ਕੈਮਿਲਾ ਨੇ ਕਵੀਤੋਵਾ ਨੂੰ ਹਰਾ ਕੇ ਕੀਤਾ ਹੈਰਾਨ

Thursday, Jan 11, 2018 - 01:22 AM (IST)

ਸਿਡਨੀ— ਵਿਸ਼ਵ ਦੀ ਤੀਸਰੇ ਨੰਬਰ ਦੀ ਖਿਡਾਰਨ ਸਪੇਨ ਦੀ ਗਰਬਾਈਨ ਮੁਗੁਰੂਜ਼ਾ ਪੱਟ ਦੀ ਸੱਟ ਕਾਰਨ ਸਿਡਨੀ ਇੰਟਰਨੈਸ਼ਨਲ ਟੈਨਿਸ ਟੂਰਨਾਮੈਂਟ 'ਚੋਂ ਹਟ ਗਈ ਹੈ, ਜਿਸ ਨੇ ਉਸ ਦੇ ਅਗਲੇ ਹਫਤੇ ਤੋਂ ਸ਼ੁਰੂ ਹੋਣ ਜਾ ਰਹੇ ਆਸਟ੍ਰੇਲੀਅਨ ਓਪਨ 'ਚ ਖੇਡਣ ਨੂੰ ਲੈ ਕੇ ਸ਼ੱਕ ਪੈਦਾ ਕਰ ਦਿੱਤਾ ਹੈ। ਮੁਗੁਰੂਜ਼ਾ ਨੇ ਕਿੱੱਲੀ ਬਟਰੇਂਸ ਨੂੰ 6-3, 7-6 ਨਾਲ ਹਰਾਉਣ ਤੋਂ ਬਾਅਦ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ ਪਰ ਉਸ ਤੋਂ ਬਾਅਦ ਉਹ ਪੱਟ ਦੀ ਸੱਟ ਕਾਰਨ ਟੂਰਨਾਮੈਂਟ 'ਚੋਂ ਹਟ ਗਈ। ਵਿੰਬਲਡਨ ਚੈਂਪੀਅਨ ਨੂੰ ਟੂਰਨਾਮੈਂਟ 'ਚ ਵਾਈਲਡ ਕਾਰਡ ਦਿੱਤਾ ਗਿਆ ਸੀ, ਜਦਕਿ ਪਿਛਲੇ ਹਫਤੇ ਬ੍ਰਿਸਬੇਨ ਇੰਟਰਨੈਸ਼ਨਲ 'ਚ ਵੀ ਉਸ ਦੇ ਪੈਰ 'ਚ ਖਿਚਾਅ ਆ ਗਿਆ ਸੀ।  ਬਟਰੇਂਸ ਖਿਲਾਫ ਮੈਚ 'ਚ ਵੀ ਉਸ ਨੂੰ ਮੈਡੀਕਲ ਟਾਈਮ ਆਊਟ ਲੈਣਾ ਪਿਆ। ਮੁਗੁਰੂਜ਼ਾ ਨੇ ਹਾਲਾਂਕਿ ਪਿਛਲੇ ਤਿੰਨਾਂ ਮੈਚਾਂ 'ਚ ਉਸ ਨੂੰ ਹਰਾਉਣ ਵਾਲੀ ਹਾਲੈਂਡ ਦੀ ਖਿਡਾਰਨ ਨੂੰ ਹਰਾ ਕੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕੀਤਾ।
ਹਾਲਾਂਕਿ 2013 ਦੀ ਚੈਂਪੀਅਨ ਅਤੇ ਸਿਡਨੀ ਵਿਚ ਪਿਛਲੇ ਸਾਲ ਉਪ-ਜੇਤੂ ਰਹੀ ਅਗਨੇਸਕਾ ਰਦਵਾਂਸਕਾ ਨੇ ਨੌਜਵਾਨ ਅਮਰੀਕੀ ਕੁਆਲੀਫਾਇਰ ਸਿਸੀ ਬੇਲਿਸ ਨੂੰ 7-6, 6-0 ਨਾਲ ਹਰਾਉਂਦੇ ਹੋਏ ਆਪਣੀਆਂ ਤਿਆਰੀਆਂ ਨੂੰ ਪੁਖਤਾ ਕੀਤਾ। ਪੋਲੈਂਡ ਦੀ ਖਿਡਾਰਨ ਹੁਣ ਅਗਲੇ ਮੈਚ ਵਿਚ ਕੈਮਿਲਾ ਜੋਰਗੀ
ਨਾਲ ਭਿੜੇਗੀ। ਉਸ ਨੇ 2 ਵਾਰ ਦੀ ਵਿੰਬਲਡਨ ਚੈਂਪੀਅਨ ਪੇਤੜਾ ਕਵੀਤੋਵਾ ਨੂੰ 7-6, 6-2 ਨਾਲ ਹਰਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।


Related News