'ਹਮ ਡੂਬ ਗਏ ਤੋ ਕਿਆ ਹੁਆ, ਤੁਮਹੇਂ ਭੀ ਨਾ ਪਾਰ ਜਾਨੇ ਦੇਂਗੇ', ਮੁੰਬਈ ਦੀ ਜਿੱਤ ਨੇ ਹੈਦਰਾਬਾਦ ਦਾ ਰਾਹ ਕੀਤਾ ਔਖਾ
Monday, May 06, 2024 - 11:55 PM (IST)
ਸਪੋਰਟਸ ਡੈਸਕ- ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡੇ ਗਏ ਆਈ.ਪੀ.ਐੱਲ. ਮੁਕਾਬਲੇ 'ਚ ਮੁੰਬਈ ਨੇ ਕੱਸੀ ਹੋਈ ਗੇਂਦਬਾਜ਼ੀ ਤੋਂ ਬਾਅਦ ਸੂਰਿਆਕੁਮਾਰ ਯਾਦਵ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਹੈਦਰਾਬਾਦ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਹਾਰ ਤੋਂ ਬਾਅਦ ਹੈਦਰਾਬਾਦ ਦੀਆਂ ਪਲੇਆਫ਼ 'ਚ ਪਹੁੰਚਣ ਦੀਆਂ ਉਮੀਦਾਂ ਨੂੰ ਤਕੜਾ ਝਟਕਾ ਲੱਗਾ ਹੈ।
ਇਸ ਤੋਂ ਪਹਿਲਾਂ ਟਾਸ ਜਿੱਤ ਕੇ ਮੁੰਬਈ ਦੇ ਕਪਤਾਨ ਹਾਰਦਿਕ ਪੰਡਯਾ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਹੈਦਰਾਬਾਦ ਦੀ ਟੀਮ ਮੁੰਬਈ ਦੀ ਤਿੱਖੀ ਗੇਂਦਬਾਜ਼ੀ ਦਾ ਸਾਹਮਣਾ ਕਰਦੇ ਹੋਏ ਟ੍ਰੈਵਿਸ ਹੈੱਡ (48) ਤੇ ਕਪਤਾਨ ਪੈਟ ਕਮਿੰਸ (35*) ਦੀਆਂ ਪਾਰੀਆਂ ਦੀ ਬਦੌਲਤ 20 ਓਵਰਾਂ 'ਚ 8 ਵਿਕਟਾਂ ਗੁਆ ਕੇ 173 ਦੌੜਾਂ ਬਣਾਉਣ 'ਚ ਸਫ਼ਲ ਰਹੀ।
ਇਸ ਟੀਚੇ ਦਾ ਪਿੱਛਾ ਕਰਨ ਉਤਰੀ ਮੁੰਬਈ ਦੀ ਸ਼ੁਰੂਆਤ ਖ਼ਰਾਬ ਰਹੀ ਤੇ ਟੀਮ ਦੇ ਦੋਵੇਂ ਓਪਨਰ ਇਸ਼ਾਨ ਕਿਸ਼ਨ (9) ਤੇ ਰੋਹਿਤ ਸ਼ਰਮਾ (4) ਇਕ ਵਾਰ ਫਿਰ ਫਲਾਪ ਰਹੇ।
ਇਨ੍ਹਾਂ ਦੇ ਆਊਟ ਹੋਣ ਤੋਂ ਬਾਅਦ ਆਏ ਨਮਨ ਧੀਰ ਵੀ 9 ਗੇਂਦਾਂ ਖੇਡਣ ਦੇ ਬਾਵਜੂਦ ਬਿਨਾਂ ਖਾਤਾ ਖੋਲ੍ਹੇ ਭੁਵਨੇਸ਼ਵਰ ਕੁਮਾਰ ਦਾ ਸ਼ਿਕਾਰ ਬਣਿਆ।
ਇਸ ਤੋਂ ਬਾਅਦ ਆਏ ਸੂਰਿਆਕੁਮਾਰ ਯਾਦਵ ਤੇ ਤਿਲਕ ਵਰਮਾ ਨੇ 143 ਦੌੜਾਂ ਦੀ ਸਾਂਝੇਦਾਰੀ ਕਰ ਕੇ ਹੈਦਰਾਬਾਦ ਦੇ ਗੇਂਦਬਾਜ਼ਾਂ ਦੀ ਚੰਗੀ ਤਰ੍ਹਾਂ ਖ਼ਬਰ ਲਈ ਤੇ ਉਨ੍ਹਾਂ ਨੂੰ ਵਾਪਸੀ ਦਾ ਕੋਈ ਮੌਕਾ ਨਹੀਂ ਦਿੱਤਾ।
ਇਸ ਦੌਰਾਨ ਇਕ ਪਾਸੇ ਜਿੱਥੇ ਤਿਲਕ ਵਰਮਾ ਸੰਭਲ ਕੇ ਬੱਲੇਬਾਜ਼ੀ ਕਰ ਰਹੇ ਸਨ ਤਾਂ ਦੂਜੇ ਪਾਸੇ ਸੂਰਿਆਕੁਮਾਰ ਯਾਦਵ ਨੇ ਆਉਂਦਿਆਂ ਹੀ ਚੌਕਿਆਂ ਛੱਕਿਆਂ ਦਾ ਮੀਂਹ ਵਰ੍ਹਾ ਦਿੱਤਾ। ਉਹ ਹੈਦਰਾਬਾਦ ਦੇ ਗੇਂਦਬਾਜ਼ਾਂ 'ਤੇ ਕਹਿਰ ਬਣ ਢਹਿ ਗਏ।
ਸੂਰਿਆਕੁਮਾਰ ਨੇ 51 ਗੇਂਦਾਂ ਦੀ ਪਾਰੀ 'ਚ 12 ਚੌਕਿਆਂ ਤੇ 6 ਛੱਕਿਆਂ ਦੀ ਮਦਦ ਨਾਲ ਤੂਫ਼ਾਨੀ ਸੈਂਕੜਾ ਜੜ ਦਿੱਤਾ ਤੇ ਆਈ.ਪੀ.ਐੱਲ. 'ਚ ਆਪਣਾ ਦੂਜਾ ਸੈਂਕੜਾ ਪੂਰਾ ਕੀਤਾ। ਉਹ 102 ਦੌੜਾਂ ਬਣਾ ਕੇ ਨਾਬਾਦ ਰਿਹਾ ਤੇ ਟੀਮ ਨੂੰ ਜਿੱਤ ਦਿਵਾ ਕੇ ਹੀ ਸਾਹ ਲਿਆ।
ਤਿਲਕ ਵਰਮਾ ਨੇ ਵੀ ਉਸ ਦਾ ਚੰਗਾ ਸਾਥ ਦਿੱਤਾ ਤੇ ਉਸ ਨੇ 32 ਗੇਂਦਾਂ 'ਚ 6 ਚੌਕਿਆਂ ਦੀ ਮਦਦ ਨਾਲ 37 ਦੌੜਾਂ ਦੀ ਸੂਝਬੂਝ ਭਰੀ ਪਾਰੀ ਖੇਡੀ।
ਇਸ ਜਿੱਤ ਦੇ ਬਾਵਜੂਦ ਜਿੱਥੇ ਮੁੰਬਈ 8 ਅੰਕਾਂ ਨਾਲ ਪਲੇਆਫ਼ ਦੀ ਰੇਸ 'ਚੋਂ ਲਗਭਗ ਬਾਹਰ ਹੈ, ਉੱਥੇ ਹੀ ਹੈਦਰਾਬਾਦ 11 ਮੈਚਾਂ 'ਚ 5ਵੀਂ ਹਾਰ ਤੋਂ ਬਾਅਦ ਮੁਸ਼ਕਲ 'ਚ ਆ ਸਕਦੀ ਹੈ, ਜਿੱਥੇ ਉਸ ਨੂੰ ਹੁਣ ਨੈੱਟ-ਰਨ ਰੇਟ 'ਚ ਨੁਕਸਾਨ ਕਾਰਨ ਪੁਆਇੰਟ ਟੇਬਲ 'ਚ ਚੌਥੇ ਸਥਾਨ 'ਤੇ ਖਿਸਕਣਾ ਪਿਆ ਹੈ ਤੇ ਉਸ ਲਈ ਪਲੇਆਫ਼ ਦੀ ਦੌੜ ਔਖੀ ਹੋ ਗਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e