ਪੁਲਸ ਛਾਉਣੀ 'ਚ ਤਬਦੀਲ ਹੋਇਆ ਪੰਜਾਬ ਦਾ ਇਹ ਇਲਾਕਾ! ਭੱਖਿਆ ਮਾਹੌਲ
Wednesday, Feb 11, 2026 - 12:37 PM (IST)
ਕਪੂਰਥਲਾ (ਗੁਰਪ੍ਰੀਤ)- ਸੁਲਤਾਨਪੁਰ ਲੋਧੀ ਦੇ ਇਤਿਹਾਸਕ ਅਸਥਾਨ ਤੇ ਧਾਰਮਿਕ ਮਹੱਤਵ ਵਾਲੇ ਇਲਾਕੇ ਨਾਲ ਲੱਗਦੇ ਪਿੰਡ ਸ਼ਾਹਵਾਲਾ ਇੰਦ੍ਰਿਸਾ 'ਚ ਅੱਜ ਸਵੇਰੇ ਉਸ ਵੇਲੇ ਹਾਲਾਤ ਤਣਾਅਪੂਰਨ ਬਣ ਗਏ ਜਦੋਂ ਪਿੰਡ ਵਾਸੀਆਂ ਨੇ ਬੀਤੇ ਸਾਲ ਪਿੰਡ ਸੱਦੁਵਾਲ ਨੇੜੇ ਸੀਵਰੇਜ ਟਰੀਟਮੈਂਟ ਪਲਾਂਟ ਤੋਂ ਟਰੀਟ ਕੀਤੇ ਪਾਣੀ ਦੀ ਆਊਟਪੁੱਟ ਪਾਈਪ ਲਾਈਨ ਵਿਛਾਉਣ ਦੇ ਕੰਮ ਨੂੰ ਰੁਕਵਾ ਦਿੱਤਾ। ਪਿੰਡ 'ਚ ਭਾਰੀ ਪੁਲਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ ਅਤੇ ਪੂਰਾ ਇਲਾਕਾ ਛਾਉਣੀ ਵਿੱਚ ਤਬਦੀਲ ਹੋ ਗਿਆ।
ਇਹ ਵੀ ਪੜ੍ਹੋ: ਵਿਦੇਸ਼ੋਂ ਮਿਲੀ ਖ਼ਬਰ ਨੇ ਪੁਆਏ ਵੈਣ! ਪੰਜਾਬੀ ਨੌਜਵਾਨ ਦੀ ਅਮਰੀਕਾ ’ਚ ਮੌਤ
ਕਾਲੀ ਵੇਈਂ ਨਦੀ ਦੀ ਪਵਿੱਤਰਤਾ ਨੂੰ ਖ਼ਤਰਾ, ਪ੍ਰਦਰਸ਼ਨਕਾਰੀਆਂ ਦੇ ਗੰਭੀਰ ਦੋਸ਼
ਧਰਨੇ ’ਤੇ ਬੈਠੇ ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਪ੍ਰਸ਼ਾਸਨ ਵੱਲੋਂ ਸ਼ਹਿਰ ਦੇ ਸੀਵਰੇਜ ਟਰੀਟਮੈਂਟ ਪਲਾਂਟ ਦਾ ਗੰਦਾ ਪਾਣੀ ਪਵਿੱਤਰ ਕਾਲੀ ਵੇਈਂ ਨਦੀ ਵਿੱਚ ਛੱਡਣ ਦੀ ਤਿਆਰੀ ਕੀਤੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹ ਸਿਰਫ਼ ਵਾਤਾਵਰਣ ਹੀ ਨਹੀਂ ਸਗੋਂ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪਹੁੰਚਾਉਣ ਵਾਲਾ ਫ਼ੈਸਲਾ ਹੈ। ਪ੍ਰਦਰਸ਼ਨਕਾਰੀਆਂ ਮੁਤਾਬਕ ਪਾਈਪ ਲਾਈਨ ਉਨ੍ਹਾਂ ਦੀ ਮਾਲਕੀ ਜ਼ਮੀਨਾਂ ਵਿੱਚੋਂ ਜ਼ਬਰਦਸਤੀ ਗੁਜ਼ਾਰੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਪ੍ਰਸ਼ਾਸਨ ਨੇ ਹੋਰ ਰੂਟ ਦੱਸਿਆ ਸੀ ਪਰ ਬਾਅਦ 'ਚ ਯੋਜਨਾ ਤਬਦੀਲ ਕਰਕੇ ਹੁਣ ਪਿੰਡ ਦੀ ਜ਼ਮੀਨ ਚੁਣੀ ਗਈ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਇਸ ਦਿਨ ਪਵੇਗਾ ਮੀਂਹ! ਮੌਸਮ ਦੀ ਨਵੀਂ ਅਪਡੇਟ ਜਾਰੀ, 14 ਤਾਰੀਖ਼ ਤੱਕ ਵਿਭਾਗ ਦੀ ਵੱਡੀ ਚਿਤਾਵਨੀ
ਪਹਿਲਾਂ ਵਾਅਦੇ ਕੀਤੇ, ਹੁਣ ਮੁੱਕਰ ਗਿਆ ਪ੍ਰਸ਼ਾਸਨ
ਪਿੰਡ ਵਾਸੀ ਸੁਖਵਿੰਦਰ ਸਿੰਘ ਸਣੇ ਹੋਰ ਲੋਕਾਂ ਨੇ ਪ੍ਰਸ਼ਾਸਨ ਉੱਤੇ ਵਾਅਦਾ ਖ਼ਿਲਾਫ਼ੀ ਦੇ ਦੋਸ਼ ਲਗਾਉਂਦੇ ਕਿਹਾ ਕਿ ਅਧਿਕਾਰੀਆਂ ਨੇ ਪਹਿਲਾਂ ਭਰੋਸਾ ਦਿੱਤਾ ਸੀ ਕਿ ਨਾ ਤਾਂ ਨਦੀ ਨੂੰ ਨੁਕਸਾਨ ਹੋਵੇਗਾ ਅਤੇ ਨਾ ਹੀ ਨਿੱਜੀ ਜ਼ਮੀਨਾਂ ਨੂੰ ਛੇੜਿਆ ਜਾਵੇਗਾ ਪਰ ਹੁਣ ਬਿਨਾਂ ਸਹਿਮਤੀ ਕੰਮ ਸ਼ੁਰੂ ਕਰ ਦਿੱਤਾ ਗਿਆ। ਇਸ ਦੇ ਵਿਰੋਧ ਵਿੱਚ ਗੁੱਸੇ ਭਰੇ ਲੋਕਾਂ ਨੇ ਮੌਕੇ ’ਤੇ ਹੀ ਅਣਮਿੱਥੇ ਸਮੇਂ ਲਈ ਧਰਨਾ ਲਗਾ ਦਿੱਤਾ ਅਤੇ ਮਸ਼ੀਨਾਂ ਰੁਕਵਾ ਕੇ ਪਾਈਪ ਲਾਈਨ ਵਿਛਾਉਣ ਦਾ ਕੰਮ ਪੂਰੀ ਤਰ੍ਹਾਂ ਬੰਦ ਕਰਵਾ ਦਿੱਤਾ।

ਪਿੰਡ ਪੁਲਸ ਛਾਉਣੀ ਬਣਿਆ
ਤਣਾਅ ਵਧਣ ਦੀ ਸੰਭਾਵਨਾ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਵੱਡੀ ਗਿਣਤੀ 'ਚ ਪੁਲਸ ਫੋਰਸ ਤਾਇਨਾਤ ਕਰ ਦਿੱਤੀ। ਸਵੇਰੇ ਤੋਂ ਹੀ ਪੁਲਸ ਅਧਿਕਾਰੀ ਅਤੇ ਪ੍ਰਸ਼ਾਸਨਿਕ ਅਫ਼ਸਰ ਮੌਕੇ ’ਤੇ ਡੇਰਾ ਜਮਾਏ ਹੋਏ ਹਨ। ਹਾਲਾਤ ਨੂੰ ਵੇਖਦਿਆਂ ਕਿਸੇ ਵੀ ਅਣਚਾਹੀ ਘਟਨਾ ਨੂੰ ਰੋਕਣ ਲਈ ਨਾਕਾਬੰਦੀ ਵੀ ਕੀਤੀ ਗਈ।
ਇਹ ਵੀ ਪੜ੍ਹੋ: ਪੰਜਾਬ ਦੇ ਨੈਸ਼ਨਲ ਹਾਈਵੇਅ 'ਤੇ ਵੱਡਾ ਹਾਦਸਾ! 3 ਨੌਜਵਾਨਾਂ ਦੀ ਭਿਆਨਕ ਮੌਤ, ਮੰਜ਼ਰ ਵੇਖ ਸਹਿਮੇ ਲੋਕ

ਸੰਬੰਧਤ ਵਿਭਾਗ ਨੇ ਦੋਸ਼ ਨਕਾਰੇ
ਦੂਜੇ ਪਾਸੇ ਸੀਵਰੇਜ ਅਤੇ ਵਾਟਰ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੇ ਪਿੰਡ ਵਾਸੀਆਂ ਦੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਪਾਈਪ ਲਾਈਨ ਸਰਕਾਰੀ ਜਗ੍ਹਾ ਵਿੱਚ ਵਿਛਾਈ ਜਾ ਰਹੀ ਹੈ ਅਤੇ ਕਿਸੇ ਵੀ ਨਿੱਜੀ ਜ਼ਮੀਨ ਨੂੰ ਨੁਕਸਾਨ ਨਹੀਂ ਪਹੁੰਚੇਗਾ। ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਟਰੀਟਮੈਂਟ ਹੋਇਆ ਪਾਣੀ ਵਾਤਾਵਰਣ ਮਾਪਦੰਡਾਂ ਅਨੁਸਾਰ ਹੀ ਛੱਡਿਆ ਜਾਵੇਗਾ।

ਹਾਲਾਤ ਤਣਾਅਪੂਰਨ
ਹੁਣ ਤੱਕ ਵੀ ਪਿੰਡ ਵਾਸੀ ਧਰਨੇ ’ਤੇ ਡਟੇ ਰਹੇ ਅਤੇ ਸਪੱਸ਼ਟ ਕੀਤਾ ਕਿ ਜਦ ਤੱਕ ਪ੍ਰਸ਼ਾਸਨ ਲਿਖਤੀ ਰੂਪ ਵਿੱਚ ਭਰੋਸਾ ਨਹੀਂ ਦਿੰਦਾ, ਧਰਨਾ ਖ਼ਤਮ ਨਹੀਂ ਕੀਤਾ ਜਾਵੇਗਾ। ਮਾਮਲਾ ਧਾਰਮਿਕ ਭਾਵਨਾਵਾਂ ਨਾਲ ਜੁੜ ਜਾਣ ਕਾਰਨ ਸੰਵੇਦਨਸ਼ੀਲ ਬਣ ਗਿਆ ਹੈ ਅਤੇ ਪ੍ਰਸ਼ਾਸਨ ਵੱਲੋਂ ਗੱਲਬਾਤ ਦੀ ਕੋਸ਼ਿਸ਼ਾਂ ਜਾਰੀ ਹਨ। ਪ੍ਰਸ਼ਾਸਨ ਵੱਲੋਂ ਮੁਤਬਰ ਵਿਅਕਤੀਆਂ ਦੇ ਨਾਲ ਗੱਲਬਾਤ ਰਾਹੀਂ ਮਾਮਲਾ ਸੁਲਝਾਉਣ ਦੇ ਦੇ ਯਤਨ ਕੀਤੇ ਜਾ ਰਹੇ ਹਨ। ਫਿਲਹਾਲ ਲੋਕ ਆਪਣੀਆਂ ਮੰਗਾਂ ਨੂੰ ਲੈ ਕੇ ਅੜੇ ਹੋਏ ਹਨ।। ਫਿਲਹਾਲ ਪਾਈਪ ਲਾਈਨ ਦਾ ਕੰਮ ਪੂਰੀ ਤਰ੍ਹਾਂ ਬੰਦ ਹੈ ਅਤੇ ਪਿੰਡ ਸ਼ਾਹਵਾਲਾ ਅੰਦਰੀਸਾ ਵਿੱਚ ਸਥਿਤੀ ਨਾਜ਼ੁਕ ਪਰ ਕਾਬੂ 'ਚ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ: ਲਤੀਫ਼ਪੁਰਾ 'ਚ ਭੱਖਿਆ ਮਾਹੌਲ! ਟੈਂਕੀ 'ਤੇ ਚੜ੍ਹ ਗਈਆਂ ਬੀਬੀਆਂ, ਸਰਕਾਰ ਨੂੰ ਲਾਹਣਤਾਂ ਪਾ ਰਹੇ ਲੋਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
