ਹਾਕੀ ਵਿਸ਼ਵ ਕੱਪ ਦਾ ਆਗਾਜ਼ 13 ਜਨਵਰੀ ਤੋਂ ਭੁਵਨੇਸ਼ਵਰ ’ਚ, ਜਾਣੋ ਹਾਕੀ ਦੇ ਇਸ ਮਹਾਕੁੰਭ ਦੇ ਰੋਚਕ ਤੱਥਾਂ ਬਾਰੇ
Sunday, Jan 08, 2023 - 03:20 PM (IST)
ਸਪੋਰਟਸ ਡੈਸਕ : ਭਾਰਤੀ ਹਾਕੀ ਟੀਮ ਭਾਵੇਂ ਹੀ ਓਲੰਪਿਕ ਵਿਚ 8 ਸੋਨ ਤਮਗੇ ਜਿੱਤਣ ਵਿਚ ਸਫਲ ਰਹੀ ਹੈ ਪਰ ਵਿਸ਼ਵ ਕੱਪ ਵਿਚ ਉਸਦੇ ਨਾਂ ’ਤੇ ਸਿਰਫ ਇਕ ਹੀ ਸੋਨ ਤਮਗਾ ਹੈ। ਇਸ ਸਾਲ 13 ਜਨਵਰੀ ਤੋਂ ਓਡਿਸ਼ਾ ਦੇ ਰਾਓਰਕੇਲਾ ਵਿਚ ਹਾਕੀ ਵਿਸ਼ਵ ਕੱਪ ਸ਼ੁਰੂ ਹੋਣ ਜਾ ਰਿਹਾ ਹੈ। ਇਸ ਵਿਚ ਦੁਨੀਆ ਭਰ ਦੇ ਟਾਪ-16 ਦੇਸ਼ਾਂ ਦੀਆਂ ਧਾਕੜ ਟੀਮਾਂ ਹਿੱਸਾ ਲੈ ਰਹੀਆਂ ਹਨ। ਭਾਰਤੀ ਟੀਮ ਇਕ ਵਾਰ ਫਿਰ ਤੋਂ ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ ਤੇ ਰਾਓਰਕੇਲਾ ਦੇ ਬਿਰਸਾ ਮੁੰਡਾ ਸਟੇਡੀਅਮ ਵਿਚ ਆਪਣਾ ਸੁਫ਼ਨਾ ਸੱਚ ਕਰਨ ਲਈ ਉਤਰੇਗੀ।
ਵਿਸ਼ਵ ਕੱਪ ਲਈ 16 ਟੀਮਾਂ ਨੂੰ 4 ਗਰੁੱਪਾਂ ਵਿਚ ਵੰਡਿਆ ਗਿਆ ਹੈ। ਭਾਰਤੀ ਟੀਮ ਪੂਲ-ਡੀ ਵਿਚ ਸ਼ਾਮਲ ਹੈ। ਪੂਲ-ਏ ਵਿਚ ਆਸਟ੍ਰੇਲੀਆ ਤੇ ਫਰਾਂਸ ਵਰਗੀਆਂ ਧਾਕੜ ਟੀਮਾਂ ਹਨ ਤੇ ਪੂਲ-ਬੀ ਵਿਚ ਜਰਮਨੀ ਤੇ ਜਾਪਾਨ, ਪੂਲ-ਸੀ ਵਿਚ ਨੀਦਰਲੈਂਡ ਤੇ ਚਿਲੀ ਵਰਗੀਆਂ ਟੀਮਾਂ ਨੂੰ ਰੱਖਿਆ ਗਿਆ ਹੈ ਤੇ ਉੱਥੇ ਹੀ, ਪੂਲ-ਡੀ ਵਿਚ ਭਾਰਤ ਦੇ ਨਾਲ ਇੰਗਲੈਂਡ, ਸਪੇਨ ਤੇ ਵੇਲਸ ਵਰਗੀਆਂ ਟੀਮਾਂ ਹਨ। ਵਿਸ਼ਵ ਰੈਂਕਿੰਗ ਵਿਚ ਭਾਰਤ ਦੀ ਟੀਮ 5ਵੇਂ ਸਥਾਨ ’ਤੇ ਹੈ। ਮੇਜ਼ਬਾਨ ਦੇਸ਼ ਹੋਣ ਦੇ ਨਾਅਤੇ ਭਾਰਤ ਨੇ ਸਿੱਧੇ ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ ਹੈ।
ਇਹ ਵੀ ਪੜ੍ਹੋ : ਚੇਤਨ ਸ਼ਰਮਾ ਮੁੜ ਬਣੇ ਭਾਰਤੀ ਚੋਣ ਕਮੇਟੀ ਦੇ ਪ੍ਰਧਾਨ, T-20 ਵਿਸ਼ਵ ਕੱਪ ਮਗਰੋਂ ਖੁੱਸਿਆ ਸੀ ਅਹੁਦਾ
ਪੂਲ-ਏ
ਆਸਟਰੇਲੀਆ
ਅਰਜਨਟੀਨਾ
ਫਰਾਂਸ
ਦੱਖਣੀ ਅਫਰੀਕਾ
ਪੂਲ-ਬੀ
ਬੈਲਜੀਅਮ
ਜਰਮਨੀ
ਕੋਰੀਆ
ਜਾਪਾਨ
ਪੂਲ-ਸੀ
ਨੀਦਰਲੈਂਡ
ਨਿਊਜ਼ੀਲੈਂਡ
ਮਲੇਸ਼ੀਆ
ਚਿਲੀ
ਪੂਲ-ਡੀ
ਭਾਰਤ
ਇੰਗਲੈਂਡ
ਸਪੇਨ
ਵੇਲਸ
ਕੀ ਹੈ ਭਾਰਤ ਦਾ ਹੁਣ ਤਕ ਦਾ ਪ੍ਰੋਗਰਾਮ ?
ਭਾਰਤ ਬਨਾਮ ਸਪੇਨ-13 ਜਨਵਰੀ 2023 ਸ਼ਾਮ 7 ਵਜੇ
ਭਾਰਤ ਬਨਾਮ ਇੰਗਲੈਂਡ- 15 ਜਨਵਰੀ 2023 ਸ਼ਾਮ 7 ਵਜੇ
ਭਾਰਤ ਬਨਾਮ ਵੇਲਸ-19 ਜਨਵਰੀ 2023 ਸ਼ਾਮ 7 ਵਜੇ
ਭਾਰਤੀ ਟੀਮ
ਪੀ. ਆਰ. ਸ਼੍ਰੀਜੇਸ਼, ਕ੍ਰਿਸ਼ਣ ਪਾਠਕ, ਸੁਰਿੰਦਰ ਕੁਮਾਰ, ਹਰਮਨਪ੍ਰੀਤ ਸਿੰਘ (ਕਪਤਾਨ), ਵਰੁਣ ਕੁਮਾਰ, ਅਮਿਤ ਰੋਹਿਦਾਸ (ਉਪ ਕਪਤਾਨ), ਨੀਲਮ ਸੰਜੀਪ ਐਕਸ, ਮਨਪ੍ਰੀਤ ਸਿੰਘ, ਹਾਰਦਿਕ ਸਿੰਘ, ਨੀਲਕਾਂਤ ਸ਼ਰਮਾ, ਸ਼ਮਸ਼ੇਰ ਸਿੰਘ, ਵਿਵੇਕ ਸਾਗਰ ਪ੍ਰਸਾਦ, ਆਕਾਸ਼ਦੀਪ ਸਿੰਘ, ਮਨਦੀਪ ਸਿੰਘ, ਲਲਿਤਾ ਕੁਮਾਰ ਉਪਾਧਿਆਏ, ਅਭਿਸ਼ੇਕ, ਸੁਖਜੀਤ ਸਿੰਘ, ਰਾਜਕੁਮਾਰ ਪਾਲ, ਜੁਗਰਾਜ ਸਿੰਘ।
ਵਿਸ਼ਵ ਕੱਪ ’ਚ ਹੁਣ ਤਕ ਭਾਰਤ
1971 ਸਪੇਨ : ਤੀਜਾ ਸਥਾਨ
1973 ਨੀਦਰਲੈਂਡ : ਉਪ ਜੇਤੂ
1975 ਮਲੇਸ਼ੀਆ : ਚੈਂਪੀਅਨ
1978 ਅਰਜਨਟੀਨਾ : ਛੇਵਾਂ ਸਥਾਨ
1982 ਬੰਬਈ : 5ਵਾਂ ਸਥਾਨ
1986 ਲੰਡਨ : 12ਵਾਂ ਸਥਾਨ
1990 ਲਾਹੌਰ : 10ਵਾਂ ਸਥਾਨ
1994 ਸਿਡਨੀ : 5ਵਾਂ ਸਥਾਨ
1998 ਨੀਦਰਲੈਂਡ : 9ਵਾਂ ਸਥਾਨ
2002 ਮਲੇਸ਼ੀਆ : 10ਵਾਂ ਸਥਾਨ
2006 ਜਰਮਨੀ : 11ਵਾਂ ਸਥਾਨ
2010 ਨਵੀਂ ਦਿੱਲੀ : 8ਵਾਂ ਸਥਾਨ
2014 ਨੀਦਰਲੈਂਡ : 9ਵਾਂ ਸਥਾਨ
2018 ਭੁਵਨੇਸ਼ਵਰ : 6ਵਾਂ ਸਥਾਨ
ਇਹ ਵੀ ਪੜ੍ਹੋ : 3 ਘੰਟੇ ਤਕ ਚਲਿਆ ਰਿਸ਼ਭ ਪੰਤ ਦਾ ਆਪਰੇਸ਼ਨ ਰਿਹਾ ਸਫਲ, ਜਾਣੋ ਕਦੋਂ ਕਰਨਗੇ ਕ੍ਰਿਕਟ ਦੇ ਮੈਦਾਨ 'ਤੇ ਵਾਪਸੀ
ਹਾਕੀ ਵਿਸ਼ਵ ਕੱਪ ਇਤਿਹਾਸ
ਹਾਕੀ ਵਿਸ਼ਵ ਕੱਪ ਦੀ ਸ਼ੁਰੂਆਤ 52 ਸਾਲ ਪਹਿਲਾਂ ਹੋਈ ਸੀ। ਭਾਰਤ ਨੇ 48 ਸਾਲ ਪਹਿਲਾਂ 1975 ਵਿਚ ਹਾਕੀ ਵਿਸ਼ਵ ਕੱਪ ਵਿਚ ਸੋਨ ਤਮਗਾ ਜਿੱਤਿਆ ਸੀ। ਇਸ ਤੋਂ ਬਾਅਦ ਤੋਂ ਹੀ ਭਾਰਤੀ ਟੀਮ ਵੱਡੇ ਟੂਰਨਾਮੈਂਟਾਂ ਵਿਚ ਸੰਘਰਸ਼ ਕਰ ਰਹੀ ਹੈ। ਹਾਲਾਂਕਿ ਇਸ ਵਾਰ ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਭਾਰਤੀ ਟੀਮ 48 ਸਾਲਾਂ ਦਾ ਸੋਕਾ ਖਤਮ ਕਰਨ ਵਿਚ ਕਾਮਯਾਬ ਹੋ ਜਾਵੇਗੀ। ਭਾਰਤ ਕੁਲ ਮਿਲਾ ਕੇ ਚੌਥੀ ਵਾਰ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ। ਇਸ ਤੋਂ ਪਹਿਲਾਂ 1982 ਵਿਚ ਭਾਰਤ ਨੇ ਵਿਸ਼ਵ ਕੱਪ ਦੀ ਮੇਜ਼ਬਾਨੀ ਕੀਤੀ ਸੀ। ਇਸ ਤੋਂ ਇਲਵਾ 2010 ਤੇ 2018 ਵਿਚ ਵੀ ਭਾਰਤ ਹਾਕੀ ਵਿਸ਼ਵ ਕੱਪ ਦਾ ਆਯੋਜਨ ਕਰ ਚੁੱਕਾ ਹੈ।
ਹਰਮਨਪ੍ਰੀਤ ’ਤੇ ਵੱਡੀ ਜ਼ਿੰਮੇਵਾਰੀ
ਹਰਮਨਪ੍ਰੀਤ ਨੇ 2020 ਟੋਕੀਓ ਓਲੰਪਿਕ ਖੇਡਾਂ ਵਿਚ ਭਾਰਤ ਨੂੰ ਕਾਂਸੀ ਤਮਗਾ ਦਿਵਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਭਾਰਤ ਨੇ 41 ਸਾਲ ਬਾਅਦ ਓਲੰਪਿਕ ਵਿਚ ਤਮਗਾ ਜਿੱਤਿਆ ਸੀ। ਜਰਮਨੀ ਵਿਰੁੱਧ ਕਾਂਸੀ ਤਮਗੇ ਦੇ ਮੁਕਾਬਲੇ ਤੋਂ ਇਲਾਵਾ ਮਹੱਤਵਪੂਰਨ ਮੈਚਾਂ ਵਿਚ ਉਸ ਨੇ ਵਧੀਆ ਖੇਡ ਦਿਖਾਈ ਤੇ ਟੂਰਨਾਮੈਂਟ ਵਿਚ 6 ਗੋਲ ਕੀਤੇ। ਉਹ ਟੀਮ ਦਾ ਬੈਸਟ ਸਕੋਰਰ ਵੀ ਰਿਹਾ। ਸਿੰਘ ਨੇ ਐੱਫ. ਆਈ. ਐੱਚ. ਪ੍ਰੋ ਲੀਗ 2021-22 ਵਿਚ ਆਪਣੇ ਕਰੀਅਰ ਦੇ 100 ਗੋਲ ਪੂਰੇ ਕੀਤੇ। ਆਪਣੇ 18 ਗੋਲਾਂ ਦੇ ਨਾਲ ਉਹ ਪ੍ਰਤੀਯੋਗਿਤਾ ਵਿਚ ਟਾਪ ਸਕੋਰਰ ਵੀ ਬਣਿਆ। ਸਿੰਘ ਨੂੰ ਪੁਰਸ਼ ਵਰਗ ਵਿਚ ਐੱਫ. ਆਈ. ਐੱਚ. ਪਲੇਅਰ ਆਫ ਦਿ ਈਯਰ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ। ਇਹ ਲਗਾਤਾਰ ਦੂਜੀ ਵਾਰ ਸੀ ਜਦੋਂ ਉਸ ਨੇ ਵੱਕਾਰੀ ਉਪਾਧੀ ਹਾਸਲ ਕੀਤੀ।
ਭਾਰਤੀ ਟੀਮ ਦੀ ਕਪਤਾਨੀ ਕਰਨਾ ਇਕ ਚੰਗਾ ਤਜਰਬਾ ਹੁੰਦਾ ਹੈ। ਮੈਂ ਚਾਹੁੰਦਾ ਹਾਂ ਕਿ ਉਹ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰੇ ਤੇ ਆਤਮਵਿਸ਼ਵਾਸ ਦੇ ਨਾਲ ਖੇਡੇ। ਟੀਮ ਕੋਲ ਗੁਣਵੱਤਾ ਵਾਲੇ ਖਿਡਾਰੀ ਹਨ।
-ਦਿਲੀਪ ਟ੍ਰਿਕੀ, ਭਾਰਤ ਦਾ ਸਾਬਕਾ ਕਪਤਾਨ
ਇਹ ਹਨ 5 ਸਭ ਤੋਂ ਵੱਡੇ ਦਾਅਵੇਦਾਰ
ਜਰਮਨੀ
ਜਰਮਨੀ ਕੋਲ ਤਜਰਬੇਕਾਰ ਟੀਮ ਹੈ, ਜਿਹੜੀ ਪ੍ਰੋ ਲੀਗ ਵਿਚ ਤੀਜੇ ਸਥਾਨ ’ਤੇ ਹੈ। ਭਾਰਤ ਨੇ ਉਸ ਨੂੰ ਟੋਕੀਓ ਓਲੰਪਿਕ ਵਿਚ ਕਾਂਸੀ ਤਮਗੇ ਦੇ ਮੈਚ ਵਿਚ ਹਰਾਇਆ ਸੀ। 2018 ਵਿਚ ਹੋਏ ਵਿਸ਼ਵ ਕੱਪ ਵਿਚ ਉਹ ਪੰਜਵੇਂ ਸਥਾਨ ’ਤੇ ਰਿਹਾ ਸੀ। 2002 ਤੇ 2006 ਵਿਚ ਸਪੇਨ ਨੇ ਹਾਕੀ ਵਿਸ਼ਵ ਕੱਪ ਜਿੱਤਿਆ ਸੀ। ਹੁਣ ਕੋਚ ਐਰਿਕ ਲੈਂਗਨਰ ਦੀ ਅਗਵਾਈ ਤੇ ਕ੍ਰਿਸਟੋਫਰ ਰੂਹਰ ਵਰਗੇ ਖਿਡਾਰੀਆਂ ਦੇ ਨਾਲ ਸਪੇਨ ਦੁਬਾਰਾ ਚੁਣੌਤੀ ਦੇਣ ਲਈ ਉਤਰੇਗਾ।
ਨੀਦਰਲੈਂਡ
ਪਿਛਲੇ ਦੋ ਹਾਕੀ ਵਿਸ਼ਵ ਕੱਪ ਵਿਚ ਡਚ ਟੀਮ ਦਾ ਦਿਲ ਟੁੱਟਿਆ ਸੀ। 2018 ਫਾਈਨਲ ਵਿਚ ਉਹ ਬੈਲਜੀਅਮ ਤੋਂ ਪੈਨਲਟੀ ਸ਼ੂਟਆਊਟ ਵਿਚ ਹਾਰ ਗਏ ਸਨ। ਟੀਮ ਕੋਲ ਮੌਜੂਦਾ ਸਮੇਂ ਵਿਚ ਸਭ ਤੋਂ ਵੱਧ ਹਾਕੀ ਵਿਸ਼ਵ ਕੱਪ ਫਾਈਨਲ ਹਾਰ ਜਾਣ (4) ਦਾ ਰਿਕਾਰਡ ਹੈ। ਉਹ ਪਿਛਲੇ ਦੋ ਵਿਸ਼ਵ ਕੱਪ ਵਿਚ ਉਪ ਜੇਤੂ ਰਹੇ ਹਨ। ਡੱਚ ਟੀਮ ਨੇ ਆਪਣੇ ਇਤਿਹਾਸ ਵਿਚ ਪੁਰਸ਼ਾਂ ਦਾ ਹਾਕੀ ਵਿਸ਼ਵ ਕੱਪ 3 ਵਾਰ ਜਿੱਤਿਆ ਹੈ। ਮੁੱਖ ਕੋਚ ਜੀਰੋ ਡੇਲਮੀ ’ਤੇ ਜਿੱਤ ਦਿਵਾਉਣ ਦੀ ਜ਼ਿੰਮੇਵਾਰੀ ਹੋਵੇਗੀ।
ਭਾਰਤ
ਭਾਰਤ ਨੇ ਆਖਰੀ ਵਾਰ 48 ਸਾਲ ਪਹਿਲਾਂ ਸੁਰਜੀਤ ਸਿੰਘ ਰੰਧਾਵਾ ਦੀ ਕਪਤਾਨੀ ਵਿਚ ਖਿਤਾਬ ਜਿੱਤਿਆ ਸੀ। ਭਾਰਤ ਨੇ 1975 ਵਿਚ ਫਾਈਨਲ ਵਿਚ ਪਾਕਿਸਤਾਨ ਨੂੰ 2-1 ਨਾਲ ਹਰਾਇਆ ਸੀ। ਇਸ ਵਿਚ ਹਾਕੀ ਜਾਦੂਗਰ ਧਿਆਨਚੰਦ ਦੇ ਬੇਟੇ ਅਸ਼ੋਕ ਕੁਮਾਰ ਨੇ ਜੇਤੂ ਗੋਲ ਕੀਤਾ ਸੀ। ਟੀਮ ਇੰਡੀਆ ਨੇ ਕੋਚ ਗ੍ਰਾਹਮ ਰੀਡ ਦੀ ਅਗਵਾਈ ਵਿਚ ਏਸ਼ੀਆ ਕੱਪ ਦਾ ਕਾਂਸੀ, ਟੋਕੀਓ ਓਲੰਪਿਕ ਦਾ ਕਾਂਸੀ, ਬਰਮਿੰਘਮ ਕਾਮਨਵੈਲਥ ਦਾ ਚਾਂਦੀ ਤੇ ਪ੍ਰੋ ਲੀਗ ਵਿਚ ਤੀਜਾ ਸਥਾਨ ਹਾਸਲ ਕੀਤਾ ਸੀ।
ਬੈਲਜੀਅਮ
ਬੈਲਜੀਅਮ 2018 ਸੈਸ਼ਨ ਵਿਚ ਵਿਸ਼ਵ ਕੱਪ ਜਿੱਤ ਕੇ ਡਿਫੈਂਡਿੰਗ ਚੈਂਪੀਅਨ ਹੈ। ਬੈਲਜੀਅਮ ਨੇ ਪਹਿਲੀ ਵਾਰ ਇਹ ਟੂਰਨਾਮੈਂਟ ਜਿੱਤਿਆ ਸੀ। ਫਾਈਨਲ ਮੁਕਾਬਲੇ ਵਿਚ ਨੀਦਰਲੈਂਡ ਦੇ ਨਾਲ ਸਕੋਰ 0-0 ਟਾਈ ਹੋਣ ਤੋਂ ਬਾਅਦ ਨਤੀਜਾ ਪੈਨਲਟੀ ਸ਼ੂਟਆਊਟ ਰਾਹੀਂ ਕੱਢਿਆ ਗਿਆ ਸੀ। ਇਸ ਵਿਚ ਬੈਲਜੀਅਮ ਦੀ ਟੀਮ 3-2 ਨਾਲ ਜੇਤੂ ਰਹੀ ਸੀ। ਬੈਲਜੀਅਮ ਨੇ ਹਾਕੀ ਵਿਸ਼ਵ ਕੱਪ ਲਈ 18 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਉਮੀਦ ਹੈ ਕਿ ਉਹ ਆਪਣਾ ਖਿਤਾਬ ਬਚਾ ਲਵੇਗੀ।
ਆਸਟਰੇਲੀਆ
ਰੈਂਕਿੰਗ ਵਿਚ ਆਸਟਰੇਲੀਆ ਨੰਬਰ ਇਕ ’ਤੇ ਹੈ। 3 ਵਾਰ ਦੀ ਵਿਸ਼ਵ ਕੱਪ ਜੇਤੂ ਆਸਟਰੇਲੀਆ ਨੇ ਵਿਸ਼ਵ ਕੱਪ ਦੇ 92 ਮੈਚਾਂ ਵਿਚੋਂ 69 ਜਿੱਤੇ ਹਨ। ਉਸਦਾ ਜਿੱਤ ਫੀਸਦੀ 75 ਬਣਦਾ ਹੈ। ਉਹ ਪ੍ਰਤੀ ਮੈਚ 3.31 ਫੀਸਦੀ ਗੋਲ ਕਰ ਰਹੇ ਹਨ। ਆਸਟਰੇਲੀਆ ਨੇ 1989 ਵਿਚ ਆਪਣਾ ਪਹਿਲਾ ਖਿਤਾਬ ਜਿੱਤਿਆ ਸੀ। ਇਸ ਤੋਂ ਬਾਅਦ 2010 ਤੇ 2014 ਵਿਚ ਦੋ ਹੋਰ ਖਿਤਾਬ ਜਿੱਤੇ। ਪਿਛਲੇ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿਚ ਉਹ ਨੀਦਰਲੈਂਡ ਹੱਥੋਂ ਹਾਰ ਗਿਆ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।