ਅਕਾਲੀ ਦਲ ਨੇ ਜਨਤਕ ਕੀਤਾ ਉਮੀਦਵਾਰਾਂ ਦਾ ਅਪਰਾਧਿਕ ਰਿਕਾਰਡ
Tuesday, Apr 16, 2024 - 06:37 PM (IST)
ਚੰਡੀਗੜ੍ਹ (ਅਰਚਨਾ) : ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਚੋਣਾਂ ਲਈ ਐਲਾਨੇ ਗਏ ਪਾਰਟੀ ਦੇ ਉਮੀਦਵਾਰਾਂ ’ਚੋਂ 4 ਉਮੀਦਵਾਰਾਂ ਦਾ ਅਪਰਾਧਿਕ ਰਿਕਾਰਡ ਜਨਤਕ ਕਰ ਦਿੱਤਾ ਹੈ। ਪਾਰਟੀ ਨੇ ਫੇਸਬੁੱਕ ਪੇਜ ’ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਗੁਰਦਾਸਪੁਰ ਤੋਂ ਚੋਣ ਅਖਾੜੇ ’ਚ ਉਤਾਰੇ ਗਏ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਦਾ ਨਾਂ ਪਹਿਲੇ ਸਥਾਨ ’ਤੇ ਹੈ। ਉਨ੍ਹਾਂ ਦੇ ਅਪਰਾਧਿਕ ਰਿਕਾਰਡ ’ਚ 6 ਨਵੰਬਰ 2021 ਨੂੰ ਚੰਡੀਗੜ੍ਹ ’ਚ ਦਰਜ ਕੀਤੀ ਗਈ ਐੱਫ.ਆਈ. ਆਰ. ਦੀ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਨੇ ਤਤਕਾਲੀ ਮੁੱਖ ਮੰਤਰੀ ਦੀ ਚੰਡੀਗੜ੍ਹ ਵਿਚਲੀ ਰਿਹਾਇਸ਼ ਦੇ ਬਾਹਰ ਧਰਨਾ ਦਿੱਤਾ ਸੀ। ਇਸ ਦੌਰਾਨ ਉਨ੍ਹਾਂ ਖ਼ਿਲਾਫ਼ ਜਨਤਕ ਕੰਮ ’ਚ ਅੜਿੱਕਾ ਪਾਉਣ ’ਤੇ ਐੱਫ.ਆਈ.ਆਰ. ਦਰਜ ਕੀਤੀ ਗਈ ਸੀ।
ਇਹ ਵੀ ਪੜ੍ਹੋ : ਪਿਤਾ ਦੇ ਆਖਰੀ ਬੋਲ 'ਮੈਂ ਹੁਣ ਪਿੰਡ 'ਚ ਸਿਰ ਚੁੱਕ ਕੇ ਤੁਰਨ ਦੇ ਯੋਗ ਨਹੀਂ ਰਿਹਾ, ਲੋਕਾਂ ਦੇ ਤਾਅਨੇ ਨਹੀਂ ਸੁਣ ਸਕਦਾ'
ਦੂਜੇ ਸਥਾਨ ’ਤੇ ਅੰਮ੍ਰਿਤਸਰ ਤੋਂ ਉਮੀਦਵਾਰ ਅਨਿਲ ਜੋਸ਼ੀ ਖ਼ਿਲਾਫ਼ ਅੰਮ੍ਰਿਤਸਰ ’ਚ 31 ਅਗਸਤ 2021 ਨੂੰ ਐੱਫ.ਆਈ.ਆਰ. ਦਰਜ ਕੀਤੀ ਗਈ ਸੀ। ਮਾਮਲੇ ’ਚ ਜਾਂਚ ਜਾਰੀ ਹੈ ਤੇ ਹੁਣ ਤਕ ਚਲਾਨ ਪੇਸ਼ ਨਹੀਂ ਕੀਤਾ ਗਿਆ। ਰਿਕਾਰਡ ’ਚ ਲਿਖਿਆ ਗਿਆ ਹੈ ਕਿ ਜੋਸ਼ੀ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 188 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਉਨ੍ਹਾਂ ’ਤੇ ਇਕ ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਾਇਆ ਗਿਆ ਸੀ। ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਖ਼ਿਲਾਫ਼ 2 ਐੱਫ. ਆਈ. ਆਰ. ਦਰਜ ਹਨ। ਤਤਕਾਲੀ ਮੁੱਖ ਮੰਤਰੀ ਦੀ ਚੰਡੀਗੜ੍ਹ ’ਚ ਰਿਹਾਇਸ਼ ਦੇ ਬਾਹਰ ਧਰਨਾ ਦੇਣ ਤੇ ਸਰਕਾਰੀ ਕੰਮ ’ਚ ਅੜਿੱਕਾ ਪਾਉਣ ਦੇ ਮਾਮਲੇ ’ਚ ਚੰਦੂਮਾਜਰਾ ਖਿਲਾਫ ਐੱਫ. ਆਈ. ਆਰ. ਦਰਜ ਹੋਈ ਸੀ। ਉੱਥੇ ਹੀ ਪਟਿਆਲਾ ਤੋਂ ਉਮੀਦਵਾਰ ਐੱਨ. ਕੇ. ਸ਼ਰਮਾ ਖਿ਼ਲਾਫ਼ 3 ਮਾਮਲਿਆਂ ’ਚ ਐੱਫ. ਆਈ. ਆਰ. ਦਰਜ ਹਨ।
ਇਹ ਵੀ ਪੜ੍ਹੋ : ਟਿਕਟ ਕੱਟੇ ਜਾਣ ਤੋਂ ਬਾਅਦ ਭਾਜਪਾ 'ਚ ਜਾਣ ਦੀਆਂ ਚਰਚਾਵਾਂ 'ਤੇ ਢੀਂਡਸਾ ਦਾ ਵੱਡਾ ਬਿਆਨ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8