ਲਕਸ਼ਮਣ ਨੇ ਸ਼੍ਰੀਲੰਕਾ ਖ਼ਿਲਾਫ਼ ਪਲੇਇੰਗ ਇਲੈਵਨ ’ਚ ਕੁਲਦੀਪ-ਚਾਹਲ ਨੂੰ ਸ਼ਾਮਲ ਕਰਨ ਦਾ ਕੀਤਾ ਸਮਰਥਨ

Friday, Jul 09, 2021 - 08:19 PM (IST)

ਲਕਸ਼ਮਣ ਨੇ ਸ਼੍ਰੀਲੰਕਾ ਖ਼ਿਲਾਫ਼ ਪਲੇਇੰਗ ਇਲੈਵਨ ’ਚ ਕੁਲਦੀਪ-ਚਾਹਲ ਨੂੰ ਸ਼ਾਮਲ ਕਰਨ ਦਾ ਕੀਤਾ ਸਮਰਥਨ

ਸਪੋਰਟਸ ਡੈਸਕ- ਭਾਰਤ ਦੇ ਸਾਬਕਾ ਬੱਲੇਬਾਜ਼ ਵੀ. ਵੀ. ਐੱਸ. ਲਕਸ਼ਮਣ ਦਾ ਮੰਨਣਾ ਹੈ ਕਿ ਕੁਲਦੀਪ ਯਾਦਵ ਤੇ ਯੁਜਵਿੰਦਰ ਚਾਹਲ ਨੂੰ ਸ੍ਰੀਲੰਕਾ ਖ਼ਿਲਾਫ਼ ਅਗਲੀ ਵਨ-ਡੇ ਸੀਰੀਜ਼ ਵਿਚ ਆਖ਼ਰੀ-11 ਵਿਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਤਿੰਨ ਮੈਚਾਂ ਵਿਚ ਗੇਂਦਬਾਜ਼ੀ ਕਰਨ ਨਾਲ ਇਸ ਸਪਿਨ ਜੋੜੀ ਨੂੰ ਆਤਮਵਿਸ਼ਵਾਸ ਹਾਸਲ ਕਰਨ ਵਿਚ ਮਦਦ ਮਿਲੇਗੀ। 2019 ਵਨ-ਡੇ ਵਿਸ਼ਵ ਕੱਪ ਤੋਂ ਪਹਿਲਾਂ ਗੁੱਟ ਦੇ ਇਹ ਦੋਵੇਂ ਸਪਿਨਰ ਭਾਰਤੀ ਗੇਂਦਬਾਜ਼ੀ ਦਾ ਮਹੱਤਵਪੂਰਨ ਹਿੱਸਾ ਸਨ ਪਰ ਵਿਸ਼ਵ ਕੱਪ ਤੋਂ ਬਾਅਦ ਤੋਂ ਦੋਵਾਂ ਦੇ ਪ੍ਰਦਰਸ਼ਨ ਵਿਚ ਗਿਰਾਵਟ ਦੇਖੀ ਗਈ। 

ਲਕਸ਼ਮਣ ਨੇ ਕਿਹਾ ਕਿ ਭਾਰਤੀ ਟੀਮ ਵਿਚ ਛੇ ਸਪਿਨਰ ਹਨ ਪਰ ਮੈਂ ਉਨ੍ਹਾਂ ਨੂੰ (ਕੁਲਦੀਪ ਤੇ ਚਹਿਲ) ਤਿੰਨਾਂ ਵਨ- ਡੇ ਮੁਕਾਬਲਿਆਂ ਵਿਚ ਖੇਡਦੇ ਹੋਏ ਦੇਖਣਾ ਚਾਹੁੰਦਾ ਹਾਂ। ਵਨ-ਡੇ ਵਿਚ ਹਰ ਗੇਂਦਬਾਜ਼ ਨੂੰ 10 ਓਵਰ ਗੇਂਦਬਾਜ਼ੀ ਦਾ ਮੌਕਾ ਮਿਲਦਾ ਹੈ। ਇਸ ਲਈ ਉਹ ਜਿੰਨੇ ਵੱਧ ਓਵਰ ਸੁੱਟਣਗੇ ਉਨ੍ਹਾਂ ਨੂੰ ਓਨੀ ਹੀ ਕਾਮਯਾਬੀ ਮਿਲੇਗੀ, ਉਨ੍ਹਾਂ ਦਾ ਆਤਮ ਵਿਸ਼ਵਾਸ ਵਾਪਸ ਆਵੇਗਾ, ਖ਼ਾਸ ਕਰ ਕੇ ਕੁਲਦੀਪ ਯਾਦਵ ਦਾ। ਚਾਹਲ ਇਕ ਕਾਮਯਾਬ ਤੇ ਤਜਰਬੇਕਾਰ ਗੇਂਦਬਾਜ਼ ਹਨ। ਉਹ ਟੀ-20 ਵਿਸ਼ਵ ਕੱਪ ਨੂੰ ਧਿਆਨ ਵਿਚ ਰੱਖਦੇ ਹੋਏ ਆਤਮਵਿਸ਼ਵਾਸ ਨਾਲ ਭਰੇ ਹੋਣਗੇ ਤੇ ਟੀਮ ਦੇ ਇਕ ਬਹੁਤ ਹੀ ਮਹੱਤਵਪੂਰਨ ਮੈਂਬਰ ਹਨ। ਮੈਨੂੰ ਲਗਦਾ ਹੈ ਕਿ ਕੁਲਦੀਪ ਨੂੰ ਆਪਣਾ ਆਤਮ ਵਿਸ਼ਵਾਸ ਹਾਸਲ ਕਰਨ ਦੀ ਲੋੜ ਹੈ। 

ਭਾਰਤ ਲਈ 134 ਟੈਸਟ ਤੇ 86 ਵਨ ਡੇ ਖੇਡਣ ਵਾਲੇ ਲਕਸ਼ਮਣ ਨੇ ਸੂਰਯਕੁਮਾਰ ਯਾਦਵ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ 30 ਸਾਲ ਦੇ ਸੱਜੇ ਹੱਥ ਦੇ ਇਸ ਬੱਲੇਬਾਜ਼ ਕੋਲ ਟੀ-20 ਵਿਸ਼ਵ ਕੱਪ ਦੀ ਟੀਮ ਵਿਚ ਥਾਂ ਬਣਾਉਣ ਦੀ ਯੋਗਤਾ ਹੈ। ਉਨ੍ਹਾਂ ਨੇ ਕਿਹਾ ਕਿ ਸੂਰਯਕੁਮਾਰ ਨੂੰ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਦੇ ਹੋਏ ਦੇਖ ਕੇ ਮੈਂ ਉਤਸ਼ਾਹਤ ਸੀ। ਅੰਤਰਰਾਸ਼ਟਰੀ ਕ੍ਰਿਕਟ ਵਿਚ ਉਨ੍ਹਾਂ ਨੇ ਜੋਫਰਾ ਆਰਚਰ ਵਰਗੇ ਗੇਂਦਬਾਜ਼ ਖ਼ਿਲਾਫ਼ ਜਿਸ ਤਰ੍ਹਾਂ ਆਪਣਾ ਪਹਿਲਾ ਸ਼ਾਟ ਖੇਡਿਆ ਤੇ ਦੌੜਾਂ ਬਣਾਈਆਂ ਉਹ ਉਨ੍ਹਾਂ ਦੇ ਆਤਮ ਵਿਸ਼ਵਾਸ ਤੇ ਸਮਰੱਥਾ ਨੂੰ ਜ਼ਾਹਿਰ ਕਰਦਾ ਹੈ। ਉਨ੍ਹਾਂ ਲਈ ਇਹ (ਸ੍ਰੀਲੰਕਾ ਦੌਰਾ) ਇਕ ਸ਼ਾਨਦਾਰ ਮੌਕਾ ਹੈ। ਮੈਂ ਚਾਹੁੰਦਾ ਹਾਂ ਕਿ ਉਹ ਸਾਰੇ ਛੇ ਮੈਚ (ਤਿੰਨ ਵਨ ਡੇ ਤੇ ਤਿੰਨ ਟੀ-20) ਖੇਡਣ ਕਿਉਂਕਿ ਉਹ ਅਜਿਹੇ ਖਿਡਾਰੀ ਹਨ ਜੋ ਯਕੀਨੀ ਤੌਰ 'ਤੇ ਟੀ-20 ਵਿਸ਼ਵ ਕੱਪ ਟੀਮ ਵਿਚ ਸ਼ਾਮਲ ਹੋ ਸਕਦੇ ਹਨ। ਮੈਂ ਚਾਹੁੰਦਾ ਹਾਂ ਕਿ ਉਹ ਅੱਗੇ ਵਧਣ ਤੇ ਅੰਤਰਰਾਸ਼ਟਰੀ ਪੱਧਰ 'ਤੇ ਵੀ ਦੌੜਾਂ ਬਣਾਉਣ ਦਾ ਵਿਸ਼ਵਾਸ ਹਾਸਲ ਕਰਨ।


author

Tarsem Singh

Content Editor

Related News