ਪਹਿਲੀ ਸ਼੍ਰੇਣੀ ''ਚ ਦੋਹਰਾ ਸੈਂਕੜਾ ਲਾਉਣ ਵਾਲਾ ਨੌਜਵਾਨ ਭਾਰਤੀ ਬਣਿਆ ਸ਼ੁਭਮਨ ਗਿੱਲ

Saturday, Aug 10, 2019 - 04:01 AM (IST)

ਪਹਿਲੀ ਸ਼੍ਰੇਣੀ ''ਚ ਦੋਹਰਾ ਸੈਂਕੜਾ ਲਾਉਣ ਵਾਲਾ ਨੌਜਵਾਨ ਭਾਰਤੀ ਬਣਿਆ ਸ਼ੁਭਮਨ ਗਿੱਲ

ਤ੍ਰਿਨੀਦਾਦ— ਬੱਲੇਬਾਜ਼ ਸ਼ੁਭਮਨ ਗਿੱਲ ਦੀ ਅਜੇਤੂ 204 ਦੌੜਾਂ ਤੇ ਕਪਤਾਨ ਹਨੁਮਾ ਵਿਹਾਰੀ ਦੀਆਂ ਅਜੇਤੂ 118 ਦੌੜਾਂ ਦੀ ਬਦੌਲਤ ਭਾਰਤ-ਏ ਨੇ ਆਪਣੀ ਦੂਜੀ ਪਾਰੀ 4 ਵਿਕਟਾਂ 'ਤੇ 365 ਦੌੜਾਂ ਦਾ ਵੱਡਾ ਸਕੋਰ ਬਣਾ ਕੇ ਖਤਮ ਐਲਾਨ ਕਰ ਦਿੱਤੀ। ਇਸ ਦੇ ਜਵਾਬ ਵਿਚ ਵੈਸਟਇੰਡੀਜ਼-ਏ ਨੇ ਜੇਰੇਮੀ ਸੋਲੋਜਾਨੋ ਤੇ ਬਾਰਨਡੋਨ ਕਿੰਗ ਦੇ ਅਰਧ ਸੈਂਕੜਿਆਂ ਨਾਲ ਟੈਸਟ ਮੈਚ ਨੂੰ ਡਰਾਅ ਵੱਲ ਵਧਾ ਦਿੱਤਾ। ਵੈਸਟਇੰਡੀਜ਼-ਏ ਨੇ ਜਿੱਤ ਲਈ 373 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਚੌਥੇ ਦਿਨ ਦੂਜੇ ਸੈਸ਼ਨ ਵਿਚ 2 ਵਿਕਟਾਂ 'ਤੇ 179 ਦੌੜਾਂ ਬਣਾ ਲਈਆਂ ਸਨ। ਉਸ ਨੇ ਬਿਨਾਂ ਕਿਸੇ  ਨੁਕਸਾਨ ਦੇ 37 ਦੌੜਾਂ ਨਾਲ ਖੇਡਣਾ ਸ਼ੁਰੂ ਕੀਤਾ। ਸੋਲੋਜਾਨੋ 63 ਦੌੜਾਂ ਤੇ ਸੁਨੀਲ ਅੰਬ੍ਰੀਸ 10 ਦੌੜਾਂ ਬਣਾ ਕੇ ਕ੍ਰੀਜ਼ 'ਤੇ ਡਟੇ ਹੋਏ ਹਨ।
ਇਸ ਤੋਂ ਪਹਿਲਾਂ ਇੱਥੇ ਬ੍ਰਾਇਨ ਲਾਰਾ ਸਟੇਡੀਅਮ ਵਿਚ ਚੱਲ ਰਹੇ ਮੁਕਾਬਲੇ ਵਿਚ ਸ਼ੁਭਮਨ ਗਿੱਲ ਨੇ 248 ਗੇਂਦਾਂ ਦੀ ਪਾਰੀ ਵਿਚ 19 ਚੌਕੇ ਤੇ 2 ਛੱਕੇ  ਲਾ ਕੇ ਅਜੇਤੂ 204 ਦੌੜਾਂ ਬਣਾਈਆਂ ਤੇ ਇਸ ਦੇ ਨਾਲ ਹੀ ਉਹ ਪਹਿਲੀ ਸ਼੍ਰੇਣੀ ਕ੍ਰਿਕਟ ਵਿਚ ਦੋਹਰਾ ਸੈਂਕੜਾ ਲਾਉਣ ਵਾਲਾ ਸਭ ਤੋਂ ਨੌਜਾਵਨ ਭਾਰਤੀ ਬੱਲੇਬਾਜ਼ ਬਣ ਗਿਆ। ਉਸ ਨੇ 19 ਸਾਲ ਦੀ 334 ਦਿਨ ਦੀ ਉਮਰ ਵਿਚ ਇਹ ਕਾਮਯਾਬੀ ਹਾਸਲ ਕੀਤੀ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਗੌਤਮ ਗੰਭੀਰ ਦੇ ਨਾਂ ਸੀ, ਜਿਸ ਨੇ ਸਾਲ 2002 ਵਿਚ  ਇੰਡੀਆ ਬੋਰਡ ਪ੍ਰੈਜ਼ੀਡੈਂਟ ਇਲੈਵਨ ਵਲੋਂ ਜ਼ਿੰਬਾਬਵੇ ਵਿਰੁੱਧ 20 ਸਾਲ 124 ਦਿਨ ਦੀ ਉਮਰ ਵਿਚ 218 ਦੌੜਾਂ ਦੀ ਦੋਹਰੇ ਸੈਂਕੜੇ ਵਾਲੀ ਪਾਰੀ ਖੇਡੀ ਸੀ। 


author

Gurdeep Singh

Content Editor

Related News