ਨਿਊਜ਼ੀਲੈਂਡ ਨੇ ਵਿੰਡੀਜ਼ ਨੂੰ 2-0 ਨਾਲ ਕੀਤਾ ਕਲੀਨ ਸਵੀਪ

Monday, Dec 14, 2020 - 03:04 PM (IST)

ਨਿਊਜ਼ੀਲੈਂਡ ਨੇ ਵਿੰਡੀਜ਼ ਨੂੰ 2-0 ਨਾਲ ਕੀਤਾ ਕਲੀਨ ਸਵੀਪ

ਵੈਲਿੰਗਟਨ (ਵਾਰਤਾ) : ਤੇਜ਼ ਗੇਂਦਬਾਜ਼ ਟਰੇਂਟ ਬੋਲਟ ( 96 ਦੌੜਾਂ ਦੇ ਕੇ 3 ਵਿਕਟ) ਅਤੇ ਨੀਲ ਵੇਗਨਰ ( 54 ਦੌੜਾ ਦੇ ਕੇ ਤਿੰਨ ਵਿਕਟ) ਦੀ ਗੇਂਦਬਾਜ਼ੀ ਨਾਲ ਨਿਊਜ਼ੀਲੈਂਡ ਨੇ ਵੈਸਟਇੰਡੀਜ਼ ਨੂੰ ਦੂਜੇ ਕ੍ਰਿਕਟ ਟੈਸਟ ਦੇ ਚੌਥੇ ਦਿਨ ਸੋਮਵਾਰ ਨੂੰ ਪਾਰੀ ਅਤੇ 12 ਦੌੜਾਂ ਨਾਲ ਹਰਾ ਕੇ 2 ਮੈਚਾਂ ਦੀ ਸੀਰੀਜ਼ 2-0 ਨਾਲ ਜਿੱਤ ਕੇ ਕਲੀਨ ਸਵੀਪ ਕਰ ਲਿਆ। ਨਿਊਜ਼ੀਲੈਂਡ ਨੂੰ ਇਸ ਜਿੱਤ ਨਾਲ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿਚ 120 ਅੰਕ ਮਿਲੇ।

ਵਿੰਡੀਜ਼ ਨੇ ਚੌਥੇ ਦਿਨ 6 ਵਿਕਟਾਂ 'ਤੇ 244 ਦੌੜਾਂ ਨਾਲ ਅੱਗੇ ਖੇਡਣਾ ਸ਼ੁਰੂ ਕੀਤਾ ਪਰ ਉਹ ਪਾਰੀ ਦੀ ਹਾਰ ਨੂੰ ਨਹੀਂ ਟਾਲ ਸਕੀ ਅਤੇ ਉਸ ਦੀ ਪਾਰੀ 317 ਦੌੜਾਂ 'ਤੇ ਢੇਰ ਹੋ ਗਈ। ਇਸ ਜਿੱਤ ਨਾਂਲ ਨਿਊਜ਼ੀਲੈਂਡ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿਚ ਇੰਗਲੈਂਡ ਨੂੰ ਮਾਮੂਲੀ ਅੰਤਰ ਨਾਲ ਪਛਾੜ ਕੇ ਤੀਜੇ ਸਥਾਨ 'ਤੇ ਪਹੁੰਚ ਗਈ ਹੈ ਅਤੇ ਉਨ੍ਹਾਂ ਦੀ ਇਸ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਪੁੱਜਣ  ਦੀਆਂ ਉਮੀਦਾਂ ਵੀ ਵੱਧ ਗਈਆਂ ਹਨ। ਵਿੰਡੀਜ਼ ਖ਼ਿਲਾਫ਼ ਸ਼ਾਨਦਾਰ ਬੱਲੇਬਾਜ਼ੀ ਕਰਣ ਲਈ ਹੇਨਰੀ ਨਿਕੋਲਸ ਨੂੰ ਪਲੇਅਰ ਆਫ ਦਿ ਮੈਚ ਅਤੇ ਕਾਇਲ ਜੈਮਿਸਨ ਨੂੰ ਪਲੇਅਰ ਆਫ ਦਿ ਸੀਰੀਜ਼ ਦਾ ਇਨਾਮ ਦਿੱਤਾ ਗਿਆ।

ਵਿੰਡੀਜ਼ ਵੱਲੋਂ ਕਪਤਾਨ ਜੈਸਨ ਹੋਲਡਰ ਨੇ ਚੌਥੇ ਦਿਨ 60 ਦੌੜਾਂ ਅਤੇ ਜੋਸ਼ੁਆ ਡਾ ਸਿਲਵਾ 25 ਦੌੜਾਂ ਨਾਲ ਅੱਗੇ ਖੇਡਣਾ ਸ਼ੁਰੂ ਕੀਤਾ ਪਰ ਹੋਲਡਰ ਜ਼ਿਆਦਾ ਦੇਰ ਕਰੀਜ਼ 'ਤੇ ਨਹੀਂ ਟਿਕ ਸਕੇ ਅਤੇ ਟਿਮ ਸਾਊਦੀ ਨੇ ਉਨ੍ਹਾਂ ਨੂੰ ਬੋਲਡ ਕਰਕੇ ਉਨ੍ਹਾਂ ਦੀ ਪਾਰੀ ਦਾ ਅੰਤ ਕੀਤਾ। ਹੋਲਡਰ ਨੇ 93 ਗੇਂਦਾਂ ਵਿਚ 8 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 61 ਦੌੜਾਂ ਬਣਾਈਆਂ। ਡਾ. ਸਿਲਵਾ ਨੇ ਇਸ ਦੇ ਬਾਅਦ ਅਲਜਾਰੀ ਜੋਸਫ ਨਾਲ ਪਾਰੀ ਨੂੰ ਅੱਗੇ ਵਧਾਇਆ ਪਰ ਸਾਊਦੀ ਨੇ ਜੋਸਫ ਨੂੰ ਆਊਟ ਕਰ ਦਿੱਤਾ। ਜੋਸਫ ਨੇ 12 ਗੇਂਦਾਂ ਵਿਚ 24 ਦੌੜਾਂ ਦੀ ਪਾਰੀ ਵਿਚ 3 ਚੌਕੇ ਅਤੇ 2 ਛੱਕੇ ਲਗਾਏ। ਜੋਸਫ  ਦੇ ਬਾਅਦ ਡਾ. ਸਿਲਵਾ ਵੀ ਜ਼ਿਆਦਾ ਦੇਰ ਸੰਘਰਸ਼ ਨਹੀਂ ਕਰ ਸਕੇ ਅਤੇ ਵੇਗਨਰ ਦੀ ਗੇਂਦ 'ਤੇ ਆਊਟ ਹੋ ਗਏ। ਉਨ੍ਹਾਂ ਦੇ ਆਊਟ ਹੁੰਦੇ ਹੀ ਵਿੰਡੀਜ਼ ਦੀ ਆਖਰੀ ਉਮੀਦ ਵੀ ਧੂਮਿਲ ਹੋ ਗਈ ਅਤੇ ਉਸ ਨੂੰ ਹਾਰ ਦਾ ਸਾਹਮਣਾ ਕਰਣਾ ਪਿਆ। ਡਾ. ਸਿਲਵਾ ਨੇ 84 ਗੇਂਦਾਂ ਵਿਚ 6 ਚੌਕਿਆਂ ਦੀ ਮਦਦ ਨਾਲ 57 ਦੌੜਾਂ ਬਣਾਈਆਂ। ਵਿੰਡੀਜ਼ ਦੀ ਪਾਰੀ ਵਿਚ ਚੇਮਾਰ ਹੋਲਡਰ 15 ਗੇਂਦਾਂ ਵਿਚ 3 ਚੌਕਿਆਂ ਦੀ ਮਦਦ ਨਾਲ 13 ਦੌੜਾਂ ਬਣਾ ਕੇ ਨਾਬਾਦ ਰਹੇ। ਨਿਊਜ਼ੀਲੈਂਡ ਵੱਲੋਂ ਵੇਗਨਰ ਨੇ 17.1 ਓਵਰ ਵਿਚ 54 ਦੌੜਾਂ ਦੇ ਕੇ 3 ਵਿਕਟ, ਬੋਲਟ ਨੇ 21 ਓਵਰ ਵਿਚ 96 ਦੌੜਾਂ ਦੇ ਕੇ 3 ਵਿਕਟ, ਸਾਊਦੀ ਨੇ 22 ਓਵਰ ਵਿਚ 96 ਦੌੜਾਂ ਦੇ ਕੇ 2 ਵਿਕਟ ਅਤੇ ਜੈਮਿਸਨ ਨੇ 15 ਓਵਰ ਵਿਚ 43 ਦੌੜਾਂ ਦੇ ਕੇ 2 ਵਿਕਟਾਂ ਲਈਆਂ।


author

cherry

Content Editor

Related News