ਵਿਨੇਸ਼ ਨੇ WFI ਮੁਖੀ ’ਤੇ ਓਲੰਪਿਕ ’ਚ ਜਾਣ ਤੋਂ ਰੋਕਣ ਦਾ ਦੋਸ਼ ਲਾਇਆ, ਸੰਘ ਨੇ ਦੋਸ਼ਾਂ ਨੂੰ ਨਕਾਰਿਆ

Saturday, Apr 13, 2024 - 10:54 AM (IST)

ਵਿਨੇਸ਼ ਨੇ WFI ਮੁਖੀ ’ਤੇ ਓਲੰਪਿਕ ’ਚ ਜਾਣ ਤੋਂ ਰੋਕਣ ਦਾ ਦੋਸ਼ ਲਾਇਆ, ਸੰਘ ਨੇ ਦੋਸ਼ਾਂ ਨੂੰ ਨਕਾਰਿਆ

ਨਵੀਂ ਦਿੱਲੀ–ਪਹਿਲਵਾਨ ਵਿਨੇਸ਼ ਫੋਗਟ ਨੇ ਸ਼ੁੱਕਰਵਾਰ ਨੂੰ ਦੋਸ਼ ਲਾਇਆ ਕਿ ਭਾਰਤੀ ਕੁਸ਼ਤੀ ਸੰਘ ਉਸਦੇ ਸਹਿਯੋਗੀ ਸਟਾਫ ਨੂੰ ਮਾਨਤਾ ਪੱਤਰ ਜਾਰੀ ਨਾ ਕਰਕੇ ਉਸ ਨੂੰ ਹਰ ਹਾਲ ਵਿਚ ਓਲੰਪਿਕ ਖੇਡਣ ਤੋਂ ਰੋਕਣਾ ਚਾਹੁੰਦਾ ਹੈ ਜਦਕਿ ਸੰਘ ਦਾ ਦਾਅਵਾ ਹੈ ਕਿ ਸਮਾਂ-ਹੱਦ ਖਤਮ ਹੋਣ ਤੋਂ ਬਾਅਦ ਉਸ ਨੇ ਅਪਲਾਈ ਕੀਤਾ ਸੀ। ਵਿਨੇਸ਼ ਨੇ ਆਪਣੇ ਵਿਰੁੱਧ ਡੋਪਿੰਗ ਦੀ ਸਾਜ਼ਿਸ਼ ਰਚੇ ਜਾਣ ਦਾ ਵੀ ਸ਼ੱਕ ਜਤਾਇਆ। 29 ਸਾਲ ਦੀ ਵਿਨੇਸ਼ ਨੇ 2019 ਤੇ 2022 ਵਿਸ਼ਵ ਚੈਂਪੀਅਨਸ਼ਿਪ ਵਿਚ 53 ਕਿਲੋ ਵਿਚ ਕਾਂਸੀ ਤੇ 2018 ਏਸ਼ੀਆਈ ਖੇਡਾਂ ਵਿਚ 550 ਕਿਲੋ ਵਿਚ ਸੋਨ ਤਮਗਾ ਜਿੱਤਿਆ ਸੀ। ਉਹ ਅਗਲੇ ਹਫਤੇ ਕ੍ਰਿਗਿਸਤਾਨ ਦੇ ਬਿਸ਼ਕੇਕ ਵਿਚ ਹੋਣ ਵਾਲੇ ਏਸ਼ੀਆਈ ਕੁਆਲੀਫਾਇੰਗ ਟੂਰਨਾਮੈਂਟ ਰਾਹੀਂ 50 ਕਿਲੋ ਵਿਚ ਓਲੰਪਿਕ ਕੋਟਾ ਹਾਸਲ ਕਰਨਾ ਚਾਹੁੰਦੀ ਹੈ।
ਪਟਿਆਲਾ ਵਿਚ ਚੋਣ ਟ੍ਰਾਇਲ ਵਿਚ ਉਸ ਨੇ 53 ਕਿਲੋ ਵਿਚ ਵੀ ਹਿੱਸਾ ਲਿਆ ਸੀ ਪਰ ਸੈਮੀਫਾਈਨਲ ਵਿਚ ਹਾਰ ਗਈ ਸੀ।
ਭਾਰਤੀ ਕੁਸ਼ਤੀ ਸੰਘ (ਡਬਲਯੂ. ਐੱਫ. ਆਈ.) ਨੇ ਕਿਹਾ ਕਿ ਕੋਚ ਤੇ ਫਿਜ਼ੀਓ ਨੂੰ ਮਾਨਤਾ ਪੱਤਰ ਜਾਰੀ ਕਰਨ ਲਈ ਵਿਨੇਸ਼ ਦੀ ਈਮੇਲ 18 ਮਾਰਚ ਨੂੰ ਮਿਲੀ ਪਰ ਤਦ ਤਕ ਯੂਨਾਈਟਿਡ ਵਰਲਡ ਰੈਸਲਿੰਗ ਨੂੰ ਖਿਡਾਰੀਆਂ, ਕੋਚਾਂ ਤੇ ਮੈਡੀਕਲ ਸਟਾਫ ਦੀ ਸੂਚੀ ਭੇਜੀ ਜਾ ਚੁੱਕੀ ਸੀ। ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 11 ਮਾਰਚ ਸੀ। ਇਕ ਅਧਿਕਾਰੀ ਨੇ ਕਿਹਾ ਕਿ ਸੰਘ ਨੇ 15 ਮਾਰਚ ਨੂੰ ਅਰਜੀਆਂ ਭੇਜੀਆਂ ਕਿਉਂਕਿ ਯੂ. ਡਬਲਯੂ. ਡਬਲਯੂ. ਨੇ ਉਸਦੀ ਅਪੀਲ ’ਤੇ ਕੁਝ ਦਿਨ ਦੀਆਂ ਰਿਆਇਤਾਂ ਦਿੱਤੀਆਂ ਸਨ। ਇਹ ਰਿਆਇਤਾਂ ਇਸ ਲਈ ਮੰਗੀਆਂ ਗਈਆਂ ਸਨ ਕਿਉਂਕਿ ਸਮਾਂ ਹੱਦ ਖਤਮ ਹੋਣ ਦੇ ਆਖਰੀ ਦਿਨ ਹੀ ਟ੍ਰਾਇਲ ਪੂਰੇ ਹੋਏ ਸਨ।
ਵਿਨੇਸ਼ ਨੇ ‘ਐਕਸ’ ਉੱਪਰ ਲੰਬੀ ਪੋਸਟ ਵਿਚ ਲਿਖਿਆ,‘‘ਬ੍ਰਿਜਭੂਸ਼ਣ ਤੇ ਉਸਦੇ ਵੱਲੋਂ ਬਿਠਾਇਆ ਡੰਮੀ ਪ੍ਰਧਾਨ ਸੰਜੇ ਸਿੰਘ ਹਰ ਤਰੀਕੇ ਨਾਲ ਕੋਸ਼ਿਸ਼ ਕਰ ਰਿਹਾ ਹੈ ਕਿ ਕਿਵੇਂ ਮੈਨੂੰ ਓਲੰਪਿਕ ਵਿਚ ਖੇਡਣ ਤੋ ਰੋਕਿਆ ਜਾ ਸਕੇ। ਜਿਹੜੀ ਟੀਮ ਦੇ ਕੋਚ ਲਗਾਏ ਗਏ ਹਨ, ਉਹ ਸਾਰੇ ਬ੍ਰਿਜਭੂਸ਼ਣ ਤੇ ਉਸਦੀ ਟੀਮ ਦੇ ਚਹੇਤੇ ਹਨ ਤਾਂ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉਹ ਮੇਰੇ ਮੈਚ ਦੇ ਦੌਰਾਨ ਮੇਰੇ ਪਾਣੀ ਵਿਚ ਕੁਝ ਮਿਲਾ ਕੇ ਪਿਲਾ ਦੇਣ।’’
ਉਸ ਨੇ ਕਿਹਾ, ‘‘ਜੇਕਰ ਮੈਂ ਅਜਿਹਾ ਕਹਾਂ ਕਿ ਮੈਨੂੰ ਡੋਪ ਵਿਚ ਫਸਾਉਣ ਦੀ ਸਾਜ਼ਿਸ਼ ਹੋ ਸਕਦੀ ਹੈ ਤਾਂ ਗਲਤ ਨਹੀਂ ਹੋਵੇਗਾ। ਸਾਨੂੰ ਮਾਨਸਿਕ ਤੌਰ ’ਤੇ ਤੰਗ-ਪ੍ਰੇਸ਼ਾਨ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਜਾ ਰਹੀ। ਇੰਨੀ ਮਹੱਤਵਪੂਰਨ ਪ੍ਰਤੀਯੋਗਿਤਾ ਤੋਂ ਪਹਿਲਾਂ ਸਾਨੂੰ ਇਸ ਤਰ੍ਹਾਂ ਨਾਲ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ ਜਾਣਾ ਕਿੱਥੋਂ ਤਕ ਜਾਇਜ਼ ਹੈ।’’
ਵਿਨੇਸ਼ ਨੇ ਕਿਹਾ, ‘‘19 ਅਪ੍ਰੈਲ ਨੂੰ ਏਸ਼ੀਆਈ ਓਲੰਪਿਕ ਕੁਆਲੀਫਾਇਰ ਸ਼ੁਰੂ ਹੋ ਰਹੇ ਹਨ। ਮੈਂ ਲਗਾਤਾਰ ਇਕ ਮਹੀਨੇ ਤੋਂ ਭਾਰਤ ਸਰਕਾਰ (ਸਾਈ, ਟਾਪਸ) ਤੇ ਸਾਰਿਆਂ ਨੂੰ ਮੇਰੇ ਕੋਚ ਤੇ ਫਿਜ਼ੀਓ ਦੀ ਮਾਨਤਾ ਲਈ ਅਪੀਲ ਕਰ ਰਹੀ ਹਾਂ। ਮਾਨਤਾ ਪੱਤਰ ਦੇ ਬਿਨਾਂ ਮੇਰੇ ਕੋਚ ਤੇ ਫਿਜ਼ੀਓ ਮੁਕਾਬਲੇਬਾਜ਼ੀ ਕੰਪਲੈਕਸ ਵਿਚ ਮੇਰੇ ਨਾਲ ਨਹੀਂ ਜਾ ਸਕਦੇ ਪਰ ਵਾਰ-ਵਾਰ ਅਪੀਲ ਦੇ ਬਾਵਜੂਦ ਠੋਸ ਜਵਾਬ ਨਹੀਂ ਮਿਲ ਰਿਹਾ ਹੈ। ਕੋਈ ਵੀ ਮਦਦ ਕਰਨ ਨੂੰ ਤਿਆਰ ਨਹੀਂ ਹੈ। ਕੀ ਹਮੇਸ਼ਾ ਅਜਿਹਾ ਹੀ ਖਿਡਾਰੀਆਂ ਦੇ ਭਵਿੱਖ ਦੇ ਨਾਲ ਖੇਡਿਆ ਜਾਂਦਾ ਰਹੇਗਾ।’’
ਡਬਲਯੂ. ਐੱਫ. ਆਈ. ਦੇ ਇਕ ਅਧਿਕਾਰੀ ਨੇ ਕਿਹਾ ਕਿ ਵਿਨੇਸ਼ ਦੇ ਨਿੱਜੀ ਕੋਚ ਤੇ ਫਿਜ਼ੀਓ ਦੇ ਨਾਲ ਜਾਣ ਵਿਚ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ ਪਰ ਅਰਜ਼ੀਆਂ ਭੇਜਣ ਦੀ ਸਮਾਂ-ਹੱਦ ਨਿਕਲ ਜਾਣ ਕਾਰਨ ਹੁਣ ਉਸ ਨੂੰ ਯੂ. ਡਬਲਯੂ. ਡਬਲਯੂ. ਤੋਂ ਖੁਦ ਮਾਨਤਾ ਪੱਤਰ ਲੈਣਾ ਪਵੇਗਾ। ਉਸ ਨੇ ਕਿਹਾ , ‘‘ਉਸਦੀ ਈ-ਮੇਲ ਐਡਹਾਕ ਕਮੇਟੀ ਤੇ ਟਾਰਗੈੱਟ ਓਲੰਪਿਕ ਪੋਡੀਅਮ ਯੋਜਨਾ (ਟਾਪਸ) ਦੇ ਸੀ. ਈ. ਓ. ਦੇ ਧਿਆਨ ਵਿਚ ਹੈ ਹਾਲਾਂਕਿ ਸੰਘ ਨੂੰ ਵੀ ਮਾਰਕ ਕੀਤੀ ਗਈ ਹੈ। ਉਸ ਨੇ 18 ਮਾਰਚ ਨੂੰ ਅਰਜੀ ਭੇਜੀ ਸੀ ਪਰ ਤਦ ਤਕ ਸਹਿਯੋਗੀ ਸਟਾਫ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਸੀ।’’
ਉਸ ਨੇ ਕਿਹਾ ,‘‘ਮੰਤਰਾਲਾ ਜਾਂ ਸਾਈ ਤੋਂ ਕੋਈ ਨਿਰਦੇਸ਼ ਨਹੀਂ ਮਿਲਿਆ ਕਿ ਵਿਨੇਸ਼ ਦੇ ਨਿੱਜੀ ਕੋਚ ਦਾ ਨਾਂ ਵੀ ਸੂਚੀ ਵਿਚ ਜੋੜਿਆ ਜਾਵੇ। ਅਸੀਂ ਕੋਸ਼ਿਸ਼ ਕਰ ਸਕਦੇ ਹਾਂ ਬਸ਼ਰਤੇ ਅਜਿਹੇ ਨਿਰਦੇਸ਼ ਹੁੰਦੇ। ਅਸੀਂ 10 ਖਿਡਾਰੀਆਂ ਦੇ ਨਾਲ 3 ਕੋਚ ਭੇਜ ਸਕਦੇ ਹਾਂ। 9 ਕੋਚ ਪਹਿਲਾਂ ਤੋਂ ਹੀ ਬਿਸ਼ਕੇਕ ਵਿਚ ਏਸ਼ੀਆਈ ਚੈਂਪੀਅਨਸ਼ਿਪ ਲਈ ਹਨ ਤੇ ਇਹ ਹੀ ਏਸ਼ੀਆਈ ਕੁਆਲੀਫਾਇਰ ਲਈ ਵੀ ਰੁਕਣਗੇ, ਜਿਨ੍ਹਾਂ ਵਿਚ 5 ਮਹਿਲਾ ਪਹਿਲਵਾਨ ਹੀ ਹਿੱਸਾ ਲੈ ਰਹੀਆਂ ਹਨ। ਕੀ 5 ਪਹਿਲਵਾਨਾਂ ਲਈ ਤਿੰਨ ਕੋਚ ਕਾਫੀ ਨਹੀਂ ਹਨ।’’
ਉਸ ਨੇ ਕਿਹਾ, ‘‘ਵਾਧੂ ਕੋਚ ਦੀ ਕੀ ਲੋੜ ਹੈ। ਵਿਨੇਸ਼ ਨੂੰ ਨਿੱਜੀ ਕੋਚ ਚਾਹੀਦਾ ਹੈ ਤਾਂ ਉਹ ਯੂ. ਡਬਲਯੂ. ਡਬਲਯੂ. ਤੋਂ ਮਾਨਤਾ ਲੈ ਸਕਦੀ ਹੈ। ਸਾਨੂੰ ਕੋਈ ਇਤਰਾਜ਼ ਨਹੀਂ ਹੈ।’’
ਡਬਲਯੂ. ਐੱਫ. ਆਈ. ਦੇ ਇਕ ਸੂਤਰ ਨੇ ਕਿਹਾ ਕਿ ਵਿਸ਼ਵ ਚੈਂਪੀਅਨਸ਼ਿਪ 2019 ਦੇ ਚਾਂਦੀ ਤਮਗਾ ਜੇਤੂ ਦੀਪਕ ਪੂਨੀਆ ਨੇ ਵੀ ਨਿੱਜੀ ਕੋਚ ਲਿਜਾਣ ਦੀ ਅਪੀਲ ਕੀਤੀ ਸੀ। ਇਸ ਤਰ੍ਹਾਂ ਗ੍ਰੀਕੋ ਰੋਮਨ ਕੋਚ ਅਨਿਲ ਪੰਡਿਤ ਦੀ ਵੀ ਅਪੀਲ ਮਿਲੀ ਸੀ। ਉਸ ਨੇ ਕਿਹਾ, ‘‘ਉਸ ਨੇ ਵੀ ਅਜਿਹੀ ਹੀ ਈ-ਮੇਲ ਭੇਜੀ ਸੀ ਪਰ ਸਾਨੂੰ ਸਰਕਾਰ ਤੋਂ ਕੋਈ ਨਿਰਦੇਸ਼ ਨਹੀਂ ਮਿਲਿਅਾ ਹੈ। ਅਜਿਹਾ ਨਹੀਂ ਹੈ ਕਿ ਸਿਰਫ ਵਿਨੇਸ਼ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸਾਡੇ ਲਈ ਸਾਰੇ ਇਕ ਬਰਾਬਰ ਹਨ।’’
ਵਿਨੇਸ਼ ਦੇਸ਼ ਦੇ ਉਨ੍ਹਾਂ 3 ਚੋਟੀ ਦੇ ਪਹਿਲਵਾਨਾਂ ਵਿਚੋਂ ਇਕ ਹੈ ਜਿਨ੍ਹਾਂ ਨੇ ਡਬਲਯੂ. ਐੱਫ. ਆਈ. ਦੇ ਸਾਬਕਾ ਮੁਖੀ ਬ੍ਰਿਜਭੂਸ਼ਣ ਸ਼ਰਣ ਸਿੰਘ ਵਿਰੁੱਧ ਮਹਿਲਾ ਪਹਿਲਵਾਨਾਂ ਦੇ ਜਿਣਸੀ ਸ਼ੋਸ਼ਣ ਦੇ ਦੋਸ਼ ਲਾ ਕੇ ਪ੍ਰਦਰਸ਼ਨ ਦੀ ਅਗਵਾਈ ਕੀਤੀ ਸੀ। ਦਿੱਲੀ ਪੁਲਸ ਨੇ ਬ੍ਰਿਜਭੂਸ਼ਣ ਵਿਰੁੱਧ ਮਾਮਲਾ ਦਰਜ ਕੀਤਾ ਸੀ ਪਰ ਜੁਲਾਈ ਵਿਚ ਸਥਾਨਕ ਅਦਾਲਤ ਤੋਂ ਉਸ ਨੂੰ ਜ਼ਮਾਨਤ ਮਿਲ ਗਈ ਸੀ।
ਵਿਨੇਸ਼ ਨੇ ਲਿਖਿਆ, ‘‘ਕੀ ਹੁਣ ਦੇਸ਼ ਲਈ ਖੇਡਣ ਜਾਣ ਤੋਂ ਪਹਿਲਾਂ ਵੀ ਸਾਡੇ ਨਾਲ ਸਿਆਸਤ ਹੋਵੇਗਾ ਕਿਉਂਕਿ ਅਸੀਂ ਜਿਣਸੀ ਸ਼ੋਸ਼ਣ ਵਿਰੁੱਧ ਆਵਾਜ਼ ਚੁੱਕੀ ਸੀ। ਕੀ ਸਾਡੇ ਦੇਸ਼ ਵਿਚ ਗਲਤ ਵਿਰੁੱਧ ਆਵਾਜ਼ ਚੁੱਕਣ ਦੀ ਇਹ ਹੀ ਸਜ਼ਾ ਹੈ। ਉਮੀਦ ਹੈ ਕਿ ਦੇਸ਼ ਲਈ ਖੇਡਣ ਜਾਣ ਤੋਂ ਪਹਿਲਾਂ ਤਾਂ ਸਾਨੂੰ ਇਨਸਾਫ ਮਿਲੇਗਾ।’’


author

Aarti dhillon

Content Editor

Related News