ਕਬੱਡੀ ਮਾਸਟਰਸ ਲਈ ਭਾਰਤੀ ਟੀਮ ਦੁਬਈ ਰਵਾਨਾ
Wednesday, Jun 20, 2018 - 08:30 AM (IST)
ਨਵੀਂ ਦਿੱਲੀ— ਅਜੇ ਠਾਕੁਰ ਦੀ ਅਗਵਾਈ 'ਚ ਭਾਰਤੀ ਕਬੱਡੀ ਟੀਮ ਦੁਬਈ 'ਚ 22 ਤੋਂ 30 ਜੂਨ ਤੱਕ ਹੋਣ ਵਾਲੇ ਕਬੱਡੀ ਮਾਸਟਰਸ ਟੂਰਨਾਮੈਂਟ 'ਚ ਹਿੱਸਾ ਲੈਣ ਦੁਬਈ ਰਵਾਨਾ ਹੋ ਗਈ ਹੈ। ਕਬੱਡੀ ਮਾਸਟਰਸ 'ਚ 6 ਟੀਮਾਂ ਭਾਰਤ, ਪਾਕਿਸਤਾਨ, ਕੋਰੀਆ, ਈਰਾਨ, ਅਰਜਨਟੀਨਾ ਅਤੇ ਕੀਨੀਆ ਹਿੱਸਾ ਲੈ ਰਹੇ ਹਨ। ਭਾਰਤ, ਪਾਕਿਸਤਾਨ ਅਤੇ ਕੀਨੀਆ ਨੂੰ ਗਰੁੱਪ ਏ 'ਚ ਰਖਿਆ ਗਿਆ ਹੈ ਜਦਕਿ ਗਰੁੱਪ ਬੀ 'ਚ ਈਰਾਨ, ਕੋਰੀਆ ਅਤੇ ਅਰਜਨਟੀਨਾ ਨੂੰ ਰਖਿਆ ਗਿਆ ਹੈ।
ਭਾਰਤ ਅਤੇ ਪਾਕਿਸਾਤਨ ਦੀਆਂ ਟੀਮਾਂ ਗਰੁੱਪ ਮੈਚਾਂ 'ਚ ਦੋ ਵਾਰ 22 ਅਤੇ 25 ਜੂਨ ਨੂੰ ਭਿੜਨਗੀਆਂ। ਦੋਹਾਂ ਗਰੁੱਪ 'ਚ ਹਰ ਟੀਮ 2-2 ਵਾਰ ਇਕ ਦੂਜੇ ਨਾਲ ਖੇਡੇਗੀ ਅਤੇ ਚੋਟੀ ਦੀਆਂ ਦੋ ਟੀਮਾਂ ਸੈਮੀਫਾਈਨਲ 'ਚ ਪਹੁੰਚਣਗੀਆਂ। ਟੂਰਨਾਮੈਂਟ 'ਚ ਰੋਜ਼ਾਨਾ ਦੋ ਮੈਚ ਹੋਣਗੇ ਅਤੇ ਭਾਰਤੀ ਸਮੇਂ ਮੁਤਾਬਕ ਰਾਤ ਅੱਠ ਵਜੇ ਅਤੇ ਨੌ ਵਜੇ ਖੇਡੇ ਜਾਣਗੇ। ਕੌਮਾਂਤਰੀ ਕਬੱਡੀ ਮਹਾਸੰਘ ਇਸ ਟੂਰਨਾਮੈਂਟ ਦਾ ਆਯੋਜਨ ਕਰ ਰਿਹਾ ਹੈ। ਇਸ ਨੂੰ ਸਪੋਰਟਸ ਕਾਊਂਸਲ ਦਾ ਸਮਰਥਨ ਪ੍ਰਾਪਤ ਹੈ ਅਤੇ ਇਹ ਦੁਬਈ ਦੇ ਅਲ ਵਸਲ ਸਪੋਰਟਸ ਕਲੱਬ 'ਚ ਆਯੋਜਿਤ ਹੋਵੇਗਾ।