ਇੰਗਲੈਂਡ ਵਿਰੁੱਧ ਟੈਸਟ ’ਚ ਭਾਰਤੀ ਮਹਿਲਾ ਟੀਮ ਦਾ ਭਰੋਸਾ ਸਪਿਨ ’ਤੇ

Thursday, Dec 14, 2023 - 11:06 AM (IST)

ਮੁੰਬਈ– ਟੀ-20 ਲੜੀ ਵਿਚ ਔਸਤ ਪ੍ਰਦਰਸ਼ਨ ਤੋਂ ਬਾਅਦ ਹਰਮਨਪ੍ਰੀਤ ਕੌਰ ਦੀ ਕਪਤਾਨੀ ਵਾਲੀ ਭਾਰਤੀ ਟੀਮ ਇੰਗਲੈਂਡ ਵਿਰੁੱਧ ਇਕਲੌਤੇ ਟੈਸਟ ਲਈ ਵੀਰਵਾਰ ਨੂੰ ਉਤਰੇਗੀ ਤਾਂ ਆਪਣੇ ਤਜਰਬੇਕਾਰ ਸਪਿਨ ਹਮਲੇ ਦੇ ਦਮ ’ਤੇ ਉਸਦਾ ਪੱਲੜਾ ਭਾਰੀ ਰਹਿਣ ਦੀ ਉਮੀਦ ਹੈ। ਭਾਰਤ ਤੇ ਇੰਗਲੈਂਡ ਵਿਚਾਲੇ 1986 ਤੋਂ ਹੁਣ ਤਕ ਖੇਡੇ ਗਏ 14 ਟੈਸਟਾਂ ਵਿਚੋਂ ਭਾਰਤ ਨੇ ਸਿਰਫ ਇਕ ਗਵਾਇਆ ਹੈ। ਪਹਿਲੀ ਵਾਰ ਟੈਸਟ ਵਿਚ ਭਾਰਤ ਦੀ ਕਪਤਾਨੀ ਕਰ ਰਹੀ ਹਰਮਨਪ੍ਰੀਤ ਇਸ ਰਿਕਾਰਡ ਨੂੰ ਬਰਕਰਾਰ ਰੱਖਣਾ ਚਾਹੇਗੀ।
ਭਾਰਤ ਤੇ ਇੰਗਲੈਂਡ ਵਿਚਾਲੇ ਆਖਰੀ ਟੈਸਟ ਜੂਨ 2021 ਵਿਚ ਬ੍ਰਿਸਟਲ ਵਿਚ ਖੇਡਿਆ ਗਿਆ ਸੀ, ਜਿਹੜਾ ਡਰਾਅ ਰਿਹਾ ਸੀ। ਸਮ੍ਰਿਤੀ ਮੰਧਾਨਾ ਨੇ ਪਹਿਲੀ ਪਾਰੀ ਵਿਚ 78 ਦੌੜਾਂ ਬਣਾਈਆਂ ਸਨ ਤੇ ਸ਼ੈਫਾਲੀ ਵਰਮਾ ਨੇ 96 ਗੇਂਦਾਂ ’ ਤੇ 63 ਦੌੜਾਂ ਦੀ ਪਾਰੀ ਖੇਡੀ ਸੀ। ਭਾਰਤੀ ਟੀਮ ਨੂੰ 10 ਦਿਨ ਦੇ ਅੰਦਰ 2 ਟੈਸਟ ਖੇਡਣੇ ਹਨ। ਇੰਗਲੈਂਡ ਵਿਰੁੱਧ ਮੈਚ ਤੋਂ ਬਾਅਦ 21 ਤੋਂ 24 ਦਸੰਬਰ ਵਿਚਾਲੇ ਭਾਰਤੀ ਟੀਮ ਵਾਨਖੇੜੇ ਸਟੇਡੀਅਮ ਵਿਚ ਆਸਟਰੇਲੀਆ ਨਾਲ ਖੇਡੇਗੀ। ਆਸਟ੍ਰੇਲੀਆ ਵਿਰੁੱਧ ਭਾਰਤ ਨੇ ਆਖਰੀ ਟੈਸਟ ਸਤੰਬਰ 2021 ਵਿਚ ਖੇਡਿਆ ਸੀ ਜਿਹੜਾ ਡਰਾਅ ਰਿਹਾ ਸੀ। ਸਮ੍ਰਿਤੀ ਮੰਧਾਨਾ ਨੇ ਉਸ ਮੈਚ ਵਿਚ 127 ਤੇ 31 ਦੌੜਾਂ ਬਣਾਈਆਂ ਸਨ। ਇੰਗਲੈਂਡ ਨੇ ਇਸ ਸਾਲ ਜੂਨ ਵਿਚ ਆਸਟ੍ਰੇਲੀਆ ਵਿਰੁੱਧ ਨਾਟਿੰਘਮ ਵਿਚ ਟੈਸਟ ਖੇਡਿਆ ਸੀ, ਜਿਸ ਵਿਚ ਟੈਮੀ ਬਿਊਮੋਂਟ ਨੇ ਪਹਿਲੀ ਪਾਰੀ ਵਿਚ 208 ਦੌੜਾਂ ਬਣਾਈਆਂ ਸਨ ਹਾਲਾਂਕਿ ਮੇਜ਼ਬਾਨ ਨੂੰ 89 ਦੌੜਾਂ ਨਾਲ ਹਾਰ ਝੱਲਣੀ ਪਈ।

ਇਹ ਵੀ ਪੜ੍ਹੋ- ਏਸ਼ੀਆਈ ਚੈਂਪੀਅਨਸ਼ਿਪ ’ਚ ਨਹੀਂ ਖੇਡ ਸਕੇਗੀ ਮੀਰਾਬਾਈ ਚਾਨੂ
ਭਾਰਤ ਕੋਲ ਬਿਹਤਰੀਨ ਸਪਿਨ ਹਮਲਾ ਹੈ, ਜਿਸ ਵਿਚ ਬੰਗਾਲੇ ਦੀ ਖੱਬੇ ਹੱਥ ਦੀ ਸਪਿਨਰ ਸਾਇਕਾ ਇਸ਼ਾਕ ਸ਼ਾਮਲ ਹੈ। ਇਸ ਸਾਲ ਮੁੰਬਈ ਇੰਡੀਅਨਜ਼ ਵਲੋਂ ਡੈਬਿਊ ਕਰਨ ਵਾਲੀ ਇਸ਼ਾਕ ਨੇ ਮਹਿਲਾ ਪ੍ਰੀਮੀਅਰ ਲੀਗ ਵਿਚ 15 ਵਿਕਟਾਂ ਲਈਆਂ। ਉਸ ਨੇ ਇੰਗਲੈਂਡ ਵਿਰੁੱਧ ਟੀ-20 ਕ੍ਰਿਕਟ ਵਿਚ ਡੈਬਿਊ ਕਰਕੇ ਆਖਰੀ ਮੈਚ ਵਿਚ 3 ਵਿਕਟਾਂ ਵੀ ਲਈਆਂ। ਕਰਨਾਟਕ ਦੀ ਸ਼ੁਭਾ ਸਤੀਸ਼ ਟੀਮ ਵਿਚ ਸ਼ਾਮਲ ਨਵੇਂ ਚਿਹਰਿਆਂ ਵਿਚੋਂ ਇਕ ਹੈ, ਜਿਸ ਨੇ ਬੈਂਗਲੁਰੂ ਵਿਚ ਚਾਰ ਦਿਨਾ ਅਭਿਆਸ ਮੈਚ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਬੱਲੇਬਾਜ਼ਾਂ ਵਿਚ ਜੇਮਿਮਾ ਰੋਡ੍ਰਿਗੇਜ਼ ਤੇ ਹਰਲੀਨ ਦਿਓਲ ਨੇ ਅਜੇ ਤਕ ਟੈਸਟ ਕ੍ਰਿਕਟ ਨਹੀਂ ਖੇਡੀ ਹੈ ਜਦਕਿ ਇਕ ਟੈਸਟ ਖੇਡ ਚੁੱਕੀ ਯਸਤਿਕਾ ਭਾਟੀਆ ਨੂੰ ਵਿਕਟਕੀਪਰ ਦੇ ਤੌਰ ’ਤੇ ਰਿਚਾ ਘੋਸ਼ ’ਤੇ ਤਰਜੀਹ ਮਿਲ ਸਕਦੀ ਹੈ।
ਤੇਜ਼ ਗੇਂਦਬਾਜ਼ ਰੇਣੂਕਾ ਸਿੰਘ ਠਾਕੁਰ ਦੀ ਵਾਪਸੀ ਹੋਈ, ਜਿਸ ਨੇ ਟੀ-20 ਲੜੀ ਵਿਚ ਚੰਗਾ ਪ੍ਰਦਰਸ਼ਨ ਕੀਤਾ। ਸਪਿਨ ਦੀ ਜ਼ਿੰਮੇਵਾਰੀ ਇਸ਼ਾਕ, ਸਨੇਹ ਰਾਣਾ ਤੇ ਦੀਪਤੀ ਸ਼ਰਮਾ ਸੰਭਾਲਣਗੀਆਂ।
ਇੰਗਲੈਂਡ ਦੀ ਐਮਾ ਲੈਂਬ ਸੱਟ ਕਾਰਨ ਨਹੀਂ ਖੇਡ ਸਕੇਗੀ ਜਦਕਿ ਬੱਲੇਬਾਜ਼ ਮਾਇਯਾ ਬੂਚਿਯੇਰ ਤੇ ਕ੍ਰਿਸਟੀ ਗੋਰਡਨ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਇੰਗਲੈਂਡ ਕੋਲ ਨੈਟ ਸਿਕਵਰ ਬ੍ਰੰਟ, ਹੀਥਰ ਨਾਈਟ, ਡੈਨੀ ਵਿਯਾਟ, ਕੇਟ ਕ੍ਰਾਸ ਤੇ ਸੋਫੀ ਐਕਸੇਲੇਟਨ ਵਰਗੀਆਂ ਤਜਰਬੇਕਾਰ ਖਿਡਾਰਨਾਂ ਹਨ। ਇੰਗਲੈਂਡ ਦਾ ਇਹ 100ਵਾਂ ਟੈਸਟ ਹੋਵੇਗਾ ਤੇ ਭਾਰਤ ਵਿਰੁੱਧ ਉਸ ਨੂੰ ਇਕਲੌਤੀ ਜਿੱਤ 1995 ਵਿਚ ਜਮਸ਼ੇਦਪੁਰ ਵਿਚ ਮਿਲੀ ਸੀ ਜਦੋਂ ਉਸ ਨੇ 2 ਦੌੜਾਂ ਨਾਲ ਟੈਸਟ ਜਿੱਤਿਆ ਸੀ।

ਟੀਮਾਂ ਇਸ ਤਰ੍ਹਾਂ ਹਨ-
ਭਾਰਤੀ ਟੀਮ : ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ, ਦੀਪਤੀ ਸ਼ਰਮਾ, ਜੇਮਿਮਾ ਰੋਡ੍ਰਿਗੇਜ਼, ਸ਼ੈਫਾਲੀ ਵਰਮਾ, ਯਸਤਿਕਾ ਭਾਟੀਆ, ਰਿਚਾ ਘੋਸ਼, ਸਨੇਹ ਰਾਣਾ, ਸ਼ੁਭਾ ਸਤੀਸ਼, ਹਰਲੀਨ ਦਿਓਲ, ਸਾਇਕਾ ਇਸ਼ਾਕ, ਰੇਣੂਕਾ ਸਿੰਘ ਠਾਕੁਰ, ਟਿਟਾਸ ਸਾਧੂ, ਮੇਘਨਾ ਸਿੰਘ, ਰਾਜੇਸ਼ਵਰੀ ਗਾਇਕਵਾੜ, ਪੂਜਾ ਵਸਤਾਰਕਰ।
ਇੰਗਲੈਂਡ ਟੀਮ- ਹੀਥਰ ਨਾਈਟ (ਕਪਤਾਨ), ਟੈਮੀ ਬਿਊਮੋਂਟ, ਲੌਰੇਨ ਬੇਲ, ਐਲਿਸ ਕੈਪਸੀ, ਕੇਟ ਕ੍ਰਾਸ, ਚਾਰਲੀ ਡੀ, ਸੋਫੀਆ ਡੰਕਲੀ, ਸੋਫੀ ਐਕਸੇਲੇਟਨ, ਲੌਰੇਨ ਫਿਲਰ, ਬੇਸ ਹੀਥ, ਐਂਮੀ ਜੋਂਸ, ਐਮਾ ਲੈਂਬ, ਨੈਟ ਸਿਕਵਰ ਬ੍ਰੰਟ, ਡੇਨੀਅਲ ਵਿਯਾਟ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Aarti dhillon

Content Editor

Related News