ਮੈਟ ਨੇ ਜਿੱਤਿਆ ਇੰਡੀਅਨ ਓਪਨ ਗੋਲਫ ਟੂਰਨਾਮੈਂਟ, 7ਵੇਂ ਸਥਾਨ ''ਤੇ ਰਿਹਾ ਸ਼ੁਭੰਕਰ

03/11/2018 11:41:02 PM

ਗੁਰੂਗ੍ਰਾਮ— ਭਾਰਤੀ ਗੋਲਫ ਦੀ ਨਵੀਂ ਸਨਸਨੀ ਸ਼ੁਭੰਕਰ ਸ਼ਰਮਾ 17 ਲੱਖ 50 ਹਜ਼ਾਰ ਡਾਲਰ ਦੀ ਇਨਾਮੀ ਰਾਸ਼ੀ ਵਾਲੇ ਹੀਰੋ ਇੰਡੀਅਨ ਓਪਨ ਗੋਲਫ ਟੂਰਨਾਮੈਂਟ ਦੇ ਚੌਥੇ ਤੇ ਆਖਰੀ ਦਿਨ ਐਤਵਾਰ ਡੀ. ਐੱਲ. ਐੱਫ. ਗੋਲਫ ਐਂਡ ਕੰਟਰੀ ਕਲੱਬ ਵਿਚ 3 ਓਵਰ 75 ਦਾ ਨਿਰਾਸ਼ਾਜਨਕ ਕਾਰਡ ਖੇਡ ਕੇ ਸਾਂਝੇ ਤੌਰ 'ਤੇ 7ਵੇਂ ਸਥਾਨ 'ਤੇ ਰਿਹਾ।
21 ਸਾਲ ਦਾ ਸ਼ੁਭੰਕਰ ਤੀਜੇ ਰਾਊਂਡ ਤੋਂ ਬਾਅਦ ਸਾਂਝੀ ਬੜ੍ਹਤ 'ਤੇ ਸੀ ਪਰ ਆਖਰੀ ਰਾਊਂਡ ਨੇ ਉਸ ਦਾ ਤੀਜਾ ਯੂਰਪੀਅਨ ਟੂਰ ਖਿਤਾਬ ਜਿੱਤਣ ਦੀਆਂ ਉਮੀਦਾਂ ਤੋੜ ਦਿੱਤੀਆਂ। ਹਾਲ ਹੀ ਵਿਚ ਮੈਕਸੀਕੋ ਵਿਸ਼ਵ ਚੈਂਪੀਅਨਸ਼ਿਪ ਵਿਚ ਸਾਂਝੇ ਤੌਰ 'ਤੇ 9ਵਾਂ ਸਥਾਨ ਹਾਸਲ ਕਰਨ ਵਾਲੇ ਤੇ ਮਾਸਟਰਸ ਦਾ ਸੱਦਾ ਹਾਸਲ ਕਰਨ ਵਾਲੇ ਸ਼ੁਭੰਕਰ ਨੇ ਦੂਜੇ ਰਾਊਂਡ ਵਿਚ 64 ਦਾ ਕਾਰਡ ਖੇਡ ਕੇ ਨਵਾਂ ਕੋਰਸ ਰਿਕਾਰਡ ਬਣਾਇਆ ਸੀ ਤੇ ਸਾਂਝੇ ਤੌਰ 'ਤੇ 57 ਸਥਾਨਾਂ ਦੀ ਛਲਾਂਗ ਨਾਲ ਦੂਜੇ ਸਥਾਨ 'ਤੇ ਪਹੁੰਚਿਆ ਸੀ।
ਤੀਜੇ ਰਾਊਂਡ ਤੋਂ ਬਾਅਦ ਉਹ ਸਾਂਝੀ ਬੜ੍ਹਤ 'ਤੇ ਪਹੁੰਚ ਗਿਆ ਸੀ ਪਰ ਚੌਥੇ ਰਾਊਂਡ ਤੋਂ ਬਾਅਦ ਉਹ ਚਾਰ ਅੰਡਰ 284 ਦੇ ਸਕੋਰ ਨਾਲ ਸਾਂਝੇ ਤੌਰ 'ਤੇ ਸੱਤਵੇਂ ਸਥਾਨ 'ਤੇ ਰਹਿ ਗਿਆ। ਸ਼ੁਭੰਕਰ ਨੂੰ ਇਸ ਪ੍ਰਦਰਸ਼ਨ ਤੋਂ 48,125 ਡਾਲਰ ਮਿਲੇ। ਸ਼ੁਭੰਕਰ ਦੇ ਨਾਲ ਸਾਂਝੀ ਬੜ੍ਹਤ 'ਤੇ ਚੱਲ ਰਹੇ ਇੰਗਲੈਂਡ ਦੇ ਮੈਟ ਵਾਲੇਸ ਨੇ ਹਮਵਤਨ ਐਂਡ੍ਰਿਊ ਜਾਂਸਟਨ ਨੂੰ ਪਲੇਅ ਆਫ ਵਿਚ ਹਰਾ ਕੇ ਖਿਤਾਬ ਜਿੱਤਿਆ।


Related News