ਨੀਰਜ ਚੋਪੜਾ ਪੁਰਤਗਾਲ ਪਹੁੰਚੇ, 10 ਜੂਨ ਨੂੰ ਪ੍ਰਤੀਯੋਗਿਤਾ ’ਚ ਲੈਣਗੇ ਹਿੱਸਾ
Monday, Jun 07, 2021 - 07:53 PM (IST)
ਸਪੋਰਟਸ ਡੈਸਕ— ਓਲੰਪਿਕ ਦੀਆਂ ਤਿਆਰੀਆਂ ’ਚ ਲੱਗੇ ਭਾਰਤੀ ਜੈਵਲਿਨ ਥ੍ਰੋਅਰ ਨੀਰਜ ਚੋਪੜਾ 10 ਜੂਨ ਨੂੰ ਲਿਸਬਨ ’ਚ ਇਕ ਪ੍ਰਤੀਯੋਗਿਤਾ ’ਚ ਹਿੱਸਾ ਲੈਣ ਲਈ ਪੁਰਤਗਾਲ ਪਹੁੰਚ ਚੁੱਕੇ ਹਨ। ਇਸ ਨਾਲ ਉਹ ਇਕ ਸਾਲ ਤੋਂ ਵੀ ਘੱਟ ਸਮੇਂ ਬਾਅਦ ਕੌਮਾਂਤਰੀ ਪ੍ਰਤੀਯੋਗਿਤਾਵਾਂ ’ਚ ਵਾਪਸੀ ਕਰਨਗੇ। ਪਿਛਲੇ ਸਾਲ ਜਨਵਰੀ ’ਚ ਦੱਖਣੀ ਅਫ਼ਰੀਕਾ ’ਚ ਟੋਕੀਓ ਓਲੰਪਿਕ ਲਈ ਕੁਆਲੀਫ਼ਾਈ ਕਰਨ ਦੇ ਬਾਅਦ ਕਿਸੇ ਵੀ ਪ੍ਰਤੀਯੋਗਿਤਾ ’ਚ ਹਿੱਸਾ ਨਾ ਲੈਣ ਵਾਲੇ ਚੋਪੜਾ ਐਤਵਾਰ ਨੂੰ ਲਿਸਬਨ ਪਹੁੰਚੇ। ਉਹ 10 ਜੂਨ ਨੂੰ ਲਿਸਬਨ ਯੂਨੀਵਰਸਿਟੀ ਸਟੇਡੀਅਮ ’ਚ ਮੀਟਿੰਗ ਸਿਟੀ ਆਫ਼ ਲਿਸਬਨ ਪ੍ਰਤੀਯੋਗਿਤਾ ’ਚ ਹਿੱਸਾ ਲੈਣਗੇ।
ਚੋਪੜਾ ਦੇ ਕਰੀਬੀ ਸੂਤਰ ਨੇ ਦੱਸਿਆ, ‘‘ਉਹ ਹੋਰ ਪ੍ਰਤੀਯੋਗਿਤਾਵਾਂ ਦੀ ਵਿਵਸਥਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜਿਸ ’ਚ 22 ਜੂਨ ਨੂੰ ਸਵੀਡਨ ’ਚ ਹੋਣ ਵਾਲੀ ਕਾਰਲਸਟੈਂਡ ਗ੍ਰਾਂ ਪ੍ਰੀ. ਵੀ ਸ਼ਾਮਲ ਹੈ।’’ ਚੋਪੜਾ ਨੇ ਕੁਝ ਹਫ਼ਤੇ ਪਹਿਲਾਂ ਕਿਹਾ ਸੀ ਕਿ ਪ੍ਰਤੀਯੋਗਿਤਾਵਾਂ ’ਚ ਹਿੱਸਾ ਨਾ ਲੈਣ ਕਾਰਨ ਉਨ੍ਹਾਂ ਦੀ ਓਲੰਪਿਕ ਤਿਆਰੀਆਂ ਪ੍ਰਭਾਵਿਤ ਹੋ ਰਹੀਆਂ ਹਨ। ਇਸ 23 ਸਾਲਾ ਖਿਡਾਰੀ ਨੇ ਮਾਰਚ ’ਚ ਪਟਿਆਲਾ ’ਚ ਇੰਡੀਅਨ ਗ੍ਰਾਂ ਪ੍ਰੀ ਤਿੰਨ ’ਚ 88.07 ਮੀਟਰ ਜੈਵਲਿਨ ਸੁੱਟ ਕੇ ਖ਼ੁਦ ਦੇ ਰਾਸ਼ਟਰੀ ਰਿਕਾਰਡ ’ਚ ਸੁਧਾਰ ਕੀਤਾ ਸੀ। ਚੋਪੜਾ ਨੇ ਦੱਖਣੀ ਅਫ਼ਰੀਕਾ ਦੇ ਪੋਚੇਫ਼ਸਟਰੂਮ ’ਚ 87.86 ਮੀਟਰ ਜੈਵਲਿਨ ਸੁੱਟ ਕੇ ਓਲੰਪਿਕ ਲਈ ਕੁਆਲੀਫ਼ਾਈ ਕੀਤਾ ਸੀ।