ਕੋਹਲੀ ਨੇ ICC ਟੈਸਟ ਰੈਂਕਿੰਗ ’ਚ ਗੁਆਇਆ ਪਹਿਲਾ ਸਥਾਨ, ਬੁਮਰਾਹ ਟਾਪ 10 ’ਚੋਂ ਬਾਹਰ

02/26/2020 3:56:01 PM

ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ ਨੂੰ ਨਿਊਜ਼ੀਲੈਂਡ ਖਿਲਾਫ ਪਹਿਲੇ ਟੈਸਟ ਵਿਚ 10 ਵਿਕਟਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਲਈ ਇਕ ਹੋਰ ਬੁਰੀ ਖਬਰ ਆਈ ਹੈ ਅਤੇ ਉਹ ਹੈ ਕਿ ਇਸ ਹਾਰ ਦਾ ਅਸਰ ਉਸ ਦੀ ਰੈਂਕਿੰਗ ’ਤੇ ਪਿਆ ਹੈ। ਕੋਹਲੀ ਤਾਜ਼ਾ ਆਈ. ਸੀ. ਸੀ. ਟੈਸਟ ਰੈਂਕਿੰਗ ਵਿਚ ਪਹਿਲੇ ਸਥਾਨ ਤੋਂ ਫਿਸਲ ਕੇ ਦੂਜੇ ਸਥਾਨ ’ਤੇ ਆ ਗਏ ਹਨ। ਕੋਹਲੀ ਨੇ ਪਹਿਲੇ ਟੈਸਟ ਦੀਆਂ ਦੋਵਾਂ ਪਾਰੀਆਂ ਵਿਚ ਕੁਝ ਖਾਸ ਕਮਾਲ ਨਹੀਂ ਕੀਤਾ ਸੀ। ਉੱਥੇ ਹੀ ਇਸ ਸੂਚੀ ਵਿਚ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਟਾਪ 10 ਗੇਂਦਬਾਜ਼ਾਂ ਦੀ ਸੂਚੀ ਵਿਚੋਂ ਬਾਹਰ ਹੋ ਗਏ ਹਨ।

PunjabKesari

ਆਈ. ਸੀ. ਸੀ. ਦੀ ਤਾਜ਼ਾ ਟੈਸਟ ਰੈਂਕਿੰਗ ਵਿਚ ਕੋਹਲੀ 906 ਅੰਕਾਂ ਦੇ ਨਾਲ ਦੂਜੇ ਸਥਾਨ ’ਤੇ ਹਨ ਜਦਕਿ ਸਟੀਵ ਸਮਿਥ 911 ਅੰਕਾਂ ਦੇ ਨਾਲ ਪਹਿਲੇ ਸਥਾਨ ’ਤੇ ਆ ਗਏ ਹਨ। ਉਥੇ ਹੀ ਤੀਜੇ ਸਥਾਨ ’ਤੇ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਹਨ ਜਿਸ ਦੇ 853 ਅੰਕ ਹਨ। ਜਿੱਥੇ ਤਕ ਟਾਪ 10 ਬੱਲੇਬਾਜ਼ਾਂ ਦੀ ਗੱਲ ਹੈ ਤਾਂ ਇਨ੍ਹਾਂ ਵਿਚ 3 ਭਾਰਤੀਆਂ ਦੇ ਨਾਂ ਹਨ। ਇਸ ਵਿਚ ਅਜਿੰਕਯ ਰਹਾਨੇ 760 ਅੰਕਾਂ ਦੇ ਨਲਾ 8ਵੇਂ, ਚੇਤੇਸ਼ਵਰ ਪੁਜਾਰਾ 757 ਅੰਕਾਂ ਦੇ ਨਾਲ 9ਵੇਂ ਅਤੇ ਮਯੰਕ ਅਗਰਵਾਲ 727 ਅੰਕਾਂ ਦੇ ਨਾਲ 10ਵੇਂ ਸਥਾਨ ’ਤੇ ਹਨ।

ਉੱਥੇ ਹੀ ਗੇਂਦਬਾਜ਼ਾਂ ਦੀ ਗੱਲ ਕਰੀਏ ਤਾਂ ਰਵੀਚੰਦਰਨ ਅਸ਼ਵਿਨ ਇਕੱਲੇ ਭਾਰਤੀ ਗੇਂਦਬਾਜ਼ ਹਨ ਜੋ ਟਾਪ-10 ਸੂਚੀ ਵਿਚ ਸ਼ਾਮਲ ਹਨ। ਅਸ਼ਵਿਨ 765 ਅੰਕਾਂ ਦੇ ਨਾਲ 9ਵੇਂ ਸਥਾਨ ’ਤੇ ਹਨ। ਟਾਪ 3 ਗੇਂਦਬਾਜ਼ਾਂ ਦੀ ਗੱਲ ਕਰੀਏ ਤਾਂ ਇਸ ਵਿਚ 904 ਅੰਕਾਂ ਦੇ ਨਾਲ ਆਸਟਰੇਲੀਆ ਦੇ ਪੈਟ ਕਮਿੰਸ ਪਹਿਲੇ, ਨਿਊਜ਼ੀਲੈਂਡ ਦੇ ਨੀਲ ਵੈਗਨਰ 843 ਅੰਕਾਂ ਦੇ ਨਾਲ ਦੂਜੇ ਅਤੇ ਵਿੰਡੀਜ਼ ਦੇ ਜੇਸਨ ਹੋਲਡਰ 830 ਅੰਕਾਂ ਦੇ ਨਾਲ ਤੀਜੇ ਸਥਾਨ ’ਤੇ ਹਨ।


Related News