ਪੰਜਾਬ ''ਚ NRI ਮਹਿਲਾ ਦੇ ਕਤਲਕਾਂਡ ''ਚ ਸਨਸਨੀਖੇਜ਼ ਖ਼ੁਲਾਸਾ, ਹੈਰਾਨ ਕਰੇਗਾ ਪੂਰਾ ਮਾਮਲਾ
Saturday, Feb 07, 2026 - 05:26 PM (IST)
ਖੰਨਾ (ਵਿਪਨ): ਖੰਨਾ ਪੁਲਸ ਨੇ 81 ਸਾਲਾ NRI ਮਹਿਲਾ ਜਗਪਾਲ ਕੌਰ ਦੇ ਅੰਨ੍ਹੇ ਕਤਲ ਕੇਸ ਨੂੰ ਸੁਲਝਾਉਂਦੇ ਹੋਏ ਉਨ੍ਹਾਂ ਦੇ ਕਿਰਾਏਦਾਰ ਰਾਹੁਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਰਾਹੁਲ ਮੂਲ ਰੂਪ ਵਿਚ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਦਾ ਰਹਿਣ ਵਾਲਾ ਹੈ ਅਤੇ ਉਸ ਨੇ ਪੈਸਿਆਂ ਦੀ ਖਾਤਰ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ।
ਕਰਜ਼ਾ ਮੋੜਨ ਲਈ ਕੀਤਾ ਕਤਲ
ਐੱਸ.ਐੱਸ.ਪੀ. ਡਾ. ਦਰਪਣ ਅਹਲੂਵਾਲੀਆ ਨੇ ਦੱਸਿਆ ਕਿ ਮੁਲਜ਼ਮ ਰਾਹੁਲ ਨੇ ਆਪਣੇ ਪਿਤਾ ਦੇ ਇਲਾਜ ਲਈ ਲਗਭਗ 20,000 ਰੁਪਏ ਦਾ ਕਰਜ਼ਾ ਲਿਆ ਸੀ, ਜਿਸ ਨੂੰ ਮੋੜਨ ਲਈ ਉਸ ਨੂੰ ਪੈਸਿਆਂ ਦੀ ਲੋੜ ਸੀ। ਇਸੇ ਕਾਰਨ ਉਸ ਨੇ ਜਗਪਾਲ ਕੌਰ ਨੂੰ ਲੁੱਟਣ ਦੀ ਸਾਜ਼ਿਸ਼ ਰਚੀ। ਮੁਲਜ਼ਮ ਪਿਛਲੇ ਦੋ-ਤਿੰਨ ਮਹੀਨਿਆਂ ਤੋਂ ਲੁੱਟ ਦੀ ਯੋਜਨਾ ਬਣਾ ਰਿਹਾ ਸੀ। ਉਸ ਨੂੰ ਪਤਾ ਸੀ ਕਿ ਜਗਪਾਲ ਕੌਰ ਨੂੰ ਹਰ ਮਹੀਨੇ 15 ਤੋਂ 20 ਤਰੀਕ ਦੇ ਵਿਚਕਾਰ ਕਿਰਾਇਆ ਮਿਲਦਾ ਹੈ। 31 ਜਨਵਰੀ ਦੀ ਰਾਤ ਨੂੰ ਰਾਹੁਲ ਕੰਧ ਟੱਪ ਕੇ ਮਹਿਲਾ ਦੇ ਘਰ ਵਿਚ ਦਾਖਲ ਹੋਇਆ ਅਤੇ ਸਾਰੀ ਰਾਤ ਉੱਥੇ ਹੀ ਲੁਕਿਆ ਰਿਹਾ। ਅਗਲੀ ਸਵੇਰ ਉਸ ਨੇ ਬਜ਼ੁਰਗ ਮਹਿਲਾ ਦੇ ਹੱਥ ਬੰਨ੍ਹ ਦਿੱਤੇ ਅਤੇ ਗਲਾ ਘੁੱਟ ਕੇ ਬੇਰਹਿਮੀ ਨਾਲ ਉਸ ਦਾ ਕਤਲ ਕਰ ਦਿੱਤਾ।
ਬਾਥਰੂਮ 'ਚੋਂ ਮਿਲੀ ਸੀ ਲਾਸ਼
ਜਗਪਾਲ ਕੌਰ ਦੀ ਲਾਸ਼ 1 ਫਰਵਰੀ ਨੂੰ ਉਨ੍ਹਾਂ ਦੇ ਘਰ ਦੇ ਬਾਥਰੂਮ ਵਿਚੋਂ ਬਰਾਮਦ ਹੋਈ ਸੀ। ਪੁਲਸ ਨੇ ਸੀ.ਸੀ.ਟੀ.ਵੀ. ਫੁਟੇਜ ਅਤੇ ਤਕਨੀਕੀ ਜਾਂਚ ਦੇ ਆਧਾਰ 'ਤੇ ਮਾਮਲੇ ਦੀਆਂ ਕੜੀਆਂ ਜੋੜਦੇ ਹੋਏ ਮੁਲਜ਼ਮ ਤੱਕ ਪਹੁੰਚ ਬਣਾਈ। ਸਖ਼ਤੀ ਨਾਲ ਕੀਤੀ ਪੁੱਛਗਿੱਛ ਦੌਰਾਨ ਰਾਹੁਲ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਪੁਲਸ ਹੁਣ ਮੁਲਜ਼ਮ ਨੂੰ ਸਖ਼ਤ ਸਜ਼ਾ ਦਿਵਾਉਣ ਲਈ ਪੁਖਤਾ ਸਬੂਤ ਜੁਟਾ ਰਹੀ ਹੈ।
