ਵਿਸ਼ਵ ਕੱਪ ਤੋਂ ਪਹਿਲਾਂ ਕੋਹਲੀ ਤੇ ਬੁਮਰਾਹ ICC ਰੈਂਕਿੰਗ ''ਚ ਚੋਟੀ ''ਤੇ
Wednesday, May 29, 2019 - 04:22 AM (IST)

ਲੰਡਨ— ਭਾਰਤੀ ਕਪਤਾਨ ਵਿਰਾਟ ਕੋਹਲੀ ਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਵਿਸ਼ਵ ਕੱਪ ਤੋਂ ਪਹਿਲਾਂ ਆਈ. ਸੀ. ਸੀ. ਦੀ ਕ੍ਰਮਵਾਰ ਬੱਲੇਬਾਜ਼ਾਂ ਤੇ ਗੇਂਦਬਾਜ਼ਾਂ ਦੀ ਰੈਂਕਿੰਗ 'ਚ ਚੋਟੀ 'ਤੇ ਚੱਲ ਰਹੇ ਹਨ। ਮੇਜਬਾਨ ਇੰਗਲੈਂਡ 10 ਟੀਮਾਂ ਦੇ ਇਸ ਟੂਰਨਾਮੈਂਟ 'ਚ ਦੁਨੀਆ ਦੀ ਨੰਬਰ ਇਕ ਟੀਮ ਦੇ ਰੂਪ 'ਚ ਖੇਡੇਗਾ। ਇੰਗਲੈਂਡ ਦੇ 125 ਅੰਕ ਹਨ ਜਦਕਿ ਉਸਦੇ ਚਾਰ ਅੰਕ ਪਿੱਛੇ ਭਾਰਤ ਦੂਜੇ ਸਥਾਨ 'ਤੇ ਹੈ। ਬੱਲੇਬਾਜ਼ਾਂ ਦੀ ਰੈਂਕਿੰਗ 'ਚ ਕੋਹਲੀ ਨੇ ਦੂਜੇ ਸਥਾਨ 'ਤੇ ਚੱਲ ਰਹੇ ਟੀਮ ਦੇ ਆਪਣੇ ਸਾਥੀ ਰੋਹਿਤ ਸ਼ਰਮਾ 'ਤੇ 51 ਅੰਕਾਂ ਦੀ ਬੜ੍ਹਤ ਬਣਾ ਰੱਖੀ ਹੈ। ਕੋਹਲੀ ਦੇ 890 ਅੰਕ ਹਨ। ਪਾਕਿਸਤਾਨ 'ਤੇ ਇੰਗਲੈਂਡ ਦੀ 4-0 ਦੀ ਬੜ੍ਹਤ ਜਿੱਤ, ਆਇਰਲੈਂਡ 'ਚ ਤਿਕੋਣੀ ਸੀਰੀਜ਼ ਤੇ ਸ਼੍ਰੀਲੰਕਾ, ਅਫਗਾਨਿਸਤਾਨ ਦੇ ਬ੍ਰਿਟੇਨ ਦੌਰਿਆਂ ਤੋਂ ਬਾਅਦ ਪਿਛਲੇ ਹਫਤੇ ਰੈਂਕਿੰਗ ਨੂੰ ਅੱਪਡੇਟ ਕੀਤਾ ਗਿਆ ਸੀ।
ਚੋਟੀ 10 'ਚ ਨਿਊਜ਼ੀਲੈਂਡ (ਰੋਸ ਟੇਲਰ ਤੀਜੇ ਤੇ ਮਾਰਟਿਨ ਗੁਪਟਿਲ 10ਵੇਂ), ਦੱਖਣੀ ਅਫਰੀਕਾ (ਕਵਿੰਟਨ ਡਿ ਕਾਕ ਪੰਜਵੇਂ ਤੇ ਫਾਫ ਡੂ ਪਲੇਸਿਸ 6ਵੇਂ) ਤੇ ਪਾਕਿਸਤਾਨ (ਬਾਬਰ ਆਜਮ 7ਵੇਂ ਤੇ ਫਖਰ ਜਮਾਂ 9ਵੇਂ) ਦੇ ਵੀ 2-2 ਬੱਲੇਬਾਜ਼ ਸ਼ਾਮਲ ਹਨ। ਵੈਸਟਇੰਡੀਜ਼ ਦੇ ਸ਼ਾਈ ਹੋਪ ਕਰੀਅਰ ਦੇ ਸਰਵਸ੍ਰੇਸ਼ਠ ਚੌਥੇ ਜਦਕਿ ਇੰਗਲੈਂਡ ਦੇ ਜੋ ਰੂਟ 8ਵੇਂ ਸਥਾਨ 'ਤੇ ਹੈ। ਬੰਗਲਾਦੇਸ਼ ਵਿਰੁੱਧ 130 ਦੌੜਾਂ ਦੀ ਪਾਰੀ ਖੇਡਣ ਵਾਲੇ ਆਇਰਲੈਂਡ ਦੇ ਪਾਲ ਸਟਰਲਿੰਗ 5 ਸਥਾਨ ਦੇ ਫਾਇਦੇ ਨਾਲ 25ਵੇਂ ਸਥਾਨ 'ਤੇ ਪਹੁੰਚ ਗਏ ਹਨ। ਬੰਗਲਾਦੇਸ਼ ਦੀ ਤਿਕੋਣੀ ਸੀਰੀਜ਼ 'ਚ ਅਹਿਮ ਭੂਮੀਕਾ ਨਿਭਾਉਣ ਵਾਲੇ ਸੋਮਿਆ ਸਰਕਾਰ 10 ਸਥਾਨ ਦੀ ਸ਼ਲਾਂਗ ਨਾਲ 28ਵੇਂ ਸਥਾਨ 'ਤੇ ਪਹੁੰਚ ਗਏ ਹਨ।
ਗੇਂਦਬਾਜ਼ਾਂ ਦੀ ਸੂਚੀ 'ਚ ਬੁਮਰਾਹ 774 ਅੰਕਾਂ ਦੇ ਨਾਲ ਚੋਟੀ 'ਤੇ ਹੈ। ਕੁਲਦੀਪ ਯਾਦਵ (7ਵੇਂ) ਤੇ ਯੁਜਵੇਂਦਰ ਚਾਹਲ (8ਵੇਂ) ਦੀ ਭਾਰਤੀ ਦੀ ਸਪਿਨ ਜੋੜੀ ਨੂੰ ਵੀ ਚੋਟੀ 10 'ਚ ਜਗ੍ਹਾ ਮਿਲੀ ਹੈ। ਦੱਖਣੀ ਅਫਰੀਕਾ ਦੇ ਇਮਰਾਨ ਤਾਹਿਰ ਤੇ ਕਾਗਿਸੋ ਰਬਾਡਾ ਕ੍ਰਮਵਾਰ ਚੌਥੇ ਤੇ 5ਵੇਂ ਸਥਾਨ 'ਤੇ ਹੈ। ਨਿਊਜ਼ੀਲੈਂਡ ਦੇ ਟ੍ਰੇਂਟ ਬੋਲਟ (ਦੂਜੇ), ਅਫਗਾਨਿਸਤਾਨ ਦੇ ਰਾਸ਼ਿਦ ਖਾਨ (ਤੀਜੇ), ਆਸਟਰੇਲੀਆ ਦੇ ਪੈਟ ਕਮਿੰਸ (6ਵੇਂ), ਇੰਗਲੈਂਡ ਦੇ ਕ੍ਰਿਸ ਵੋਕਸ (9ਵੇਂ) ਤੇ ਅਫਗਾਨਿਸਤਾਨ ਦੇ ਮੁਜੀਬ ਓਰ ਰਹਿਮਾਨ (10ਵੇਂ) ਚੋਟੀ 10 'ਚ ਸ਼ਾਮਲ ਹਨ।