ISSF ਵਰਲਡ ਕੱਪ : ਸ਼ਹਿਜ਼ਰ ਰਿਜ਼ਵੀ ਨੇ ਵਿਸ਼ਵ ਰਿਕਾਰਡ ਦੇ ਨਾਲ ਜਿੱਤਿਆ ਸੋਨ ਤਗਮਾ

03/04/2018 11:45:33 AM

ਨਵੀਂ ਦਿੱਲੀ, (ਬਿਊਰੋ)— ਭਾਰਤ ਦੇ ਸ਼ਹਿਜ਼ਰ ਰਿਜ਼ਵੀ ਨੇ ਮੈਕਸੀਕੋ ਦੇ ਗਵਾਦਲਹਾਰਾ 'ਚ ਆਯੋਜਿਤ ਸ਼ੂਟਿੰਗ ਵਰਲਡ ਕਪ ਵਿੱਚ ਸੋਨ ਤਗਮਾ ਜਿੱਤਕੇ ਉਸਨੂੰ ਯਾਦਗਾਰ ਬਣਾ ਲਿਆ । ਉੱਤਰ ਪ੍ਰਦੇਸ਼ ਦੇ ਮੇਰਠ ਨਿਵਾਸੀ ਸ਼ਹਿਜ਼ਰ ਨੇ 10 ਮੀਟਰ ਏਅਰ ਪਿਸਟਲ ਵਿੱਚ ਸ਼ਨੀਵਾਰ ਨੂੰ ਦੇਰ ਰਾਤ ਸੋਨ ਤਗਮੇ 'ਤੇ ਨਿਸ਼ਾਨਾ ਵਿੰਨ੍ਹਿਆ । ਰਿਜ਼ਵੀ ਨੇ ਇਸ 10 ਮੀਟਰ ਸ਼ੂਟਿੰਗ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਣ ਦੇ ਨਾਲ-ਨਾਲ ਸ਼ੂਟਿੰਗ ਦਾ ਨਵਾਂ ਵਰਲਡ ਰਿਕਾਰਡ ਵੀ ਬਣਾਇਆ । ਗੋਲਡ ਮੈਡਲ ਲਈ ਹੋਏ ਸ਼ੂਟਆਉਟ ਵਿੱਚ ਰਿਜ਼ਵੀ ਨੇ ਰਿਕਾਰਡ 242.3 ਪੁਆਇੰਟ ਹਾਸਲ ਕਰਕੇ ਜਰਮਨੀ ਦੇ ਕ੍ਰਿਸ਼ਚੀਅਨ ਰਿਟਜ਼  (239.7) ਨੂੰ ਹਰਾਇਆ । ਇਸ ਮੁਕਾਬਲੇ ਵਿੱਚ ਭਾਰਤ ਲਈ ਦੋਹਰੀ ਖੁਸ਼ੀ ਦਾ ਮੌਕਾ ਸੀ, ਰਿਜ਼ਵੀ ਦੇ ਇਲਾਵਾ ਦੇਸ਼ ਦੇ ਦਿੱਗਜ ਸ਼ੂਟਰ ਜੀਤੂ ਰਾਏ ਨੇ ਵੀ 219 ਅੰਕ ਹਾਸਲ ਕਰਕੇ ਕਾਂਸੀ ਤਗਮਾ ਆਪਣੇ ਨਾਂ ਕੀਤਾ । 

ਰਿਜ਼ਵੀ ਲਈ ਇਹ ਉਪਲਬਧੀ ਇਸ ਲਈ ਵੀ ਖਾਸ ਹੈ ਕਿਉਂਕਿ ਉਹ ਆਪਣਾ ਪਹਿਲਾ ਹੀ ਵਰਲਡ ਕੱਪ ਖੇਡ ਰਹੇ ਹਨ । 579 ਪੁਆਇੰਟਸ ਦੇ ਨਾਲ ਰਿਜ਼ਵੀ ਭਾਰਤ ਵਲੋਂ ਸਭ ਤੋਂ ਜ਼ਿਆਦਾ ਪੁਆਇੰਟ ਹਾਸਲ ਕਰਨ ਵਾਲੇ ਖਿਡਾਰੀ ਰਹੇ । ਜੀਤੂ ਰਾਏ 578 ਅੰਕਾਂ ਦੇ ਨਾਲ ਤੀਜੇ ਸਥਾਨ ਉੱਤੇ ਰਹੇ । ਸ਼ਹਿਜ਼ਰ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਉਹ ਈਰਾਨ ਵਿੱਚ ਏਸ਼ੀਆ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲਿਸਟ ਵੀ ਬਣ ਚੁੱਕੇ ਹਨ । ਜਦਕਿ ਪਿਛਲੇ ਦੋ ਸਾਲ ਤੋਂ ਲਗਾਤਾਰ ਨੈਸ਼ਨਲ ਮੈਡਲਿਸਟ ਵੀ ਹਨ।  ਉਨ੍ਹਾਂ ਨੇ ਨਵੰਬਰ 2017 ਵਿੱਚ ਆਸਟਰੇਲੀਆ ਦੇ ਗੋਲਡ ਕੋਸਟ ਵਿੱਚ ਹੋਈ ਕਾਮਨਵੈਲਥ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ 600 ਵਿੱਚੋਂ 581 ਦਾ ਸਕੋਰ ਬਣਾਇਆ ਅਤੇ ਗੋਲਡ ਮੈਡਲ ਜਿੱਤਿਆ ਸੀ।  


Related News