ਦੁਬਈ ਦੇ ਨਟਵਰ ਲਾਲ ਦਾ ਕਾਰਾ, ਜਾਅਲੀ ਸਾਈਨ ਕਰ ਕੇ ਬਣਾਈ ਡੈਕਲਾਰੇਸ਼ਨ ਸਟੇਟਮੈਂਟ ਅਤੇ ਬਿਜ਼ਨੈੱਸ ਐਗਰੀਮੈਂਟ

Thursday, Nov 14, 2024 - 07:25 AM (IST)

ਦੁਬਈ ਦੇ ਨਟਵਰ ਲਾਲ ਦਾ ਕਾਰਾ, ਜਾਅਲੀ ਸਾਈਨ ਕਰ ਕੇ ਬਣਾਈ ਡੈਕਲਾਰੇਸ਼ਨ ਸਟੇਟਮੈਂਟ ਅਤੇ ਬਿਜ਼ਨੈੱਸ ਐਗਰੀਮੈਂਟ

ਜਲੰਧਰ (ਵਰੁਣ) : ਲੰਮੇ ਸਮੇਂ ਤਕ ਦੁਬਈ ਰਹਿਣ ਵਾਲੇ ਨਟਵਰ ਲਾਲ ਨੇ ਆਪਣੇ ਹੀ ਰਿਸ਼ਤੇਦਾਰਾਂ ਖ਼ਿਲਾਫ਼ ਜਾਅਲੀ ਸਾਈਨ ਕਰ ਕੇ ਡੈਕਲਾਰੇਸ਼ਨ ਸਟੇਟਮੈਂਟ ਅਤੇ ਬਿਜ਼ਨੈੱਸ ਐਗਰੀਮੈਂਟ ਤਿਆਰ ਕਰ ਕੇ ਪੁਲਸ ਨੂੰ ਸ਼ਿਕਾਇਤਾਂ ਕਰ ਦਿੱਤੀਆਂ। ਇਨ੍ਹਾਂ ਵਿਚੋਂ ਇਕ ਸ਼ਿਕਾਇਤ ’ਤੇ ਰਾਜ਼ੀਨਾਮਾ ਵੀ ਹੋ ਗਿਆ ਸੀ ਪਰ ਉਸ ’ਤੇ ਜਾਅਲੀ ਸਾਈਨ ਕਰ ਕੇ ਡੈਕਲਾਰੇਸ਼ਨ ਆਫ ਸਟੇਟਮੈਂਟ ਤਿਆਰ ਕਰ ਕੇ ਦੁਬਾਰਾ ਸ਼ਿਕਾਇਤ ਕਰ ਕੇ ਕਾਰਵਾਈ ਕਰਵਾ ਦਿੱਤੀ।

ਜਾਅਲੀ ਸਾਈਨ ਕਰ ਕੇ ਪੁਲਸ ਨੂੰ ਵੀ ਗੁੰਮਰਾਹ ਕਰਨ ਵਾਲੇ ਪ੍ਰਦੀਪ ਕੁਮਾਰ ਪੁੱਤਰ ਰਾਜਾ ਰਾਮ ਵਾਸੀ ਖਹਿਰਾ ਐਨਕਲੇਵ ਲੱਧੇਵਾਲੀ ਰੋਡ ਨੂੰ ਥਾਣਾ ਨਵੀਂ ਬਾਰਾਂਦਰੀ ਦੀ ਪੁਲਸ ਨੇ ਨਾਮਜ਼ਦ ਕਰ ਲਿਆ ਹੈ ਅਤੇ ਉਹ ਆਪਣਾ ਮੋਬਾਈਲ ਬੰਦ ਕਰ ਕੇ ਫ਼ਰਾਰ ਹੈ।

ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਗਗਨਦੀਪ ਖੋਸਲਾ ਪੁੱਤਰ ਇੰਦਰ ਖੋਸਲਾ ਵਾਸੀ ਪ੍ਰੀਤ ਨਗਰ ਲਾਡੋਵਾਲੀ ਰੋਡ ਨੇ ਦੱਸਿਆ ਕਿ ਰਿਸ਼ਤੇ ਵਿਚ ਉਸਦਾ ਮਾਮਾ ਲੱਗਦਾ ਪ੍ਰਦੀਪ ਕੁਮਾਰ ਅਕਸਰ ਉਨ੍ਹਾਂ ਅਤੇ ਹੋਰ ਰਿਸ਼ਤੇਦਾਰਾਂ ਖ਼ਿਲਾਫ਼ ਝੂਠੀਆਂ ਸ਼ਿਕਾਇਤਾਂ ਦੇ ਕੇ ਪ੍ਰੇਸ਼ਾਨ ਕਰਦਾ ਰਹਿੰਦਾ ਹੈ। ਇਸ ਕੰਮ ਵਿਚ ਉਸ ਨਾਲ ਕੁਝ ਲੋਕਲ ਲੋਕ ਵੀ ਜੁੜੇ ਹੋਏ ਹਨ। ਮਾਮਾ ਪ੍ਰਦੀਪ ਲੰਮੇ ਸਮੇਂ ਤਕ ਦੁਬਈ ਵਿਚ ਰਿਹਾ ਪਰ ਹੁਣ ਕੁਝ ਸਮੇਂ ਤੋਂ ਇਥੇ ਹੈ, ਜਿਸ ਨੇ 2011 ਵਿਚ ਉਸ ਨੂੰ ਵੀ ਆਪਣੀ ਇਕ ਰਿਸ਼ਤੇਦਾਰ ਦਾ ਜਾਅਲੀ ਐਕਸਪੀਰੀਐਂਸ ਲੈਟਰ ਬਣਾਉਣ ਲਈ ਕਿਹਾ ਸੀ, ਜਿਸ ਨੂੰ ਲੈ ਕੇ ਉਸਨੇ ਸਾਫ ਮਨ੍ਹਾ ਕਰ ਦਿੱਤਾ।

ਇਹ ਵੀ ਪੜ੍ਹੋ : 'ਗੈਸ ਚੈਂਬਰ' ਬਣੀ ਦਿੱਲੀ 'ਚ ਇਨ੍ਹਾਂ ਗੱਡੀਆਂ ਖ਼ਿਲਾਫ਼ ਸਖ਼ਤ ਐਕਸ਼ਨ ਜ਼ਰੂਰੀ, CAQM ਨੇ ਸੂਬਿਆਂ ਨੂੰ ਦਿੱਤੀ ਸਲਾਹ

ਇਸ ਗੱਲ ਦੇ ਉਸ ਕੋਲ ਸਾਰੇ ਸਬੂਤ ਵੀ ਹਨ। ਮਨ੍ਹਾ ਕਰਨ ’ਤੇ ਉਸਦਾ ਮਾਮਾ ਉਸ ਨਾਲ ਨਾਰਾਜ਼ ਰਹਿਣ ਲੱਗਾ। ਉਪਰੰਤ ਉਸਨੇ ਉਨ੍ਹਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਖ਼ਿਲਾਫ਼ ਪੁਲਸ ਵਿਚ ਸ਼ਿਕਾਇਤਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਕ ਸ਼ਿਕਾਇਤ ਉਨ੍ਹਾਂ ਦੇ ਖ਼ਿਲਾਫ਼ ਵੀ ਦਿੱਤੀ ਸੀ, ਜਿਸ ਦਾ ਰਾਜ਼ੀਨਾਮਾ ਹੋ ਗਿਆ ਸੀ ਪਰ ਉਸਨੇ ਆਸ਼ਾ ਖੋਸਲਾ ਦੇ ਜਾਅਲੀ ਸਾਈਨ ਕਰ ਕੇ ਡੈਕਲਾਰੇਸ਼ਨ ਆਫ ਸਟੇਟਮੈਂਟ ਤਿਆਰ ਕਰ ਕੇ ਦੁਬਾਰਾ ਸ਼ਿਕਾਇਤ ਕਰ ਦਿੱਤੀ, ਜਦਕਿ ਜਿਸ ਆਸ਼ਾ ਖੋਸਲਾ ਦੇ ਸਾਈਨ ਸਨ, ਉਹ ਉਸ ਸਮੇਂ ਨਵਾਂਸ਼ਹਿਰ ਵਿਚ ਹੋ ਰਹੇ ਗਗਨਦੀਪ ਖੋਸਲਾ ਦੇ ਵਿਆਹ ਵਿਚ ਸੀ।

ਇਸ ਤੋਂ ਇਲਾਵਾ ਵੀ ਉਸਨੇ ਕੌਸ਼ੱਲਿਆ ਰਾਣੀ ਦੇ ਬਿਜ਼ਨੈੱਸ ਐਗਰੀਮੈਂਟ ਵਿਚ ਫਰਜ਼ੀ ਸਾਈਨ ਕੀਤੇ। ਉਨ੍ਹਾਂ ਨੂੰ ਉਦੋਂ ਪਤਾ ਲੱਗਾ, ਜਦੋਂ ਪ੍ਰਦੀਪ ਕੁਮਾਰ ਦੇ ਦਸਤਾਵੇਜ਼ਾਂ ਵਿਚ ਜਾਅਲੀ ਸਾਈਨ ਕਰਨ ਤੋਂ ਪਹਿਲਾਂ ਕੀਤੀ ਗਈ ਪ੍ਰੈਕਟਿਸ ਦੇ ਪੇਪਰ ਮਿਲੇ, ਜਿਸ ’ਤੇ ਉਸ ਨੇ ਕਈ ਵਾਰ ਸਾਈਨ ਕੀਤੇ ਸਨ। ਪੁਲਸ ਨੂੰ ਦਿੱਤੇ ਗਏ ਡੈਕਲਾਰੇਸ਼ਨ ਆਫ ਸਟੇਟਮੈਂਟ ਅਤੇ ਬਿਜ਼ਨੈੱਸ ਐਗਰੀਮੈਂਟ ’ਤੇ ਨਾ ਹੀ ਤਾਂ ਕਿਸੇ ਗਵਾਹ ਦੇ ਸਾਈਨ ਸਨ, ਨਾ ਹੀ ਕੋਈ ਚਸ਼ਮਦੀਦ ਗਵਾਹ ਸੀ ਅਤੇ ਨਾ ਹੀ ਉਹ ਨੋਟਰੀ ਤੋਂ ਅਟੈਸਟਿਡ ਕਰਵਾਏ ਗਏ ਸਨ। ਇਹ ਮਾਮਲਾ ਪੁਲਸ ਤਕ ਪਹੁੰਚਿਆ ਤਾਂ ਪੇਸ਼ ਕੀਤੇ ਦਸਤਾਵੇਜ਼ਾਂ ਤੋਂ ਇਲਾਵਾ ਸਾਈਨਾਂ ਨੂੰ ਐੱਫ. ਐੱਸ. ਐੱਲ. ਵਿਚ ਜਾਂਚ ਲਈ ਭੇਜਿਆ, ਜੋ ਫਰਜ਼ੀ ਨਿਕਲੇ।

ਇਸ ਦੀ ਜਾਂਚ ਤੋਂ ਬਾਅਦ ਥਾਣਾ ਨਵੀਂ ਬਾਰਾਦਰੀ ਵਿਚ ਪ੍ਰਦੀਪ ਪੁੱਤਰ ਰਾਜਾ ਰਾਮ ਵਾਸੀ ਖਹਿਰਾ ਐਨਕਲੇਵ ਖ਼ਿਲਾਫ਼ ਧਾਰਾ 465, 467, 468, 471 ਤਹਿਤ ਕੇਸ ਦਰਜ ਕਰ ਲਿਆ ਗਿਆ। ਓਧਰ ਥਾਣਾ ਨਵੀਂ ਬਾਰਾਦਰੀ ਦੇ ਇੰਚਾਰਜ ਕਮਲਜੀਤ ਸਿੰਘ ਦਾ ਕਹਿਣਾ ਹੈ ਕਿ ਪ੍ਰਦੀਪ ਦੇ ਘਰ ’ਤੇ ਰੇਡ ਕੀਤੀ ਗਈ ਸੀ, ਪਰ ਉਹ ਘਰੋਂ ਫ਼ਰਾਰ ਹੈ ਅਤੇ ਮੋਬਾਈਲ ਵੀ ਬੰਦ ਹੈ ਪਰ ਜਲਦ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Sandeep Kumar

Content Editor

Related News