ਟੀ-20 ਵਿਸ਼ਵ ਕੱਪ ਲਈ ਡਬਲਯੂ. ਪੀ. ਐੱਲ. ਤੋਂ ਤੇਜ਼ ਗੇਂਦਬਾਜ਼ਾਂ ਦਾ ਪੂਲ ਬਣਾਉਣਾ ਚਾਹੁੰਦੈ ਮਜੂਮਦਾਰ
Wednesday, Feb 28, 2024 - 06:52 PM (IST)
ਬੈਂਗਲੁਰੂ, (ਭਾਸ਼ਾ)- ਬੰਗਲਾਦੇਸ਼ ਵਿਚ ਹੋਣ ਵਾਲੇ ਮਹਿਲਾ ਟੀ-20 ਵਿਸ਼ਵ ਕੱਪ ਵਿਚ ਹੁਣ 7 ਮਹੀਨੇ ਹੀ ਰਹਿ ਗਏ ਹਨ ਤੇ ਭਾਰਤ ਦਾ ਮੁੱਖ ਕੋਚ ਅਮੋਲ ਮਜੂਮਦਾਰ ਉਸ ਤੋਂ ਪਹਿਲਾਂ ਮਹਿਲਾ ਪ੍ਰੀਮੀਅਰ ਲੀਗ ਰਾਹੀਂ ਤੇਜ਼ ਗੇਂਦਬਾਜ਼ਾਂ ਦਾ ਇਕ ਪੂਲ ਤਿਆਰ ਕਰਨਾ ਚਾਹੁੰਦਾ ਹੈ। ਝੂਲਨ ਗੋਸਵਾਮੀ ਦੇ ਸੰਨਿਆਸ ਤੋਂ ਬਾਅਦ ਭਾਰਤ ਦਾ ਤੇਜ਼ ਹਮਲਾ ਕਮਜ਼ੋਰ ਹੋਇਆ ਹੈ। ਇਸ ਸਮੇਂ ਭਾਰਤੀ ਤੇਜ਼ ਗੇਂਦਬਾਜ਼ੀ ਦੀ ਕਮਾਨ ਰੇਣੂਕਾ ਸਿੰਘ, ਪੂਜਾ ਵਸਤਾਰਕਰ, ਟਿਟਾਸ ਸਾਧੂ ਤੇ ਅਮਨਜੋਤ ਕੌਰ ਕੋਲ ਹੈ।
ਮਜੂਮਦਾਰ ਨੇ ਕਿਹਾ,‘‘ਆਸਟ੍ਰੇਲੀਆ ਵਿਰੁੱਧ ਪਿਛਲੀਆਂ ਲੜੀਆਂ ਵਿਚ 4 ਤੇਜ਼ ਗੇਂਦਬਾਜ਼ ਸਨ। ਮੈਂ ਡਬਲਯੂ. ਪੀ. ਐੱਲ. ਰਾਹੀਂ ਤੇਜ਼ ਗੇਂਦਬਾਜ਼ਾਂ ਦਾ ਪੂਲਾ ਬਣਾਉਣਾ ਚਾਹੁੰਦਾ ਹਾਂ। ਗੇਂਦਬਾਜ਼ੀ ਹਮਲਾ ਚੰਗਾ ਹੋਣ ਨਾਲ ਕਾਫੀ ਫਰਕ ਪੈਂਦਾ ਹੈ।’’ ਮਹਿਲਾ ਟੀ-20 ਵਿਸ਼ਵ ਕੱਪ ਸਤੰਬਰ-ਅਕਤੂਬਰ ਵਿਚ ਬੰਗਲਾਦੇਸ਼ ਵਿਚ ਖੇਡਿਆ ਜਾਵੇਗਾ। ਮਜੂਮਦਾਰ ਨੇ ਸ਼ੈਫਾਲੀ ਵਰਮਾ, ਐੱਸ. ਮੇਘਨਾ ਤੇ ਰਿਚਾ ਘੋਸ਼ ਦੀ ਸ਼ਾਨਦਾਰ ਫਾਰਮ ’ਤੇ ਵੀ ਖੁਸ਼ੀ ਜਤਾਈ। ਉਸ ਨੇ ਕਿਹਾ, ‘‘ਇੰਗਲੈਂਡ ਤੇ ਆਸਟ੍ਰੇਲੀਆ ਵਿਰੁੱਧ ਦੋਵੇਂ ਲੜੀਆਂ ’ਚ ਚੰਗੇ ਪ੍ਰਦਰਸ਼ਨ ਨਾਲ ਬੱਲੇਬਾਜ਼ਾਂ ਦਾ ਆਤਮਵਿਸ਼ਵਾਸ ਵਧਿਆ ਹੈ। ਇਹ ਡਬਲਯੂ. ਪੀ. ਐੱਲ. ਵਿਚ ਵੀ ਦਿਖਾਈ ਦੇ ਰਿਹਾ ਹੈ।’’