'ਹਿੱਟਮੈਨ' ਤੇ ਨਮਨ ਦੀਆਂ ਧਮਾਕੇਦਾਰ ਪਾਰੀਆਂ ਦੇ ਬਾਵਜੂਦ ਹਾਰੀ ਮੁੰਬਈ, LSG ਨੇ 18 ਦੌੜਾਂ ਨਾਲ ਜਿੱਤਿਆ ਮੁਕਾਬਲਾ
Saturday, May 18, 2024 - 12:39 AM (IST)
ਸਪੋਰਟਸ ਡੈਸਕ- ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡੇ ਗਏ ਆਈ.ਪੀ.ਐੱਲ. ਦੇ ਮੁਕਾਬਲੇ 'ਚ ਲਖਨਊ ਸੁਪਰਜਾਇੰਟਸ ਨੇ ਮੁੰਬਈ ਇੰਡੀਅਨਜ਼ ਨੂੰ ਹਰਾ ਕੇ ਜਿੱਤ ਨਾਲ ਆਪਣੇ ਅਭਿਆਨ ਦਾ ਅੰਤ ਕੀਤਾ ਹੈ। ਹਾਲਾਂਕਿ ਇਸ ਜਿੱਤ ਦਾ ਕੋਈ ਫ਼ਾਇਦਾ ਨਹੀਂ ਹੈ ਕਿਉਂਕਿ ਇਹ ਦੋਵੇਂ ਹੀ ਟੀਮਾਂ ਪਲੇਆਫ਼ ਦੀ ਰੇਸ 'ਚੋਂ ਬਾਹਰ ਹਨ।
ਇਸ ਤੋਂ ਪਹਿਲਾਂ ਮੁੰਬਈ ਦੇ ਕਪਤਾਨ ਹਾਰਦਿਕ ਪੰਡਯਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ ਸੀ। ਇਸ ਤਰ੍ਹਾਂ ਲਖਨਊ ਨੇ ਕਪਤਾਨ ਕੇ.ਐੱਲ. ਰਾਹੁਲ (55) ਤੇ ਨਿਕੋਲਸ ਪੂਰਨ (75) ਦੀਆਂ ਧਮਾਕੇਦਾਰ ਪਾਰੀਆਂ ਦੀ ਬਦੌਲਤ 20 ਓਵਰਾਂ 'ਚ 6 ਵਿਕਟਾਂ ਗੁਆ ਕੇ 214 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ ਸੀ।
ਇਸ ਟੀਚੇ ਦਾ ਪਿੱਛਾ ਕਰਦਿਆਂ ਮੁੰਬਈ ਰੋਹਿਤ ਸ਼ਰਮਾ ਦੀ 38 ਗੇਂਦਾਂ 'ਚ 68 ਦੌੜਾਂ ਦੀ ਤੂਫ਼ਾਨੀ ਪਾਰੀ ਤੋਂ ਬਾਅਦ ਨਮਨ ਧੀਰ ਦੀ 26 ਗੇਂਦਾਂ 'ਚ 56 ਦੌੜਾਂ ਦੀ ਧਮਾਕੇਦਾਰ ਪਾਰੀ ਦੇ ਬਾਵਜੂਦ 20 ਓਵਰਾਂ 'ਚ 6 ਵਿਕਟਾਂ ਗੁਆ ਕੇ 196 ਦੌੜਾਂ ਹੀ ਬਣਾ ਸਕੀ।
ਕਪਤਾਨ ਪੰਡਯਾ ਇਕ ਵਾਰ ਫ਼ਿਰ ਫਲਾਪ ਰਹੇ ਤੇ 13 ਗੇਂਦਾਂ 'ਚ ਸਿਰਫ਼ 16 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਸੂਰਯਕੁਮਾਰ ਯਾਦਵ ਵੀ ਬਿਨਾਂ ਖਾਤਾ ਖੋਲ੍ਹੇ ਹੀ ਆਊਟ ਹੋ ਗਏ। ਨੇਹਾਲ ਵਢੇਰਾ ਤੇ ਰੋਮਾਰੀਓ ਸ਼ੈਫਰਡ ਨੇ 1-1 ਦੌੜ ਦਾ ਯੋਗਦਾਨ ਦਿੱਤਾ। ਇਸ ਤਰ੍ਹਾਂ ਟੀਮ 18 ਦੌੜਾਂ ਨਾਲ ਮੁਕਾਬਲਾ ਹਾਰ ਗਈ ਤੇ ਉਸ ਨੂੰ ਇਸ ਸੀਜ਼ਨ ਆਖ਼ਰੀ ਸਥਾਨ 'ਤੇ ਰਹਿ ਕੇ ਸਬਰ ਕਰਨਾ ਪਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e