਿਤ ਗੁਜਾਰਤੀ ਲਈ ਵੀ ਦਿਨ ਦੀ ਸ਼ੁਰੂਆਤ ਹਾਰ ਨਾਲ ਹੋਈ। ਉਸ ਨੂੰ ਪਹਿਲੇ ਰਾਊਂਡ ਵਿਚ ਸ਼ੰਕਲੰਦ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਅਗਲੇ ਹੀ ਰਾਊਂਡ ਵਿਚ ਦੋਮਿੰਗੇਜ ਨੂੰ ਹਰਾ ਕੇ ਉਸ ਨੇ ਖਾਤਾ ਖੋਲ੍ਹਿਆ। ਇਸ ਤੋਂ ਬਾਅਦ ਉਸ ਨੇ ਪੋਲੈਂਡ ਦੇ ਜਾਨ ਡੂਡਾ ਤੇ ਰੂਸ ਦੇ ਅਲੈਗਜ਼ੈਂਡਰ ਗ੍ਰੀਸਚੁਕ ਨਾਲ ਡਰਾਅ ਖੇਡਿਆ ਪਰ ਦਿਨ ਦੇ ਆਖਰੀ ਰਾਊਂਡ ਵਿਚ ਨੀਦਰਲੈਂਡ ਦੇ ਅਨੀਸ਼ ਗਿਰੀ ਹੱਥੋਂ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਪਹਿਲੇ ਦਿਨ ਵਿਦਿਤ 2 ਅੰਕ ਬਣਾ ਸਕਿਆ।
5 ਰਾਊਂਡਾਂ ਤੋਂ ਬਾਅਦ ਕਾਰਲਸਨ 4 ਅੰਕ, ਵੇਸਲੀ ਸੋ ਤੇ ਰੂਸ ਦੇ ਇਯਾਨ ਨੈਪੋਮਨਿਆਚੀ 3.5 ਅੰਕ, ਫਰਾਂਸ ਦੇ ਮੈਕਸਿਮ ਲਾਗ੍ਰੇਵ, ਨੀਦਰਲੈਂਡ ਦਾ ਅਨੀਸ਼ ਗਿਰੀ ਤੇ ਅਜਰਬੈਜਾਨ ਦਾ ਤੈਮੂਰ ਰਦੁਜਾਬੋਵ 3 ਅੰਕ, ਅਮਰੀਕਾ ਦੇ ਨਾਕਾਮੁਰਾ ਤੇ ਸ਼ੰਕਲੰਦ, ਪੋਲੈਂਡ ਦਾ ਜਾਨ ਡੂਡਾ, ਅਰਮੀਨੀਆ ਦਾ ਲੇਵੋਨ ਅਰੋਨੀਅਨ 2.5 ਅੰਕਾਂ ’ਤੇ ਖੇਡ ਰਹੇ ਹਨ। ਭਾਰਤ ਦੇ ਵਿਦਿਤ ਗੁਜਾਰਤੀ ਸਮੇਤ ਰੂਸ ਦੇ ਅਲੈਗਜ਼ੈਂਡਰ ਤੇ ਡੇਨੀਅਲ ਡੁਬੋਵ 2 ਅੰਕਾਂ ’ਤੇ ਹੈ। 15 ਰਾਊਂਡਾਂ ਤੋਂ ਬਾਅਦ ਟਾਪ-8 ਵਿਚ ਜਗ੍ਹਾ ਬਣਾਉਣ ਵਾਲੇ ਖਿਡਾਰੀ ਪਲੇਅ ਆਫ ਵਿਚ ਪਹੁੰਚ ਜਾਣਗੇ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।