ਦਿੱਲੀ ਕੂਚ ਲਈ ਅੜੇ ਕਿਸਾਨ, ਅਫ਼ਸਰਾਂ ਨਾਲ ਬੈਠਕ ਰਹੀ ਬੇਸਿੱਟਾ

Tuesday, Nov 05, 2024 - 10:51 AM (IST)

ਦਿੱਲੀ ਕੂਚ ਲਈ ਅੜੇ ਕਿਸਾਨ, ਅਫ਼ਸਰਾਂ ਨਾਲ ਬੈਠਕ ਰਹੀ ਬੇਸਿੱਟਾ

ਚੰਡੀਗੜ੍ਹ (ਅਵਿਨਾਸ਼ ਪਾਂਡੇ)- ਪੰਜਾਬ ਤੇ ਹਰਿਆਣਾ ਦੇ ਸ਼ੰਭੂ ਬਾਰਡਰ ’ਤੇ ਫਰਵਰੀ ਤੋਂ ਸੜਕ ’ਤੇ ਬੈਠੇ ਕਿਸਾਨਾਂ ਦੀਆਂ ਮੰਗਾਂ ’ਤੇ ਵਿਚਾਰ ਕਰਨ ਲਈ ਚੰਡੀਗੜ੍ਹ ਦੇ ਹਰਿਆਣਾ ਨਿਵਾਸ ’ਚ ਸੋਮਵਾਰ ਨੂੰ ਅਹਿਮ ਬੈਠਕ ਹੋਈ। ਮੀਟਿੰਗ ਦੀ ਪ੍ਰਧਾਨਗੀ ਸੁਪਰੀਮ ਕੋਰਟ ਵੱਲੋਂ ਗਠਿਤ ਕਮੇਟੀ ਦੇ ਚੇਅਰਮੈਨ ਸਾਬਕਾ ਜੱਜ ਨਵਾਬ ਸਿੰਘ ਨੇ ਕੀਤੀ। ਬੈਠਕ ’ਚ ਕਿਸਾਨ ਅੰਦੋਲਨ ਦੇ ਪ੍ਰਮੁੱਖ ਚਿਹਰੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਸ਼ਾਮਲ ਨਹੀਂ ਹੋਏ ਪਰ ਡੱਲੇਵਾਲ ਗਰੁੱਪ ਦੇ ਕਈ ਆਗੂ ਮੌਜੂਦ ਸਨ। ਦੱਸਿਆ ਗਿਆ ਕਿ ਪੰਧੇਰ ਨੇ ਪਹਿਲਾਂ ਹੀ ਮੀਟਿੰਗ ’ਚ ਆਉਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਜਗਜੀਤ ਸਿੰਘ ਡੱਲੇਵਾਲ ਸਿਹਤ ਠੀਕ ਨਾ ਹੋਣ ਕਾਰਨ ਮੀਟਿੰਗ ’ਚ ਸ਼ਾਮਲ ਨਹੀਂ ਹੋ ਸਕੇ। ਬੈਠਕ ’ਚ ਕਿਸਾਨ ਆਗੂਆਂ ਨੇ ਇਕ ਵਾਰ ਮੁੜ ਕੇਂਦਰ ਸਰਕਾਰ ਨੂੰ ਸੌਂਪੀਆਂ ਗਈਆਂ 12 ਸੂਤਰੀ ਮੰਗਾਂ ਰੱਖੀਆਂ ਤੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਦੋਂ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਨੇ ਸਪੱਸ਼ਟ ਕਿਹਾ ਕਿ ਉਨ੍ਹਾਂ ਦੀ ਦਿੱਲੀ ਕੂਚ ਕਰਨ ਦੀ ਯੋਜਨਾ ਅਜੇ ਬਰਕਰਾਰ ਹੈ। ਸੂਤਰਾਂ ਮੁਤਾਬਕ ਕਿਸਾਨ ਆਗੂ ਡੱਲੇਵਾਲ ਨੇ ਆਉਣ ਵਾਲੇ ਲੋਕ ਸਭਾ ਇਜਲਾਸ ਦੌਰਾਨ ਭੁੱਖ ਹੜਤਾਲ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਕਿਸਾਨ ਜਥੇਬੰਦੀਆਂ ਨਾਲ ਬੈਠਕ ’ਚ ਹਰਿਆਣਾ ਦੇ ਡੀ.ਜੀ.ਪੀ. ਸ਼ਤਰੂਜੀਤ ਕਪੂਰ, ਗ੍ਰਹਿ ਵਿਭਾਗ ਦੀ ਸਕੱਤਰ ਰੇਨੂੰ ਫੂਲੀਆ, ਅੰਬਾਲਾ ਰੇਂਜ ਦੇ ਆਈ. ਜੀ. ਸਿਬਾਸ ਕਵੀਰਾਜ, ਅੰਬਾਲਾ ਦੇ ਐੱਸ. ਪੀ. ਸੁਰਿੰਦਰ ਭੌਰੀਆ, ਪੰਜਾਬ ਦੇ ਗ੍ਰਹਿ ਸਕੱਤਰ ਗੁਰਕੀਰਤ ਕ੍ਰਿਪਾਲ ਸਿੰਘ, ਡੀ.ਜੀ.ਪੀ. ਗੌਰਵ ਯਾਦਵ ਸਮੇਤ ਦੋਵੇਂ ਸੂਬਿਆਂ ਦੇ ਕਈ ਅਫ਼ਸਰ ਸ਼ਾਮਲ ਸਨ।

ਇਹ ਵੀ ਪੜ੍ਹੋ : 65 ਹਜ਼ਾਰ ਲੋਕਾਂ ਦਾ ਆਧਾਰ ਕਾਰਡ ਹੋਵੇਗਾ ਰੱਦ! ਜਾਣੋ ਕਾਰਨ

ਕਿਸਾਨ ਕਰਨ ਸਹਿਯੋਗ ਤਾਂ ਸਰਕਾਰ ਬਾਰਡਰ ਖੋਲ੍ਹਣ ਲਈ ਰਾਜ਼ੀ

ਹਰਿਆਣਾ ਸਰਕਾਰ ਦੇ ਅਫ਼ਸਰਾਂ ਨੇ ਬੈਠਕ ’ਚ ਕਿਹਾ ਕਿ ਉਹ ਬਾਰਡਰ ਖੋਲ੍ਹਣ ਲਈ ਤਿਆਰ ਹਨ ਪਰ ਕਿਸਾਨ ਆਗੂ ਦਿੱਲੀ ਕੂਚ ਕਰਨ ਦੀ ਗੱਲ ਤੋਂ ਪਿੱਛੇ ਹਟਣ। ਕਿਸਾਨ ਆਗੂਆਂ ਨੇ ਹਰਿਆਣਾ ਸਰਕਾਰ ਦੀ ਗੱਲ ਨੂੰ ਸਿਰੇ ਤੋਂ ਖ਼ਾਰਿਜ ਕਰ ਦਿੱਤਾ। ਕਿਸਾਨਾਂ ਨੇ ਕਿਹਾ ਕਿ ਜੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤੇ ਬਾਰਡਰ ਖੋਲ੍ਹਿਆ ਜਾਂਦਾ ਹੈ ਤਾਂ ਉਹ ਦਿੱਲੀ ਕੂਚ ਜ਼ਰੂਰ ਕਰਨਗੇ। ਬੈਠਕ ’ਚ ਪੰਜਾਬ ਸਰਕਾਰ ਦੇ ਅਫ਼ਸਰਾਂ ਨੇ ਕੇਂਦਰ ਸਰਕਾਰ ਨੂੰ ਪਹਿਲਾਂ ਦੀ ਤਰ੍ਹਾਂ ਵਿਚੋਲਗੀ ਕਰਨ ਦੀ ਗੱਲ ਕਹੀ। ਦਰਅਸਲ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਦੀ ਕੇਂਦਰੀ ਖੇਤੀਬਾੜੀ ਮੰਤਰੀ ਨਾਲ ਕਈ ਦੌਰ ਦੀ ਗੱਲਬਾਤ ਹੋਈ ਸੀ ਪਰ ਗੱਲ ਸਿਰੇ ਨਹੀਂ ਸੀ ਚੜ੍ਹ ਸਕੀ। ਲਿਹਾਜ਼ਾ ਲੋਕ ਸਭਾ ਚੋਣਾਂ ’ਚ ਤੀਜੀ ਵਾਰ ਐੱਨ. ਡੀ. ਏ. ਸਰਕਾਰ ਆਉਣ ’ਤੇ ਹੁਣ ਹਰਿਆਣਾ ’ਚ ਤੀਜੀ ਵਾਰ ਭਾਜਪਾ ਦੀ ਸਰਕਾਰ ਬਣਨ ਨਾਲ ਮਾਮਲਾ ਵੱਖਰਾ ਹੋ ਗਿਆ ਹੈ। ਹੁਣ ਕੇਂਦਰ ਤੇ ਹਰਿਆਣਾ ਸਰਕਾਰ ਕਿਸਾਨਾਂ ਨਾਲ ਜ਼ਿਆਦਾ ਮੁੱਲ ਭਾਅ ਕਰਨ ਨੂੰ ਤਿਆਰ ਨਹੀਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News