ਪ੍ਰਸ਼ੰਸਕਾਂ ਦੇ ਬਿਨਾਂ ਖੇਡਣ 'ਚ ਨੁਕਸਾਨ ਹੋਇਆ : ਬੇਨ ਸਟੋਕਸ
Monday, Jul 13, 2020 - 10:20 PM (IST)
ਸਾਊਥੰਪਟਨ – ਵੈਸਟਇੰਡੀਜ਼ ਵਿਰੁੱਧ ਪਹਿਲੇ ਟੈਸਟ ਮੁਕਾਬਲੇ ਵਿਚ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਕਾਰਜਕਾਰੀ ਕਪਤਾਨ ਬੇਨ ਸਟੋਕਸ ਨੇ ਕਿਹਾ ਕਿ ਕੌਮਾਂਤਰੀ ਕ੍ਰਿਕਟ ਵਿਚ ਪਰਤਣ 'ਤੇ ਬਹੁਤ ਚੰਗਾ ਮਹਿਸੂਸ ਹੋ ਰਿਹਾ ਹੈ ਪਰ ਖਿਡਾਰੀਆਂ ਨੂੰ ਪ੍ਰਸ਼ੰਸਕਾਂ ਦੇ ਵਿਚਾਲੇ ਖੇਡਣ ਦੀ ਆਦਤ ਹੈ ਤੇ ਉਨ੍ਹਾਂ ਦੇ ਬਿਨਾਂ ਖੇਡਣ ਦਾ ਨਿਸ਼ਚਿਤ ਰੂਪ ਨਾਲ ਨੁਕਸਾਨ ਹੋਇਆ। ਸਟੋਕਸ ਨੇ ਨਿਯਮਤ ਕਪਤਾਨ ਜੋ ਰੂਟ ਦੀ ਜਗ੍ਹਾ ਇਸ ਮੈਚ ਵਿਚ ਕਪਤਾਨੀ ਸੰਭਾਲੀ ਤੇ ਕਪਤਾਨੀ ਵਿਚ ਆਪਣੇ ਪਹਿਲੇ ਹੀ ਟੈਸਟ ਵਿਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਸਟੋਕਸ ਨੇ ਵੈਸਟਇੰਡੀਜ਼ ਹੱਥੋਂ ਮਿਲੀ ਹਾਰ ਤੋਂ ਬਾਅਦ ਕਿਹਾ,'' ਦੋਵਾਂ ਟੀਮਾਂ ਨੂੰ ਤਿਆਰੀਆਂ ਲਈ ਪੂਰਾ ਸਮਾਂ ਮਿਲਿਆ ਹੈ। ਅਸੀਂ 3-4 ਹਫਤੇ ਪਹਿਲਾਂ ਅਭਿਆਸ ਕੈਂਪ ਵਿਚ ਆ ਗਏ ਸੀ ਤੇ ਵੈਸਟਇੰਡੀਜ਼ ਦੀ ਟੀਮ ਵੀ ਮਾਨਚੈਸਟਰ ਵਿਚ ਸੀ। ਇਹ ਬੇਹੱਦ ਮੁਸ਼ਕਿਲ ਮੁਕਾਬਲਾ ਸੀ ਤੇ 5ਵੇਂ ਦਿਨ ਤਾਂ ਮੈਚ ਹੋਰ ਵੀ ਰੋਮਾਂਚਕ ਹੋ ਗਿਆ ਸੀ।'' ਉਸ ਨੇ ਵਿਰੋਧੀ ਟੀਮ ਨੂੰ ਦਿੱਤੇ ਗਏ 200 ਦੌੜਾਂ ਦੇ ਟੀਚੇ ਨੂੰ ਲੈ ਕੇ ਕਿਹਾ,''ਤੁਹਾਨੂੰ ਭਰੋਸਾ ਹੋਣਾ ਚਾਹੀਦਾ ਹੈ ਕਿਉਂਕਿ ਜੇਕਰ ਤੁਸੀਂ ਸੋਚੋਗੇ ਕਿ ਤੁਸੀਂ ਵੱਧ ਦੌੜਾਂ ਨਹੀਂ ਬਣਾਈਆਂ ਤਾਂ ਤੁਸੀਂ ਪਹਿਲਾਂ ਤੋਂ ਹੀ ਹਾਰਨਾ ਸ਼ੁਰੂ ਹੋ ਜਾਂਦੇ ਹੋ। ਹਾਲਾਂਕਿ ਸਾਨੂੰ ਪਹਿਲੀ ਪਾਰੀ ਵਿਚ ਵੱਧ ਦੌੜਾਂ ਬਣਾਉਣੀਆਂ ਚਾਹੀਦੀਆਂ ਸਨ। ਅਸੀਂ ਦੂਜੀ ਪਾਰੀ ਵਿਚ ਚੰਗੀ ਬੱਲੇਬਾਜ਼ੀ ਕੀਤੀ ਪਰ ਓਨਾ ਚੰਗਾ ਨਹੀਂ ਖੇਡ ਸਕੇ।''
ਸਟੋਕਸ ਨੇ ਕਿਹਾ,''ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਸਹੀ ਸੀ ਪਰ ਸਾਨੂੰ ਬੋਰਡ 'ਤੇ ਵਧੇਰੇ ਦੌੜਾਂ ਟੰਗਣੀਆਂ ਚਾਹੀਦੀਆਂ ਸਨ। ਸਾਨੂੰ ਘੱਟ ਤੋਂ ਘੱਟ 400 ਜਾਂ 500 ਦੌੜਾਂ ਬਣਾਉਣੀਆਂ ਚਾਹੀਦੀਆਂ ਸਨ, ਜਿਸ ਨਾਲ ਮੁਕਾਬਲਾ ਸਾਡੇ ਪੱਖ ਵਿਚ ਹੋ ਸਕਦਾ ਸੀ। ਅਸੀਂ ਮੌਕਿਆਂ ਦਾ ਚੰਗੀ ਤਰ੍ਹਾਂ ਨਾਲ ਫਾਇਦਾ ਨਹੀਂ ਚੁੱਕ ਸਕੇ ਪਰ ਬੱਲੇਬਾਜ਼ਾਂ ਲਈ ਇਹ ਸਿੱਖਣ ਲਈ ਇਕ ਚੰਗਾ ਮੌਕਾ ਸੀ।''