IPL 2023 : ਰਹਾਨੇ ਦੀ ਸ਼ਾਨਦਾਰ ਪਾਰੀ, ਚੇਨਈ ਨੇ ਮੁੰਬਈ ਨੂੰ 7 ਵਿਕਟਾਂ ਨਾਲ ਹਰਾਇਆ
Saturday, Apr 08, 2023 - 10:54 PM (IST)
ਸਪੋਰਟਸ ਡੈਸਕ : ਚੇਨਈ ਸੁਪਰ ਕਿੰਗਜ਼ ਨੇ ਸ਼ਨੀਵਾਰ ਨੂੰ ਆਈ.ਪੀ.ਐੱਲ 2023 ਵਿੱਚ ਮੁੰਬਈ ਇੰਡੀਅਨਜ਼ ਨੂੰ 7 ਵਿਕਟਾਂ ਨਾਲ ਹਰਾਇਆ। ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮੁੰਬਈ ਨੇ 158 ਦੌੜਾਂ ਦਾ ਟੀਚਾ ਰੱਖਿਆ ਸੀ, ਜਿਸ ਦੇ ਜਵਾਬ 'ਚ ਚੇਨਈ ਨੇ ਇਹ ਟੀਚਾ 19 ਓਵਰਾਂ 'ਚ ਹਾਸਲ ਕਰ ਲਿਆ। ਚੇਨਈ ਲਈ ਅਜਿੰਕਆ ਰਹਾਨੇ ਨੇ 27 ਗੇਂਦਾਂ 'ਤੇ 7 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 61 ਦੌੜਾਂ ਦੀ ਪਾਰੀ ਖੇਡੀ। ਇਸ ਦੌਰਾਨ ਰਹਾਨੇ ਨੇ ਸਿਰਫ਼ 19 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ, ਜੋ ਕਿ ਆਈ.ਪੀ.ਐੱਲ 2023 ਦਾ ਸਭ ਤੋਂ ਤੇਜ਼ ਅਰਧ ਸੈਂਕੜਾ ਹੈ।
ਰਹਾਨੇ ਤੋਂ ਇਲਾਵਾ ਰੁਤੁਰਾਜ ਗਾਇਕਵਾੜ ਨੇ ਨਾਬਾਦ 40 ਅਤੇ ਅੰਬਾਤੀ ਰਾਇਡੂ ਨੇ ਨਾਬਾਦ 16 ਦੌੜਾਂ ਬਣਾਈਆਂ। ਸ਼ਿਬਮ ਦੂਬੇ ਨੇ ਵੀ ਟੀਮ ਦੀ ਜਿੱਤ ਵਿੱਚ 28 ਦੌੜਾਂ ਦਾ ਯੋਗਦਾਨ ਪਾਇਆ। ਚੇਨਈ ਦੇ ਸਲਾਮੀ ਬੱਲੇਬਾਜ਼ ਡੇਵੋਨ ਕੋਨਵੇ ਇਕ ਵਾਰ ਫਿਰ ਅਸਫ਼ਲ ਰਹੇ, ਉਹ ਬਿਨਾਂ ਖਾਤਾ ਖੋਲ੍ਹੇ ਹੀ ਪੈਵੇਲੀਅਨ ਪਰਤ ਗਏ।
ਇਸ ਤੋਂ ਪਹਿਲਾਂ ਮੁੰਬਈ ਨੇ 20 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 157 ਦੌੜਾਂ ਬਣਾਈਆਂ ਸਨ। ਮੁੰਬਈ ਦੀ ਸ਼ੁਰੂਆਤ ਚੰਗੀ ਰਹੀ ਪਰ ਬਾਅਦ ਵਿੱਚ ਟੀਮ ਦੇ ਬੱਲੇਬਾਜ਼ ਇੱਕ ਤੋਂ ਬਾਅਦ ਇੱਕ ਚੱਲਦੇ ਰਹੇ। ਓਪਨਿੰਗ 'ਚ ਕਪਤਾਨ ਰੋਹਿਤ ਸ਼ਰਮ ਨੇ 13 ਗੇਂਦਾਂ 'ਚ 21 ਦੌੜਾਂ ਬਣਾਈਆਂ, ਜਦਕਿ ਈਸ਼ਾਨ ਕਿਸ਼ਨ ਨੇ 21 ਗੇਂਦਾਂ 'ਚ 32 ਦੌੜਾਂ ਬਣਾਈਆਂ। ਉਸ ਤੋਂ ਇਲਾਵਾ ਟਿਮ ਡੇਵਿਡ ਨੇ 22 ਗੇਂਦਾਂ ਵਿੱਚ 31 ਅਤੇ ਤਿਲਕ ਵਰਮਾ ਨੇ 18 ਗੇਂਦਾਂ ਵਿੱਚ 22 ਦੌੜਾਂ ਬਣਾਈਆਂ। ਆਲਰਾਊਂਡਰ ਕੈਮਰੂਨ ਗ੍ਰੀਨ ਨੇ 12 ਦੌੜਾਂ ਦੀ ਪਾਰੀ ਖੇਡੀ, ਅੰਤ 'ਚ ਰਿਤਿਕ ਸ਼ੋਕੀਨ ਨੇ ਅਜੇਤੂ 18 ਦੌੜਾਂ ਬਣਾਈਆਂ। ਇਨ੍ਹਾਂ ਬੱਲੇਬਾਜ਼ਾਂ ਤੋਂ ਇਲਾਵਾ ਮੁੰਬਈ ਦਾ ਕੋਈ ਹੋਰ ਬੱਲੇਬਾਜ਼ 10 ਦੇ ਅੰਕੜੇ ਨੂੰ ਵੀ ਨਹੀਂ ਛੂਹ ਸਕਿਆ। ਚੇਨਈ ਵੱਲੋਂ ਰਵਿੰਦਰ ਜਡੇਜਾ ਨੇ ਸਭ ਤੋਂ ਵਧੀਆ 3 ਵਿਕਟਾਂ ਲਈਆਂ। ਉਨ੍ਹਾਂ ਤੋਂ ਇਲਾਵਾ ਤੁਸ਼ਾਰ ਦੇਸ਼ਪਾਂਡੇ ਅਤੇ ਮਿਸ਼ੇਲ ਸੈਂਟਨਰ ਨੇ 2-2 ਵਿਕਟਾਂ ਲਈਆਂ। ਸਿਸੰਦਾ ਮੰਗਲਾ ਨੇ ਵੀ 1 ਵਿਕਟ ਦਾ ਯੋਗਦਾਨ ਪਾਇਆ।
