ਕੋਸੋਵੋ ਹੱਥੋਂ ਹਾਰ ਕੇ ਤੁਰਕੀ ਮਹਿਲਾ ਕੱਪ ’ਚ ਉਪ ਜੇਤੂ ਰਹੀ ਭਾਰਤੀ ਮਹਿਲਾ ਫੁੱਟਬਾਲ ਟੀਮ

Tuesday, Feb 27, 2024 - 07:59 PM (IST)

ਕੋਸੋਵੋ ਹੱਥੋਂ ਹਾਰ ਕੇ ਤੁਰਕੀ ਮਹਿਲਾ ਕੱਪ ’ਚ ਉਪ ਜੇਤੂ ਰਹੀ ਭਾਰਤੀ ਮਹਿਲਾ ਫੁੱਟਬਾਲ ਟੀਮ

ਅਲਾਨਯਾ (ਤੁਰਕੀ)–ਭਾਰਤੀ ਮਹਿਲਾ ਫੁੱਟਬਾਲ ਟੀਮ ਦਾ ਦੱਖਣੀ ਏਸ਼ੀਆ ਖੇਤਰ ਵਿਚੋਂ ਬਾਹਰ ਆਪਣਾ ਪਹਿਲਾ ਕੌਮਾਂਤਰੀ ਟੂਰਨਾਮੈਂਟ ਜਿੱਤਣ ਦਾ ਸੁਪਨਾ ਮੰਗਲਵਾਰ ਨੂੰ ਇੱਥੇ ਟੁੱਟ ਗਿਆ ਜਦੋਂ ਤੁਰਕੀ ਮਹਿਲਾ ਕੱਪ ਦੇ ਆਖਰੀ ਰਾਊਂਡ ਰੌਬਿਨ ਮੈਚ ਵਿਚ ਘੱਟ ਰੈਂਕਿੰਗ ਵਾਲੀ ਕੋਸੋਵੋ ਦੀ ਟੀਮ ਨੇ ਇੰਜਰੀ ਟਾਈਮ ਵਿਚ ਗੋਲ ਕਰਕੇ ਉਸ ਨੂੰ ਹਰਾ ਦਿੱਤਾ।
ਦੁਨੀਆ ਦੀ 100ਵੇਂ ਨੰਬਰ ਦੀ ਟੀਮ ਕੋਸੋਵੋ ਨੇ ਐਲਰਟਾ ਮੇਮੇਟੀ (90+) ਦੇ ਗੋਲ ਦੀ ਮਦਦ ਨਾਲ 1-0 ਨਾਲ ਜਿੱਤ ਦਰਜ ਕੀਤੀ। ਕੋਸੋਵੋ ਨੇ ਚਾਰ ਦੇਸ਼ਾਂ ਦੇ ਇਸ ਟੂਰਨਾਮੈਂਟ ਵਿਚ ਆਪਣੇ ਤਿੰਨੇ ਮੁਕਾਬਲੇ ਜਿੱਤੇ ਤੇ ਤਿੰਨ ਮੈਚਾਂ ਵਿਚੋਂ 9 ਅੰਕਾਂ ਨਾਲ ਟੀਮ ਚੋਟੀ ’ਤੇ ਰਹੀ। ਕੋਸੋਵੋ ਦਾ ਇਹ ਲਗਾਤਾਰ ਦੂਜਾ ਖਿਤਾਬ ਹੈ। ਫੀਫਾ ਰੈਂਕਿੰਗ ਵਿਚ 65ਵੇਂ ਸਥਾਨ ’ਤੇ ਮੌਜੂਦ ਭਾਰਤ 3 ਮੈਚਾਂ ਵਿਚੋਂ 6 ਅੰਕਾਂ ਨਾਲ ਉਪ ਜੇਤੂ ਰਿਹਾ। ਟੂਰਨਾਮੈਂਟ ਵਿਚ ਤੀਜੀ ਵਾਰ ਹਿੱਸਾ ਲੈ ਰਹੀ ਭਾਰਤੀ ਮਹਿਲਾ ਫੁੱਟਬਾਲ ਟੀਮ ਦਾ ਇਹ ਹੁਣ ਤਕ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ। ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਭਾਰਤ ਦੀ ਮਨੀਸ਼ਾ ਕਲਿਆਣ ਨੂੰ ਸਰਵਸ੍ਰੇਸ਼ਠ ਮਿਡਫੀਲਡਰ ਚੁਣਿਆ ਗਿਆ।
ਭਾਰਤ ਲਈ ਇਹ ਕਰੋ ਜਾਂ ਮਰੋ ਦਾ ਮੁਕਾਬਲਾ ਸੀ। ਕੋਸੋਵੋ ਨੇ ਪਿਛਲਾ ਮੁਕਾਬਲਾ ਨਵੰਬਰ 2022 (ਸਲੋਵੇਨੀਆ ਵਿਰੁੱਧ 1-3 ਦੀ ਹਾਰ) ਵਿਚ ਗੁਆਇਆ ਸੀ ਤੇ ਭਾਰਤ ਵਿਰੁੱਧ ਡਰਾਅ ਤੋਂ ਹੀ ਉਸਦਾ ਖਿਤਾਬ ਪੱਕਾ ਹੋ ਜਾਂਦਾ ਪਰ ਟੀਮ ਨੇ ਇਸ ਤੋਂ ਵੀ ਬਿਹਤਰ ਪ੍ਰਦਰਸ਼ਨ ਕਰਦੇ ਹੋਏ ਜਿੱਤ ਦਰਜ ਕੀਤੀ।
ਭਾਰਤ ਨੇ ਹਾਂਗਕਾਂਗ ਵਿਰੁੱਧ ਪਿਛਲੇ ਮੈਚ ਵਿਚ ਇਕ ਬਦਲਾਅ ਕਰਦੇ ਹੋਏ ਕਾਰਤਿਕਾ ਅੰਗਮੁਥਾ ਦੀ ਜਗ੍ਹਾ ਸੰਗੀਤਾ ਬਾਸਫੋਰ ਨੂੰ ਮੈਦਾਨ ’ਤੇ ਉਤਾਰਿਆ। ਭਾਰਤ ਨੇ ਸ਼ੁਰੂਆਤ ਵਿਚ ਧਿਆਨ ਕੋਸੋਵੋ ਨੂੰ ਰੋਕਣ ’ਤੇ ਦਿੱਤਾ। ਪਹਿਲੇ ਹਾਫ ਵਿਚ ਭਾਰਤ ਵਲੋਂ ਸੌਮਿਆ ਗੋਗੁਲੋਥ ਨੂੰ ਸਰਵਸ੍ਰੇਸ਼ਠ ਮੌਕਾ ਮਿਲਿਆ। ਪਿਆਰੀ ਸ਼ਾਸ਼ਾ ਨੇ ਬਾਲ ਨੂੰ ਆਪਣੇ ਕਬਜ਼ੇ ਵਿਚ ਲੈਣ ਤੋਂ ਬਾਅਦ ਇੰਦੂਮਤੀ ਕਥਿਰੇਸਨ ਵੱਲ ਵਧਾਇਆ, ਜਿਸ ਨੇ ਡਿਫੈਂਸ ਨੂੰ ਝਕਾਨੀ ਦਿੰਦੇ ਹੋਏ ਬਾਲ ਸੌਮਿਆ ਵੱਲ ਵਧਾਈ। ਸੌਮਿਆ ਨੂੰ 6 ਯਾਰਡ ਦੇ ਬਾਕਸ ਦੇ ਅੰਦਰ ਸਿਰਫ ਜੇਲਜਾ ਮੇਹਮੇਤੀ ਨੂੰ ਪਛਾੜਨਾ ਸੀ ਪਰ ਉਸਦੀ ਸ਼ਾਟ ਸਿੱਧੇ ਕੋਸੋਵੋ ਦੀ ਗੋਲਕੀਪਰ ਦੇ ਹੱਥਾਂ ਵਿਚ ਚਲੀ ਗਈ। ਕੋਸੋਵੋ ਦੇ ਡਿਫੈਂਸ ’ਤੇ ਦਬਾਅ ਬਣਾਉਣ ਦਾ ਭਾਰਤ ਨੂੰ ਫਾਇਦਾ ਮਿਲਿਆ। ਪਿਆਰੀ ਨੇ 38ਵੇਂ ਮਿੰਟ ਵਿਚ ਚੰਗਾ ਮੂਵ ਬਣਾਇਆ ਪਰ ਡੋਨਜੇਤਾ ਹਾਲਿਲਾਜ ਨੇ ਉਸਦੀ ਕੋਸ਼ਿਸ਼ ਨੂੰ ਅਸਫਲ ਕਰ ਦਿੱਤਾ। ਮਨੀਸ਼ਾ ਨੇ ਇਸ ਤੋਂ ਬਾਅਦ ਫ੍ਰੀ ਕਿੱਕ ’ਤੇ ਸ਼ਾਨਦਾਰ ਕੋਸ਼ਿਸ਼ ਕੀਤੀ ਪਰ ਮੇਹਮੇਤੀ ਨੇ ਗੋਤਾ ਲਗਾਉਂਦੇ ਹੋਏ ਬਾਲ ਨੂੰ ਗੋਲਾਂ ਦੇ ਅੰਦਰ ਜਾਣ ਤੋਂ ਰੋਕ ਦਿੱਤਾ। ਮਨੀਸ਼ਾ ਨੇ ਖੱਬੇ ਪਾਸਿਓਂ ਇਕ ਹੋਰ ਮੂਵ ਬਣਾਇਆ ਪਰ ਇਸ ਵਾਰ ਵੀ ਗੋਲਕੀਪਰ ਨੇ ਉਸਦੀ ਕੋਸ਼ਿਸ਼ ਨੂੰ ਅਸਫਲ ਕਰ ਦਿੱਤਾ। ਪਹਿਲੇ ਹਾਫ ਤੋਂ ਬਾਅਦ ਦੂਜੇ ਹਾਫ ਵਿਚ ਵੀ ਸਖਤ ਮੁਕਾਬਲਾ ਦੇਖਣ ਨੂੰ ਮਿਲਿਆ ਪਰ ਭਾਰਤੀ ਟੀਮ ਚੰਗੇ ਮੂਵ ਬਣਾਉਣ ਦੇ ਬਾਵਜੂਦ ਗੋਲ ਨਹੀਂ ਕਰ ਸਕੀ। ਸੌਮਿਆ ਨੂੰ ਮਨੀਸ਼ਾ ਦੇ ਲੰਬੇ ਕ੍ਰਾਸ ’ਤੇ ਇਕ ਹੋਰ ਚੰਗਾ ਮੌਕਾ ਮਿਲਿਆ ਪਰ ਉਸ ਨੇ ਸ਼ਾਟ ਬਾਹਰ ਮਾਰ ਦਿੱਤੀ।


author

Aarti dhillon

Content Editor

Related News