IPL 2024: ਕੋਲਕਾਤਾ ਨਾਈਟ ਰਾਈਡਰਜ਼ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 7 ਵਿਕਟਾਂ ਨਾਲ ਹਰਾਇਆ

Friday, Mar 29, 2024 - 10:47 PM (IST)

IPL 2024: ਕੋਲਕਾਤਾ ਨਾਈਟ ਰਾਈਡਰਜ਼ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 7 ਵਿਕਟਾਂ ਨਾਲ ਹਰਾਇਆ

ਸਪੋਰਟਸ ਡੈਸਕ - ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ਵਿੱਚ ਵਿਰਾਟ ਬਨਾਮ ਗੰਭੀਰ ਦੀ ਲੜਾਈ ਵਿੱਚ ਗੌਤਮ ਗੰਭੀਰ ਆਖਰਕਾਰ ਜਿੱਤ ਗਿਆ। ਪਿਛਲੇ ਸੀਜ਼ਨ 'ਚ ਇਸ ਮੈਚ 'ਚ ਵਿਰਾਟ ਅਤੇ ਗੰਭੀਰ ਵਿਚਾਲੇ ਹੋਈ ਤਕਰਾਰ ਕਾਰਨ ਰੋਮਾਂਚ ਸੀ ਪਰ ਇਸੇ ਮੈਚ 'ਚ ਇਨ੍ਹਾਂ ਦੋਵਾਂ ਦਿੱਗਜਾਂ ਨੇ ਝਟਕਾ ਦੇ ਕੇ ਸਾਰੇ ਵਿਵਾਦਾਂ ਨੂੰ ਖਤਮ ਕਰ ਦਿੱਤਾ। ਹਾਲਾਂਕਿ ਆਰਸੀਬੀ ਨੇ ਵਿਰਾਟ ਕੋਹਲੀ ਦੀਆਂ 83, ਮੈਕਸਵੈਲ ਦੀਆਂ 28 ਅਤੇ ਕਾਰਤਿਕ ਦੀਆਂ 8 ਗੇਂਦਾਂ 'ਤੇ 20 ਦੌੜਾਂ ਦੀ ਮਦਦ ਨਾਲ 182 ਦੌੜਾਂ ਬਣਾਈਆਂ। ਜਵਾਬ ਵਿੱਚ ਕੋਲਕਾਤਾ ਨੇ ਸੁਨੀਲ ਨਰਾਇਣ ਦੀਆਂ 47 ਦੌੜਾਂ, ਵੈਂਕਟੇਸ਼ ਅਈਅਰ ਦੀਆਂ 50 ਦੌੜਾਂ ਅਤੇ ਸ਼੍ਰੇਅਸ ਦੀਆਂ 39 ਦੌੜਾਂ ਦੀ ਮਦਦ ਨਾਲ 7 ਵਿਕਟਾਂ ਨਾਲ ਜਿੱਤ ਦਰਜ ਕੀਤੀ।

ਰਾਇਲ ਚੈਲੰਜਰਜ਼ ਬੰਗਲੌਰ: 182/6 (20 ਓਵਰ)
ਕਪਤਾਨ ਫਾਫ ਡੂ ਪਲੇਸਿਸ ਬੇਂਗਲੁਰੂ ਦੀ ਤੇਜ਼ ਸ਼ੁਰੂਆਤ ਕਰਨ 'ਚ ਮਦਦ ਨਹੀਂ ਕਰ ਸਕਿਆ ਕਿਉਂਕਿ ਹਰਸ਼ਿਤ ਨੇ ਉਸ ਨੂੰ ਸਿਰਫ 8 ਦੌੜਾਂ 'ਤੇ ਪੈਵੇਲੀਅਨ ਦਾ ਰਸਤਾ ਦਿਖਾ ਦਿੱਤਾ। ਹਾਲਾਂਕਿ ਇਸ ਤੋਂ ਬਾਅਦ ਵਿਰਾਟ ਕੋਹਲੀ ਨੇ ਇਕ ਸਿਰੇ 'ਤੇ ਕਾਬੂ ਪਾ ਲਿਆ ਅਤੇ ਤੇਜ਼ ਸ਼ਾਟ ਲਗਾਏ। ਵਿਰਾਟ ਨੂੰ ਕੈਮਰੂਨ ਗ੍ਰੀਨ ਦਾ ਸਮਰਥਨ ਮਿਲਿਆ ਜਿਸ ਨਾਲ ਉਸ ਨੇ 9 ਓਵਰਾਂ 'ਚ ਸਕੋਰ ਨੂੰ 74 ਤੱਕ ਪਹੁੰਚਾਇਆ। ਕੈਮਰੂਨ ਗ੍ਰੀਨ ਨੇ 21 ਗੇਂਦਾਂ 'ਚ 4 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 33 ਦੌੜਾਂ ਬਣਾਈਆਂ ਅਤੇ ਆਂਦਰੇ ਰਸਲ ਦੀ ਗੇਂਦ 'ਤੇ ਬੋਲਡ ਹੋ ਗਏ। ਗਲੇਨ ਮੈਕਸਵੈੱਲ ਵਿਰਾਟ ਦਾ ਸਮਰਥਨ ਕਰਨ ਲਈ ਉਤਰੇ। ਉਸ ਨੇ 19 ਗੇਂਦਾਂ 'ਚ 3 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 28 ਦੌੜਾਂ ਬਣਾਈਆਂ। ਇਸ ਤੋਂ ਬਾਅਦ ਰਜਤ ਪਾਟੀਦਾਰ 3 ਦੌੜਾਂ ਬਣਾ ਕੇ ਆਊਟ ਹੋਏ ਅਤੇ ਅਨੁਜ ਰਾਵਤ 3 ਦੌੜਾਂ ਬਣਾ ਕੇ ਆਊਟ ਹੋਏ। ਵਿਰਾਟ ਨੂੰ ਦਿਨੇਸ਼ ਕਾਰਤਿਕ ਦਾ ਸਾਥ ਮਿਲਿਆ ਜਿਸ ਨੇ 8 ਗੇਂਦਾਂ 'ਤੇ 3 ਛੱਕਿਆਂ ਦੀ ਮਦਦ ਨਾਲ 20 ਦੌੜਾਂ ਬਣਾਈਆਂ। ਉਥੇ ਹੀ ਵਿਰਾਟ ਨੇ 59 ਗੇਂਦਾਂ 'ਚ 4 ਚੌਕਿਆਂ ਅਤੇ 4 ਛੱਕਿਆਂ ਦੀ ਮਦਦ ਨਾਲ 83 ਦੌੜਾਂ ਬਣਾ ਕੇ ਟੀਮ ਦਾ ਸਕੋਰ 182 ਤੱਕ ਪਹੁੰਚਾਇਆ।

ਕੋਲਕਾਤਾ ਨਾਈਟ ਰਾਈਡਰਜ਼: 186-3 (16.5 ਓਵਰ)
ਟੀਚੇ ਦਾ ਪਿੱਛਾ ਕਰਦੇ ਹੋਏ ਆਰਸੀਬੀ ਨੇ ਸ਼ਾਨਦਾਰ ਸ਼ੁਰੂਆਤ ਕੀਤੀ। ਸਲਾਮੀ ਬੱਲੇਬਾਜ਼ ਫਿਲਿਪ ਸਾਲਟ ਨੇ 20 ਗੇਂਦਾਂ 'ਚ 2 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 30 ਦੌੜਾਂ ਬਣਾਈਆਂ, ਉਥੇ ਹੀ ਸੁਨੀਲ ਨਾਰਾਇਣ ਨੇ 22 ਗੇਂਦਾਂ 'ਚ 2 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 47 ਦੌੜਾਂ ਦਾ ਯੋਗਦਾਨ ਪਾਇਆ। ਸਲਾਮੀ ਬੱਲੇਬਾਜ਼ਾਂ ਨੇ ਸਿਰਫ਼ ਛੇ ਓਵਰਾਂ ਵਿੱਚ ਸਕੋਰ ਨੂੰ 85 ਤੱਕ ਪਹੁੰਚਾਇਆ ਸੀ। ਇਸ ਤੋਂ ਬਾਅਦ ਕਪਤਾਨ ਸ਼੍ਰੇਅਸ ਅਈਅਰ ਨੇ ਵੈਂਕਟੇਸ਼ ਅਈਅਰ ਨਾਲ ਮਿਲ ਕੇ ਸਕੋਰ ਨੂੰ ਅੱਗੇ ਵਧਾਇਆ। ਇਸ ਦੌਰਾਨ ਵੈਂਕਟੇਸ਼ ਨੇ ਸੀਜ਼ਨ ਦਾ ਸਭ ਤੋਂ ਲੰਬਾ ਛੱਕਾ (106 ਮੀਟਰ) ਵੀ ਲਗਾਇਆ। ਵੈਂਕਟੇਸ਼ ਨੇ 30 ਗੇਂਦਾਂ ਵਿੱਚ ਚਾਰ ਛੱਕਿਆਂ ਦੀ ਮਦਦ ਨਾਲ 50 ਦੌੜਾਂ ਬਣਾਈਆਂ। ਇਸੇ ਤਰ੍ਹਾਂ ਕਪਤਾਨ ਸ਼੍ਰੇਅਸ ਅਈਅਰ ਨੇ 24 ਗੇਂਦਾਂ 'ਚ ਦੋ ਛੱਕਿਆਂ ਦੀ ਮਦਦ ਨਾਲ 39 ਦੌੜਾਂ ਬਣਾਈਆਂ ਅਤੇ ਟੀਮ ਨੂੰ ਜਿੱਤ ਵੱਲ ਲਿਜਾਇਆ।

ਕੋਹਲੀ ਨੇ ਬਣਾਇਆ ਰਿਕਾਰਡ
ਕੋਲਕਾਤਾ ਦੇ ਖਿਲਾਫ ਮੈਚ 'ਚ ਵਿਰਾਟ ਕੋਹਲੀ ਨੇ 83 ਦੌੜਾਂ ਦੀ ਪਾਰੀ ਖੇਡ ਕੇ ਕਈ ਰਿਕਾਰਡ ਆਪਣੇ ਨਾਂ ਕੀਤੇ। ਉਹ ਇਸ ਸਮੇਂ ਆਰੇਂਜ ਕੈਪ ਧਾਰਕ ਹੈ। ਵਿਰਾਟ (241) ਨੇ ਆਈਪੀਐਲ ਵਿੱਚ ਆਰਸੀਬੀ ਲਈ ਸਭ ਤੋਂ ਵੱਧ ਛੱਕੇ ਮਾਰਨ ਦੇ ਮਾਮਲੇ ਵਿੱਚ ਕ੍ਰਿਸ ਗੇਲ (239) ਦਾ ਰਿਕਾਰਡ ਵੀ ਤੋੜ ਦਿੱਤਾ ਹੈ। ਆਰਸੀਬੀ ਲਈ ਏਬੀ ਡਿਵਿਲੀਅਰਸ 238, ਗਲੇਨ ਮੈਕਸਵੈੱਲ 67 ਅਤੇ ਫਾਫ ਡੂ ਪਲੇਸਿਸ ਨੇ 50 ਛੱਕੇ ਲਗਾਏ ਹਨ।

ਦੋਵੇਂ ਟੀਮਾਂ ਦੀ ਪਲੇਇੰਗ 11 
ਬੈਂਗਲੁਰੂ : ਵਿਰਾਟ ਕੋਹਲੀ, ਫਾਫ ਡੂ ਪਲੇਸਿਸ (ਕਪਤਾਨ), ਕੈਮਰਨ ਗ੍ਰੀਨ, ਰਜਤ ਪਾਟੀਦਾਰ, ਗਲੇਨ ਮੈਕਸਵੈੱਲ, ਅਨੁਜ ਰਾਵਤ (ਵਿਕਟਕੀਪਰ), ਦਿਨੇਸ਼ ਕਾਰਤਿਕ, ਅਲਜ਼ਾਰੀ ਜੋਸੇਫ, ਮਯੰਕ ਡਾਗਰ, ਮੁਹੰਮਦ ਸਿਰਾਜ, ਯਸ਼ ਦਿਆਲ।

ਕੋਲਕਾਤਾ: ਫਿਲਿਪ ਸਾਲਟ (ਵਿਕਟਕੀਪਰ), ਵੈਂਕਟੇਸ਼ ਅਈਅਰ, ਸ਼੍ਰੇਅਸ ਅਈਅਰ (ਕਪਾਤਨ), ਰਮਨਦੀਪ ਸਿੰਘ, ਰਿੰਕੂ ਸਿੰਘ, ਆਂਦਰੇ ਰਸੇਲ, ਸੁਨੀਲ ਨਾਰਾਇਣ, ਮਿਸ਼ੇਲ ਸਟਾਰਕ, ਅਨੁਕੁਲ ਰਾਏ, ਹਰਸ਼ਿਤ ਰਾਣਾ, ਵਰੁਣ ਚੱਕਰਵਰਤੀ।


author

Inder Prajapati

Content Editor

Related News