IPL 2021: ਮੁੰਬਈ ਇੰਡੀਅਨਜ਼ ਨੇ ਕੇ.ਕੇ.ਆਰ. ਨੂੰ 10 ਦੌੜਾਂ ਨਾਲ ਹਰਾਇਆ
Wednesday, Apr 14, 2021 - 12:28 AM (IST)
ਚੇਨਈ (ਇੰਟ.)-ਰਾਹੁਲ ਚਾਹਰ ਤੇ ਕਰੁਣਾਲ ਪੰਡਯਾ ਦੀ ਸ਼ਾਦਨਾਰ ਫਿਰਕੀ ਗੇਂਦਬਾਜ਼ੀ ਦੇ ਦਮ ’ਤੇ 5 ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਨੇ ਆਈ. ਪੀ. ਐੱਲ.-2021 ਦੇ ਰੋਮਾਂਚਕ ਮੈਚ ਵਿਚ ਮੰਗਲਵਾਰ ਨੂੰ ਇੱਥੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 10 ਦੌੜਾਂ ਨਾਲ ਹਰਾ ਕੇ ਸੈਸ਼ਨ ਦੀ ਪਹਿਲੀ ਜਿੱਤ ਦਰਜ ਕੀਤੀ। ਕੇ. ਕੇ. ਆਰ. ਨੂੰ ਆਖਰੀ 5 ਓਵਰਾਂ ਵਿਚ ਜਿੱਤ ਲਈ 31 ਦੌੜਾਂ ਦੀ ਲੋੜ ਸੀ ਤੇ 6 ਵਿਕਟਾਂ ਬਚੀਆਂ ਹੋਈਆਂ ਸਨ ਪਰ ਮੁੰਬਈ ਦੇ ਗੇਂਦਬਾਜ਼ ਨੇ ਉਸਦੇ ਜਬਾੜੇ ਵਿਚੋਂ ਜਿੱਤ ਖੋਹ ਲਈ। ਮੁੰਬਈ ਦੀ 2 ਮੈਚਾਂ ਵਿਚ ਇਹ ਪਹਿਲੀ ਜਿੱਤ ਹੈ ਜਦਕਿ ਕੋਲਕਾਤਾ ਦੀ 2 ਮੈਚਾਂ ਵਿਚ ਇਹ ਪਹਿਲੀ ਹਾਰ ਹੈ।
ਰਾਹੁਲ ਨੇ 4 ਓਵਰਾਂ ਵਿਚ 27 ਦੌੜਾਂ ਦੇ ਕੇ 4 ਵਿਕਟਾਂ ਲਈਆਂ ਤੇ ਉਥੇ ਹੀ ਕਰੁਣਾਲ ਨੇ 4 ਓਵਰਾਂ ਵਿਚ 13 ਦੌੜਾਂ ਦੇ ਕੇ 1 ਵਿਕਟ ਲਈ। ਟ੍ਰੇਂਟ ਬੋਲਟ ਨੇ ਵੀ ਆਖਰੀ ਓਵਰ ਵਿਚ ਸ਼ਾਨਦਾਰ ਗੇਂਦਬਾਜ਼ੀ ਕਰਕੇ 2 ਵਿਕਟਾਂ ਲਈਆਂ। ਉਸ ਨੇ 4 ਓਵਰਾਂ ਵਿਚ 27 ਦੌੜਾਂ ਦਿੱਤੀਆਂ। ਕੇ. ਕੇ. ਆਰ. ਵਲੋਂ ਨਿਤਿਸ਼ ਰਾਣਾ ਤੇ ਸ਼ੁਭਮਨ ਗਿੱਲ ਦੀ ਪਹਿਲੀ ਵਿਕਟ ਲਈ 72 ਦੌੜਾਂ ਦੀ ਸਾਂਝੇਦਾਰੀ ਤੋਂ ਬਾਅਦ ਵੀ ਕੇ. ਕੇ. ਆਰ. ਦੀ ਟੀਮ 20 ਓਵਰਾਂ ਵਿਚ 7 ਵਿਕਟਾਂ ’ਤੇ 142 ਦੌੜਾਂ ਹੀ ਬਣਾ ਸਕੀ।
ਇਸ ਤੋਂ ਪਹਿਲਾਂ ਕੈਰੇਬੀਆਈ ਆਲਰਾਊਂਡਰ ਆਂਦ੍ਰੇ ਰਸੇਲ (15 ਦੌੜਾਂ ’ਤੇ 5 ਵਿਕਟਾਂ) ਦੀ ਅਗਵਾਈ ਵਿਚ ਕੋਲਕਾਤਾ ਨਾਈਟ ਰਾਈਡਰਜ਼ ਦੇ ਗੇਂਦਬਾਜ਼ਾਂ ਨੇ ਕਸੀ ਹੋਈ ਗੇਂਦਬਾਜ਼ੀ ਕਰਦੇ ਹੋਏ ਸਾਬਕਾ ਚੈਂਪੀਅਨ ਮੁੰਬਈ ਇੰਡੀਅਨਜ਼ ਨੂੰ ਆਈ. ਪੀ. ਐੱਲ-2021 ਦੇ ਮੁਕਾਬਲੇ ਵਿਚ ਮੰਗਲਵਾਰ ਨੂੰ 20 ਓਵਰਾਂ ਵਿਚ 152 ਦੌੜਾਂ ਦੇ ਸਕੋਰ ’ਤੇ ਰੋਕ ਦਿੱਤਾ। ਮੁੰਬਈ ਵਲੋਂ ਸਿਰਫ 2 ਹੀ ਬੱਲੇਬਾਜ਼ ਕਪਤਾਨ ਰੋਹਿਤ ਸ਼ਰਮਾ ਤੇ ਸੂਰਯਕੁਮਾਰ ਯਾਦਵ ਨੇ ਹੀ ਦੌੜਾਂ ਬਣਾਈਆਂ ਜਦਕਿ ਬਾਕੀ ਬੱਲੇਬਾਜ਼ ਜ਼ਿਆਦਾ ਦੌੜਾਂ ਨਹੀਂ ਬਣਾ ਸਕੇ।
ਇਹ ਵੀ ਪੜ੍ਹੋ-ਮੈਨੂੰ ਨਹੀਂ ਲੱਗਦਾ ਕਿ ਮੈਂ ਇਸ ਤੋਂ ਬਿਹਤਰ ਕੁਝ ਕਰ ਸਕਦਾ ਸੀ : ਸੈਮਸਨ
ਰੋਹਿਤ ਨੇ 32 ਗੇਂਦਾਂ ’ਤੇ 43 ਦੌੜਾਂ ਵਿਚ 3 ਚੌਕੇ ਤੇ 1 ਛੱਕਾ ਲਾਇਆ ਜਦਕਿ ਸੂਰਯਕੁਮਾਰ ਨੇ 36 ਗੇਂਦਾਂ ’ਤੇ 56 ਦੌੜਾਂ ਵਿਚ 7 ਚੌਕੇ ਤੇ 2 ਛੱਕੇ ਲਾਏ। ਰੋਹਿਤ ਤੇ ਸੂਰਯਕੁਮਾਰ ਨੇ ਦੂਜੀ ਵਿਕਟ ਲਈ 76 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕੀਤੀ। ਹਿਤ ਜਦੋਂ ਵਿਕਟ ’ਤੇ ਜੰਮਦਾ ਦਿਸ ਰਿਹਾ ਸੀ ਤਾਂ ਉਸ ਨੂੰ ਪੈਟ ਕਮਿੰਸ ਨੇ 16ਵੇਂ ਓਵਰ ਦੀ ਦੂਜੀ ਗੇਂਦ ’ਤੇ ਬੋਲਡ ਕਰ ਦਿੱਤਾ। ਰੋਹਿਤ ਦੀ ਵਿਕਟ ਡਿੱਗਣੀ ਸੀ ਕਿ ਮੁੰਬਈ ਦੀਆਂ ਵੱਡਾ ਸਕੋਰ ਬਣਾਉਣ ਦੀਆਂ ਉਮੀਦਾਂ ਵੀ ਖਤਮ ਹੋ ਗਈਆਂ। ਹਾਰਦਿਕ ਪੰਡਯਾ ਨੇ ਪ੍ਰਸਿੱਧ ਕ੍ਰਿਸ਼ਣਾ ’ਤੇ ਚੌਕਾ ਮਾਰਿਆ ਪਰ ਅਗਲੀ ਗੇਂਦ ’ਤੇ ਉਹ ਰਸੇਲ ਨੂੰ ਕੈਚ ਦੇ ਬੈਠਾ। ਕੀਰੋਨ ਪੋਲਾਰਡ ਸਿਰਫ 5 ਦੌੜਾਂ ਹੀ ਬਣਾ ਕੇ ਆਂਦ੍ਰੇ ਰਸੇਲ ਦੀ ਗੇਂਦ ’ਤੇ ਵਿਕਟਾਂ ਦੇ ਪਿੱਛੇ ਕੈਚ ਆਊਟ ਹੋਇਆ। ਇਸ ਮੈਚ ਲਈ ਆਖਰੀ 11 ਵਿਚ ਸ਼ਾਮਲ ਕੀਤਾ ਗਿਆ ਕਵਿੰਟਨ ਡੀ ਕੌਕ 2 ਦੌੜਾਂ ਬਣਾ ਕੇ ਸਪਿਨਰ ਵਰੁਣ ਚਕਰਵਰਤੀ ਦਾ ਸ਼ਿਕਾਰ ਬਣ ਗਿਆ ਜਦਕਿ ਟੀਮ ਦਾ ਸਕੋਰ ਉਸ ਸਮੇਂ 10 ਦੌੜਾਂ ਸੀ।
ਰੋਹਿਤ ਤੇ ਸੂਰਯਕੁਮਾਰ ਨੇ ਇਸ ਦੌਰਾਨ ਅਰਧ ਸੈਂਕੜੇ ਵਾਲੀ ਸਾਂਝੇਦਾਰੀ ਕੀਤੀ । ਇਸ ਸਾਂਝੇਦਾਰੀ ਦੌਰਾਨ ਸੂਰਯਕੁਮਾਰ ਨੇ ਜ਼ਿਆਦਾ ਆਤਮਵਿਸ਼ਵਾਸ ਦੇ ਨਾਲ ਬੱਲੇਬਾਜ਼ੀ ਕੀਤੀ ਤੇ ਬਿਹਤਰੀਨ ਸ਼ਾਟਾਂ ਲਾਈਆਂ ਪਰ ਸੂਰਯਕੁਮਾਰ ਆਪਣਾ ਅਰਧ ਸੈਂਕੜਾ ਪੂਰਾ ਕਰਨ ਤੋਂ ਬਾਅਦ ਸ਼ਾਕਿਬ ਅਲ ਹਸਨ ਦੀ ਗੇਂਦ ’ਤੇ ਸ਼ੁਭਮਨ ਗਿੱਲ ਨੂੰ ਕੈਚ ਦੇ ਬੈਠਾ। ਸੂਰਯਕੁਮਾਰ ਦੀ ਵਿਕਟ ਡਿੱਗਣ ਤੋਂ ਬਾਅਦ ਇਸ਼ਾਨ ਕਿਸ਼ਨ ਨੂੰ ਕਮਿੰਸ ਨੇ ਪ੍ਰਸਿੱਧ ਕ੍ਰਿਸ਼ਣਾ ਹੱਥੋਂ ਕੈਚ ਕਰਵਾ ਦਿੱਤਾ।
ਪੰਡਯਾ ਭਰਾ ਦੋਹਰੇ ਅੰਕੜੇ ਵਿਚ ਪਹੁੰਚਣ ਵਿਚ ਕਾਮਯਾਬ ਰਹੇ। ਕਰੁਣਾਲ ਤੇ ਹਾਰਦਿਕ ਦੋਵਾਂ ਨੇ 15-15 ਦੌੜਾਂ ਬਣਾਈਆਂ।
ਵੈਸਟਇੰਡੀਜ਼ ਦੇ ਆਲਰਾਊਂਡਰ ਆਂਦ੍ਰੇ ਰਸੇਲ ਨੇ ਪਾਰੀ ਦੇ ਆਖਰੀ ਓਵਰ ਦੀਆਂ ਆਖਰੀ ਚਾਰ ਗੇਂਦਾਂ ਵਿਚ 3 ਵਿਕਟਾਂ ਲਈਆਂ ਤੇ ਮੈਚ ਵਿਚ 5 ਵਿਕਟਾਂ ਵੀ ਪੂਰੀਆਂ ਕੀਤੀਆਂ। ਰਸੇਲ ਨੇ 15 ਦੌੜਾਂ ’ਤੇ 5 ਵਿਕਟਾਂ ਲੈ ਕੇ ਕੋਲਕਾਤਾ ਵਲੋਂ ਕਿਸੇ ਵੀ ਗੇਂਦਬਾਜ਼ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰ ਦਿੱਤਾ।
ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ ਸਾਨੂੰ ਇਸ ਬਾਰੇ ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।