ਨੀਰਜ ਦੀਆਂ ਨਜ਼ਰਾਂ ਵਿਸ਼ਵ ਚੈਂਪੀਅਨਸ਼ਿਪ ’ਚ ਸੋਨ ਤਮਗਾ ਜਿੱਤਣ ’ਤੇ

Saturday, Aug 19, 2023 - 01:41 PM (IST)

ਨੀਰਜ ਦੀਆਂ ਨਜ਼ਰਾਂ ਵਿਸ਼ਵ ਚੈਂਪੀਅਨਸ਼ਿਪ ’ਚ ਸੋਨ ਤਮਗਾ ਜਿੱਤਣ ’ਤੇ

ਬੁਡਾਪੇਸਟ, (ਭਾਸ਼ਾ)– ਭਾਰਤੀ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਦੇ ਤਮਗਿਆਂ ਦੀ ਸ਼੍ਰੇਣੀ ’ਚ ਸਿਰਫ ਵਿਸ਼ਵ ਚੈਂਪੀਅਨਸ਼ਿਪ ਸੋਨ ਤਮਗੇ ਦੀ ਕਮੀ ਹੈ ਤੇ ਹੁਣ ਇਸ ਸੁਪਰ ਸਟਾਰ ਖਿਡਾਰੀ ਦੀਆਂ ਨਜ਼ਰਾਂ ਸ਼ਨੀਵਾਰ ਤੋਂ ਸ਼ੁਰੂ ਹੋਣ ਵਾਲੀ ਇਸ ਪ੍ਰਤੀਯੋਗਿਤਾ ’ਚ ਇਸ ਕਮੀ ਨੂੰ ਪੂਰਾ ਕਰਨ ’ਤੇ ਲੱਗੀਆਂ ਹਨ। ਚੋਪੜਾ (25 ਸਾਲ) ਨੇ ਟੋਕੀਓ ਓਲੰਪਿਕ-2021 ’ਚ ਸੋਨ ਤਮਗਾ ਜਿੱਤਿਆ। 2018 ’ਚ ਏਸ਼ੀਆਈ ਖੇਡਾਂ ਤੇ ਰਾਸ਼ਟਰਮੰਡਲ ਖੇਡਾਂ ’ਚ ਸੋਨ ਤਮਗਾ ਜਿੱਤਣ ਤੋਂ ਬਾਅਦ ਉਹ ਪਿਛਲੇ ਸਾਲ ਡਾਇਮੰਡ ਲੀਗ ਚੈਂਪੀਅਨ ਵੀ ਬਣ ਗਿਆ। ਚੋਪੜਾ ਨੇ ਅਮਰੀਕਾ ’ਚ 2022 ਵਿਸ਼ਵ ਚੈਂਪੀਅਨਸ਼ਿਪ ’ਚ ਚਾਂਦੀ ਤਮਗਾ ਜਿੱਤਿਆ ਸੀ ਤੇ ਉਹ ਇਸ ਵਾਰ ਇੱਥੇ ਸੋਨ ਤਮਗੇ ਦੇ ਦਾਅਵੇਦਾਰਾਂ ’ਚ ਸ਼ਾਮਲ ਹੈ।

ਜੇਕਰ ਚੋਪੜਾ ਵਿਸ਼ਵ ਚੈਂਪੀਅਨਸ਼ਿਪ ’ਚ ਸੋਨ ਤਮਗਾ ਜਿੱਤ ਲੈਂਦਾ ਹੈ ਤਾਂ ਉਹ ਨਿਸ਼ਾਨੇਬਾਜ਼ ਅਭਿਨਵ ਬਿੰਦ੍ਰਾ ਤੋਂ ਬਾਅਦ ਓਲੰਪਿਕ ਤੇ ਵਿਸ਼ਵ ਚੈਂਪੀਅਨਸ਼ਿਪ ਦੀ ਵਿਅਕਤੀਗਤ ਪ੍ਰਤੀਯੋਗਿਤਾ ’ਚ ਪੀਲਾ ਤਮਗਾ ਜਿੱਤਣ ਵਾਲਾ ਦੂਜਾ ਭਾਰਤੀ ਬਣ ਜਾਵੇਗਾ। ਬਿੰਦ੍ਰਾ 2008 ’ਚ ਵਿਅਕਤੀਗਤ ਪ੍ਰਤੀਯੋਗਿਤਾ ਦਾ ਓਲੰਪਿਕ ਸੋਨ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਬਣਿਆ ਸੀ। ਉਸ ਨੇ 2006 ’ਚ ਜਗਰੇਬ ’ਚ 10 ਮੀਟਰ ਏਅਰ ਰਾਈਫਲ ਪ੍ਰਤੀਯੋਗਿਤਾ ’ਚ ਚੋਟੀ ਦਾ ਪੋਡੀਅਮ ਸਥਾਨ ਹਾਸਲ ਕੀਤਾ ਸੀ।

ਇਹ ਵੀ ਪੜ੍ਹੋ : IND vs IRE: ਭਾਰਤ ਨੇ DLS ਮੈਥਡ ਨਾਲ ਜਿੱਤਿਆ ਪਹਿਲਾ T20 ਮੁਕਾਬਲਾ

ਨੀਰਜ ਚੋਪੜਾ ਨੇ ਇਸ ਸੈਸ਼ਨ ’ਚ ਸਿਰਫ 2 ਚੋਟੀ ਪੱਧਰ ਦੀਆਂ ਪ੍ਰਤੀਯੋਗਿਤਾਵਾਂ (ਦੋਹਾ ਤੇ ਲੁਸਾਨੇ ਡਾਇਮੰਡ ਲੀਗ) ’ਚ ਹਿੱਸਾ ਲਿਆ ਹੈ ਤੇ ਦੋਵਾਂ ’ਚ ਉਸ ਨੇ ਸੋਨ ਤਮਗਾ ਜਿੱਤਿਆ। ਡੀ. ਪੀ. ਮਨੂ ਤੇ ਕਿਸ਼ੋਰ ਜੇਨਾ ਵੀ ਪੁਰਸ਼ ਜੈਵਲਿਨ ਥ੍ਰੋਅ ਪ੍ਰਤੀਯੋਗਿਤਾ ’ਚ ਹਿੱਸਾ ਲੈਣ ਵਾਲੇ 2 ਹੋਰ ਭਾਰਤੀ ਹਨ।

ਪੁਰਸ਼ਾਂ ਦੇ ਲੌਂਗ ਜੰਪ ’ਚ ਜੈਸਵਿਨਐਲਡ੍ਰਿਨ ਤੇ ਮੁਰਲੀ ਸ਼੍ਰੀਸ਼ੰਕਰ ਤੋਂ ਉਮੀਦਾਂ

ਪੁਰਸ਼ਾਂ ਦੀ ਲੌਂਗ ਜੰਪ ਪ੍ਰਤੀਯੋਗਿਤਾ ’ਚ ਤਮਗੇ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਜਿਸ ’ਚ ਜੈਸਵਿਨ ਐਲਡ੍ਰਿਨ (8.42 ਮੀਟਰ) ਤੇ ਮੁਰਲੀ ਸ਼੍ਰੀਸ਼ੰਕਰ (8.41 ਮੀਟਰ) ਇਸ ਸੈਸ਼ਨ ’ਚ ਵਿਸ਼ਵ ਸੂਚੀ ਦੀ ਅਗਵਾਈ ਕਰ ਰਹੇ ਹਨ। ਐਲਡ੍ਰਿਨ ਨੇ ਮਾਰਚ ਦੇ ਸ਼ੁਰੂ ’ਚ ਬੇਲਾਰੀ ’ਚ ਸ਼ਾਨਦਾਰ ਜੰਪ ਲਗਾਇਆ ਸੀ ਪਰ ਇਸ ਤੋਂ ਬਾਅਦ ਉਹ 8 ਮੀਟਰ ਨੂੰ ਛੂਹਣ ਲਈ ਜੂਝ ਰਿਹਾ ਹੈ। ਉਸ ਨੇ ਸਵਿਟਜ਼ਰਲੈਂਡ ਦੇ ਬਰਨ ’ਚ ਸਿਟਿਯਸ ਪ੍ਰਤੀਯੋਗਿਤਾ 8.22 ਮੀਟਰ ਨਾਲ ਜਿੱਤੀ ਸੀ। ਸ਼੍ਰੀਸ਼ੰਕਰ ਉਸਦੀ ਤੁਲਨਾ ’ਚ ਕਿਤੇ ਜ਼ਿਆਦਾ ਨਿਰੰਤਰ ਹੈ। ਉਸ ਨੇ ਜੂਨ ’ਚ ਭੁਵਨੇਸ਼ਵਰ ’ਚ 8.41 ਮੀਟਰ ਨਾਲ ਵਿਅਕਤੀਗਤ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ ਤੇ ਉਹ ਬੈਂਕਾਕ ਏਸ਼ੀਆਈ ਚੈਂਪੀਅਨਸ਼ਿਪ ’ਚ 8.37 ਮੀਟਰ ਦੇ ਜੰਪ (ਚਾਂਦੀ ਤਮਗਾ) ਤੋਂ ਬਾਅਦ ਵਿਸ਼ਵ ਚੈਂਪੀਅਨਸ਼ਿਪ ’ਚ ਪ੍ਰਵੇਸ਼ ਕਰ ਰਿਹਾ ਹੈ।

ਇਹ ਵੀ ਪੜ੍ਹੋ : ਅੰਤਿਮ ਪੰਘਾਲ ਨੇ ਰਚਿਆ ਇਤਿਹਾਸ, ਦੋ ਵਾਰ U-20 ਵਿਸ਼ਵ ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣੀ

ਅੜਿੱਕਾ ਦੌੜ ’ਚ ਅਵਿਨਾਸ਼ ਸਾਬਲੇ ਤੋਂ ਚੋਟੀ ਪੱਧਰ ਦੇ ਪ੍ਰਦਰਸ਼ਨ ਦੀ ਉਮੀਦ

ਪੁਰਸ਼ਾਂ ਦੀ 3000 ਮੀਟਰ ਅੜਿੱਕਾ ਦੌੜ ’ਚ ਰਾਸ਼ਟਰੀ ਰਿਕਾਰਡਧਾਰੀ ਅਵਿਨਾਸ਼ ਸਾਬਲੇ ਸਟਾਰ ਖਿਡਾਰੀਆਂ ਵਿਚਾਲੇ ਚੋਟੀ ਪੱਧਰ ਦੇ ਪ੍ਰਦਰਸ਼ਨ ਦੀ ਉਮੀਦ ਕਰੇਗਾ। ਉਹ ਸ਼ਨੀਵਾਰ ਨੂੰ ਹੀਟ ’ਚ ਉਤਰੇਗਾ। ਭਾਰਤ ਦੀ ਮੁਹਿੰਮ ਪੁਰਸ਼ਾਂ ਦੀ 20 ਕਿਲੋਮੀਟਰ ਪੈਦਲ ਚਾਲ ਨਾਲ ਸ਼ਨੀਵਾਰ ਤੋਂ ਸ਼ੁਰੂ ਹੋਵੇਗੀ, ਜਿਸ ’ਚ ਆਕਾਸ਼ਦੀਪ ਸਿੰਘ, ਵਿਕਾਸ ਸਿੰਘ ਤੇ ਪਰਮਜੀਤ ਸਿੰਘ ਹਿੱਸਾ ਲੈਣਗੇ, ਹਾਲਾਂਕਿ ਉਨ੍ਹਾਂ ਤੋਂ ਤਮਗੇ ਦੀ ਆਸ ਬਹੁਤ ਘੱਟ ਹੈ। ਮਹਿਲਾਵਾਂ ਦੀ 20 ਕਿਲੋਮੀਟਰ ਪੈਦਲ ਚਾਲ ’ਚ ਕੋਈ ਵੀ ਭਾਰਤੀ ਨਹੀਂ ਹੋਵੇਗੀ ਕਿਉਂਕਿ ਭਾਵਨਾ ਜਾਟ ਨੂੰ ‘ਸਥਾਨ ਦੀ ਜਾਣਕਾਰੀ ਨਾ ਦੇਣ’ ਦੇ ਕਾਰਨ ਵਾਪਸ ਬੁਲਾ ਲਿਆ ਗਿਆ ਹੈ। ਪ੍ਰਤੀਯੋਗਿਤਾ ਦੇ ਪਹਿਲੇ ਦਿਨ ਸ਼ੈਲੀ ਸਿੰਘ ਮਹਿਲਾਵਾਂ ਦੀ ਲੌਂਗ ਜੰਪ ਪ੍ਰਤੀਯੋਗਿਤਾ ’ਚ ਹਿੱਸਾ ਲਵੇਗੀ ਜਦਕਿ ਅਜੇ ਕੁਮਾਰ ਸਰੋਜ ਪੁਰਸ਼ਾਂ ਦੀ 1500 ਮੀਟਰ ਹੀਟ ’ਚ ਉਤਰੇਗਾ। ਪੁਰਸ਼ਾਂ ਦੀ ਟ੍ਰਿਪਲ ਜੰਪ ਪ੍ਰਤੀਯੋਗਿਤਾ ਦੇ ਕੁਆਲੀਫਿਕੇਸ਼ਨ ’ਚ ਭਾਰਤ ਦੇ ਪ੍ਰਵੀਨ ਚਿੱਤ੍ਰਾਵੇਲ, ਅਬਦੁੱਲ੍ਹਾ ਅਬੂਬਾਕਰ ਤੇ ਐਲਡੋਸ ਪਾਲ ਹਿੱਸਾ ਲੈਣਗੇ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News