ਖੁਰਾਕ ਸਪਲਾਈ ਵਿਭਾਗ ਨੇ ਛਾਪੇਮਾਰੀ ਕਰ 10 ਘਰੇਲੂ ਗੈਸ ਸਿਲੰਡਰ ਕੀਤੇ ਜ਼ਬਤ, ਡੀਲਰ ਨੇ ਮੌਕੇ ’ਤੇ ਬੁਲਾਈ ਪੁਲਸ

Thursday, Mar 19, 2026 - 10:32 AM (IST)

ਖੁਰਾਕ ਸਪਲਾਈ ਵਿਭਾਗ ਨੇ ਛਾਪੇਮਾਰੀ ਕਰ 10 ਘਰੇਲੂ ਗੈਸ ਸਿਲੰਡਰ ਕੀਤੇ ਜ਼ਬਤ, ਡੀਲਰ ਨੇ ਮੌਕੇ ’ਤੇ ਬੁਲਾਈ ਪੁਲਸ

ਲੁਧਿਆਣਾ (ਚੋਪੜਾ) : ਐੱਲ.ਪੀ.ਜੀ. ਗੈਸ ਸਿਲੰਡਰ ਦੀ ਭਾਰੀ ਕਿੱਲਤ ਅਤੇ ਕਾਲਾਬਾਜ਼ਾਰੀ ਸਬੰਧੀ ਪੈਦਾ ਹੋਇਆ ਸੰਕਟ ਰੁਕਣ ਦਾ ਨਾਮ ਨਹੀਂ ਲੈ ਰਿਹਾ। ਹਾਲਾਤ ਇਹ ਬਣੇ ਹੋਏ ਹਨ ਕਿ ਵੱਖ-ਵੱਖ ਕਮਰਸ਼ੀਅਲ ਥਾਵਾਂ ’ਤੇ ਘਰੇਲੂ ਗੈਸ ਸਿਲੰਡਰਾਂ ਦੀ ਦੁਰਵਰਤੋਂ ਹੋਣ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ, ਜਿਸ ਸਬੰਧੀ ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਵੱਲੋਂ ਵੱਖ-ਵੱਖ ਢਾਬਿਆਂ ਅਤੇ ਖਾਣ-ਪੀਣ ਦੀਆਂ ਰੇਹੜੀਆਂ ’ਤੇ ਛਾਪੇਮਾਰੀਆਂ ਕਰਦੇ ਹੋਏ 10 ਘਰੇਲੂ ਗੈਸ ਸਿਲੰਡਰ ਜ਼ਬਤ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਈਸਟ ਅਤੇ ਵੈਸਟ ਜ਼ੋਨ ਦੇ ਕੰਟ੍ਰੋਲਰਾਂ ਦੀ ਅਗਵਾਈ ਵਿਚ ਬਣਾਈ ਵਿਭਾਗੀ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਟੀਮ ਵੱਲੋਂ ਖੰਨਾ ਇਲਾਕੇ ਵਿਚ ਘਰੇਲੂ ਗੈਸ ਸਿਲੰਡਰਾਂ ਦੀ ਦੁਰਵਰਤੋਂ ਦੇ ਮਾਮਲੇ ਵਿਚ ਤਾਬੜਤੋੜ ਕਾਰਵਾਈਆਂ ਕੀਤੀਆਂ ਗਈਆਂ ਹਨ, ਜਿਸ ਵਿਚ ਖੁਰਾਕ ਸਪਲਾਈ ਵਿਭਾਗ ਦੇ ਏ.ਐੱਫ.ਐੱਸ.ਓ. ਹਰਭਜਨ ਸਿੰਘ ਸਮੇਤ ਇੰਸਪੈਕਟਰ ਪਰਮਿੰਦਰ ਸਿੰਘ ਅਤੇ ਰਾਜਨ ਸਿੰਗਲਾ ਨੇ ਕਾਰਵਾਈ ਕਰਦਿਆਂ ਕਮਰਸ਼ੀਅਲ ਥਾਵਾਂ ’ਤੇ ਘਰੇਲੂ ਗੈਸ ਸਿਲੰਡਰਾਂ ਦੀ ਹੋ ਰਹੀ ਦੁਰਵਰਤੋਂ ਨੂੰ ਲੈ ਕੇ 10 ਗੈਸ ਸਿਲੰਡਰ ਕਬਜ਼ੇ ਵਿਚ ਲੈਂਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਦੂਜੇ ਪਾਸੇ ਖੁਰਾਕ ਸਪਲਾਈ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਅਗਵਾਈ ਵਿਚ ਵਿਭਾਗੀ ਮੁਲਾਜ਼ਮਾਂ ਵੱਲੋਂ ਕਈ ਗੈਸ ਏਜੰਸੀਆਂ ਅਤੇ ਗੋਦਾਮਾਂ ’ਤੇ ਚੈਕਿੰਗ ਮੁਹਿੰਮ ਚਲਾਉਂਦੇ ਹੋਏ ਰਿਕਾਰਡ ਚੈੱਕ ਕੀਤਾ ਗਿਆ, ਜਿਸ ਵਿਚ ਮੁੱਖ ਤੌਰ ’ਤੇ ਮੋਨਿਕਾ ਗੈਸ ਸਰਵਿਸ, ਭਵਕਨ ਇੰਡੇਨ ਗੈਸ ਅਤੇ ਸ਼੍ਰੀ ਬਾਲਾਜੀ ਗੈਸ ਏਜੰਸੀ ’ਤੇ ਦੱਬੇ ਪੈਰੀਂ ਪੁੱਜ ਕੇ ਚੈਕਿੰਗ ਕੀਤੀ ਗਈ। ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਜਾਂਚ ਦੌਰਾਨ ਗੈਸ ਏਜੰਸੀਆਂ ’ਤੇ ਕਿਸੇ ਤਰ੍ਹਾਂ ਦੀ ਕੋਈ ਖਾਮੀ ਨਹੀਂ ਪਾਈ ਗਈ।

ਇਹ ਵੀ ਪੜ੍ਹੋ : ਵੱਡੀ ਵਾਰਦਾਤ! ਕਿਸਾਨ ਦਾ ਸਿਰ 'ਚ ਕੁਹਾੜੀ ਮਾਰ ਕੇ ਬੇਰਹਿਮੀ ਨਾਲ ਕਤਲ

ਭਵਕਨ ਗੈਸ ਏਜੰਸੀ ’ਤੇ ਲੋਕਾਂ ਨੇ ਕੀਤਾ ਹੰਗਾਮਾ

ਖੁਰਾਕ ਸਪਲਾਈ ਵਿਭਾਗ ਦੀ ਰਿਪੋਰਟ ਮੁਤਾਬਕ ਗਿਆਸਪੁਰਾ ਇਲਾਕੇ ਦੀ ਭਵਕਨ ਇੰਡੇਨ ਗੈਸ ਕੰਪਨੀ ’ਤੇ ਕੁਝ ਲੋਕਾਂ ਵੱਲੋਂ ਹੰਗਾਮਾ ਖੜ੍ਹਾ ਕਰ ਦਿੱਤਾ ਗਿਆ ਕਿਉਂਕਿ ਗੈਸ ਕੰਪਨੀ ਦੀਆਂ ਸ਼ਰਤਾਂ ਦੇ ਮੁਤਾਬਕ ਖਪਤਕਾਰਾਂ ਨੂੰ ਘਰਾਂ ਵਿਚ ਕਰੀਬ 5 ਸਾਲ ਪਹਿਲਾਂ ਲੱਗੀ ਸੁਰੱਖਿਆ ਪਾਈਪ ਲਾਈਨ ਜੋ ਕਿ ਖਸਤਾਹਾਲ ਹੋਣ ਕਾਰਨ ਬਦਲੀ ਜਾਣੀ ਜ਼ਰੂਰੀ ਹੈ, ਜਿਸ ਸਬੰਧੀ ਏਜੰਸੀ ਦੇ ਮਾਲਕ ਵੱਲੋਂ ਖਪਤਕਾਰਾਂ ਨੂੰ ਪਾਈਪ ਲਾਈਨ ਬਦਲਵਾਉਣ ਲਈ ਕਿਹਾ ਗਿਆ ਸੀ ਪਰ ਇਸ ਮਾਮਲੇ ’ਤੇ ਖਪਤਕਾਰਾਂ ਵੱਲੋਂ ਹੰਗਾਮਾ ਖੜ੍ਹਾ ਕਰ ਦਿੱਤਾ ਗਿਆ ਜਿਸ ਨੂੰ ਧਿਆਨ ਵਿਚ ਰੱਖਦੇ ਹੋਏ ਏਜੰਸੀ ਮਾਲਕ ਵੱਲੋਂ ਮੌਕੇ ’ਤੇ ਪੁਲਸ ਅਤੇ ਖੁਰਾਕ ਸਪਲਾਈ ਵਿਭਾਗ ਦੇ ਮੁਲਾਜ਼ਮਾਂ ਨੂੰ ਬੁਲਾਇਆ ਗਿਆ।

ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਖੁਰਾਕ ਸਪਲਾਈ ਵਿਭਾਗ ਦੇ ਮੁਲਾਜ਼ਮਾਂ ਨੇ ਦਾਅਵਾ ਕੀਤਾ ਹੈ ਕਿ ਮੌਕੇ ’ਤੇ ਕੀਤੀ ਗਈ ਜਾਂਚ ਦੌਰਾਨ ਪਾਇਆ ਗਿਆ ਹੈ ਕਿ ਜਿਨ੍ਹਾਂ ਖਪਤਕਾਰਾਂ ਦੇ ਘਰਾਂ ਵਿਚ 5 ਸਾਲ ਪਹਿਲਾਂ ਸੁਰੱਖਿਆ ਪਾਈਪ ਲਾਈਨ ਬਦਲੀ ਗਈ ਸੀ, ਉਸ ਨੂੰ ਸੁਰੱਖਿਆ ਕਾਰਨ ਬਦਲਣਾ ਅੱਤ ਜ਼ਰੂਰੀ ਹੈ, ਜਿਸ ਸਬੰਧੀ ਭਵਕਨ ਗੈਸ ਏਜੰਸੀ ਦੇ ਡੀਲਰ ਵੱਲੋਂ ਸਬੰਧਤ ਖਪਤਕਾਰਾਂ ਨੂੰ ਪਾਈਪ ਬਦਲਵਾਉਣ ਸਬੰਧੀ ਕਿਹਾ ਗਿਆ ਹੈ। ਇਸ ਮਾਮਲੇ ਸਬੰਧੀ ਕੁਝ ਖਪਤਕਾਰਾਂ ਵੱਲੋਂ ਸਿਰਫ ਚੰਦ ਪੈਸੇ ਬਚਾਉਣ ਦੇ ਲਾਲਚ ਵਿਚ ਹੰਗਾਮਾ ਖੜ੍ਹਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਟੋਲ ਪਲਾਜ਼ਾ 'ਤੇ ਕੀਤੀ ਇਹ ਗਲਤੀ ਤਾਂ 72 ਘੰਟਿਆਂ 'ਚ ਦੁੱਗਣੇ ਭਰਨੇ ਪੈਣਗੇ ਪੈਸੇ ! ਇਹ ਨਵੇਂ ਨਿਯਮ ਵੀ ਹੋਏ ਜਾਰੀ

ਜ਼ਿਲ੍ਹਾ ਪ੍ਰਸ਼ਾਸਨ ਨੇ ਜਾਰੀ ਕੀਤੇ ਨਵੇਂ ਹੁਕਮ

ਜ਼ਿਲਾ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਨਵੇਂ ਹੁਕਮਾਂ ਮੁਤਾਬਕ ਵਪਾਰਕ ਗੈਸ ਸਿਲੰਡਰ ਦੀ ਸਪਲਾਈ ਕੁਝ ਚੁਣੀਆਂ ਹੋਈਆਂ ਥਾਵਾਂ ’ਤੇ ਬਹਾਲ ਕਰ ਦਿੱਤੀ ਗਈ ਹੈ, ਜਿਸ ਵਿਚ ਮੁੱਖ ਤੌਰ ’ਤੇ ਸਕੂਲ, ਹਸਪਤਾਲ ਅਤੇ ਵਿਆਹ-ਸ਼ਾਦੀਆਂ ਵਾਲੇ ਘਰਾਂ ਨੂੰ ਖਾਸ ਜਗ੍ਹਾ ਦਿੱਤੀ ਗਈ ਹੈ। ਜਾਣਕਾਰੀ ਦਿੰਦੇ ਹੋਏ ਅਰੁਣ ਗੈਸ ਸਰਵਿਸ ਦੇ ਮੁਖੀ ਅਰੁਣ ਅਗਰਵਾਲ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਇਸ ਮਾਮਲੇ ’ਤੇ ਕੁਝ ਨਿਯਮ ਅਤੇ ਸ਼ਰਤਾਂ ਲਾਗੂ ਕੀਤੀਆਂ ਗਈਆਂ ਹਨ, ਜਿਸ ਵਿਚ ਸਕੂਲਾਂ ਅਤੇ ਹਸਪਤਾਲਾਂ ਵਿਚ ਖਾਣਾ ਬਣਾਉਣ ਸਮੇਤ ਵਿਆਹ ਵਾਲੇ ਘਰਾਂ ਵਿਚ 5 ਕਿਲੋ ਵਾਲੇ ਕਮਰਸ਼ੀਅਲ ਗੈਸ ਸਿਲੰਡਰਾਂ ਦੀ ਸਪਲਾਈ ਦੇਣਾ ਯਕੀਨੀ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਜ਼ਿਲਾ ਪ੍ਰਸ਼ਾਸਨ ਤੋਂ ਈਮੇਲ ਜ਼ਰੀਏ ਆਗਿਆ ਲੈਣ ਸਮੇਤ ਆਨਲਾਈਨ ਪੇਮੈਂਟ ਕਰਨਾ ਜ਼ਰੂਰੀ ਹੋਵੇਗਾ। ਨਿਯਮਾਂ ਮੁਤਾਬਕ ਵਿਆਹ ਵਾਲੇ ਘਰਾਂ ਵਿਚ 5 ਕਿਲੋ ਵਾਲੇ 6 ਗੈਸ ਸਿਲੰਡਰ ਜਾਰੀ ਕੀਤੇ ਜਾ ਸਕਦੇ ਹਨ ਅਤੇ ਅੱਗੇ ਚੱਲ ਕੇ ਜਿਸ ਤਰ੍ਹਾਂ ਸਰਕਾਰ ਜਾਂ ਜ਼ਿਲਾ ਪ੍ਰਸ਼ਾਸਨ ਵੱਲੋਂ ਹੁਕਮ ਜਾਰੀ ਕੀਤੇ ਜਾਣਗੇ, ਉਸ ਦੀ ਪਾਲਣਾ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News