ਲੌਂਗ ਜੰਪਰ ਸ਼੍ਰੀਸ਼ੰਕਰ ਦੀ ਦੋਹਾ ’ਚ ਹੋਈ ਗੋਡੇ ਦੀ ਸਰਜਰੀ
Wednesday, Apr 24, 2024 - 07:22 PM (IST)
ਨਵੀਂ ਦਿੱਲੀ, (ਭਾਸ਼ਾ)– ਭਾਰਤ ਦੇ ਲੌਂਗ ਜੰਪ ਦੇ ਧਾਕੜ ਐਥਲੀਟ ਮੁਰਲੀ ਸ਼੍ਰੀਸ਼ੰਕਰ ਦੇ ਜ਼ਖ਼ਮੀ ਗੋਡੇ ਦੀ ਦੋਹਾ ਵਿਚ ਸਰਜਰੀ ਹੋਈ ਹੈ। ਉਹ ਇਸ ਸੱਟ ਕਾਰਨ ਜੁਲਾਈ-ਅਗਸਤ ਵਿਚ ਹੋਣ ਵਾਲੀਆਂ ਪੈਰਿਸ ਓਲੰਪਿਕ ਖੇਡਾਂ ’ਚੋਂ ਬਾਹਰ ਹੋ ਗਿਆ ਹੈ। 25 ਸਾਲਾ ਸ਼੍ਰੀਸ਼ੰਕਰ ਨੇ ਇੰਸਟਾਗ੍ਰਾਮ ’ਤੇ ਲਿਖਿਆ, ‘‘ਦੋਹਾ ਦੇ ਐਸਪੇਟਰ ਹਸਪਤਾਲ ਵਿਚ ਡਾ. ਬਰੂਨੋ ਓਲੋਰੀ ਦੀ ਅਗਵਾਈ ਵਿਚ ਸਰਜਰੀ ਸਫਲ ਰਹੀ। ਇਸ ਮੁਸ਼ਕਿਲ ਦੌਰ ਵਿਚ ਤੁਹਾਡੇ ਪਿਆਰ ਤੇ ਆਸ਼ੀਰਵਾਦ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ। ਮੈਂ ਸਰਜਰੀ ਦੇ 18 ਘੰਟਿਆਂ ਬਾਅਦ ਹੀ ਚੱਲਣ ਵਿਚ ਸਮਰੱਥ ਹਾਂ।’’
ਡਾ. ਓਲੋਰੀ ਫਰਾਂਸ ਦਾ ਆਰਥੋਪੇਡਿਕ ਸਰਜਨ ਹੈ। ਏਸ਼ੀਆਈ ਖੇਡਾਂ ਤੇ ਰਾਸ਼ਟਰਮੰਡਲ ਖੇਡਾਂ ਦੇ ਚਾਂਦੀ ਤਮਗਾ ਜੇਤੂ ਸ਼੍ਰੀਸ਼ੰਕਰ ਨੇ 2023 ਏਸ਼ੀਆਈ ਐਥਲੈਟਿਕਸ ਚੈਂਪੀਅਨਸ਼ਿਪ ਵਿਚ 8.37 ਮੀਟਰ ਦੀ ਕੋਸ਼ਿਸ਼ ਨਾਲ ਚਾਂਦੀ ਤਮਗਾ ਜਿੱਤਦੇ ਹੋਏ ਪੈਰਿਸ ਓਲੰਪਿਕ ਲਈ ਕੁਆਲੀਫਾਈ ਕੀਤਾ ਸੀ। ਉਸ ਨੂੰ ਇਹ ਸੱਟ ਅਭਿਆਸ ਦੌਰਾਨ ਲੱਗੀ ਸੀ, ਜਿਸ ਨਾਲ ਉਹ ਪੂਰੇ ਸੈਸ਼ਨ ਲਈ ਖੇਡ ਤੋਂ ਦੂਰ ਹੋ ਗਿਆ। ਸ਼੍ਰੀਸ਼ੰਕਰ ਨੇ ਸੋਸ਼ਲ ਮੀਡੀਆ ਪੋਸਟ ’ਤੇ ਆਪਣੀ ਸੱਟ ਦੇ ਬਾਰੇ ਵਿਚ ਜਾਣਕਾਰੀ ਦਿੱਤੀ ਸੀ। ਪਿਛਲੇ ਸਾਲ ਜੂਨ ਵਿਚ ਸ਼੍ਰੀਸ਼ੰਕਰ ਤੀਜੇ ਸਥਾਨ ’ਤੇ ਰਹਿ ਕੇ ਡਾਇਮੰਡ ਲੀਗ ਪ੍ਰਤੀਯੋਗਿਤਾ ਵਿਚ ਟਾਪ-3 ਵਿਚ ਜਗ੍ਹਾ ਬਣਾਉਣ ਵਾਲਾ ਤੀਜਾ ਭਾਰਤੀ ਬਣਿਆ ਸੀ।