1983 World Cup: ਅੱਜ ਹੀ ਦੇ ਦਿਨ ਵਿਸ਼ਵ ਜੇਤੂ ਬਣਿਆ ਸੀ ਭਾਰਤ, ਜਾਣੋ ਵਰਲਡ ਕੱਪ ਨਾਲ ਜੁੜੀਆਂ ਕੁਝ ਰੋਚਕ ਗੱਲਾਂ

Sunday, Jun 25, 2023 - 02:03 PM (IST)

ਸਪੋਰਟਸ ਡੈਸਕ- 25 ਜੂਨ ਭਾਰਤੀ ਖੇਡਾਂ ਦੇ ਇਤਿਹਾਸ 'ਚ ਇੱਕ ਬਹੁਤ ਹੀ ਖ਼ਾਸ ਦਿਨ ਹੈ। 40 ਸਾਲ ਪਹਿਲਾਂ ਭਾਵ ਅੱਜ ਦੇ ਦਿਨ 1983 'ਚ ਭਾਰਤੀ ਕ੍ਰਿਕਟ ਟੀਮ ਪਹਿਲੀ ਵਾਰ ਵਿਸ਼ਵ ਚੈਂਪੀਅਨ ਬਣੀ ਸੀ। ਕ੍ਰਿਕਟ ਦੇ ਮੱਕਾ ਲਾਰਡਸ 'ਚ ਖੇਡੇ ਗਏ ਫਾਈਨਲ ਮੈਚ 'ਚ ਭਾਰਤ ਨੇ ਵੈਸਟਇੰਡੀਜ਼ ਨੂੰ 43 ਦੌੜਾਂ ਨਾਲ ਹਰਾ ਕੇ ਵਿਸ਼ਵ ਕੱਪ ਜਿੱਤ ਲਿਆ। ਇਸ ਸੁਨਹਿਰੀ ਸਫ਼ਰ ਦੌਰਾਨ ਕਪਿਲ ਦੇਵ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਉਮੀਦਾਂ ਦੇ ਉਲਟ ਪ੍ਰਦਰਸ਼ਨ ਕੀਤਾ ਅਤੇ ਆਸਟ੍ਰੇਲੀਆ, ਇੰਗਲੈਂਡ ਅਤੇ ਵੈਸਟਇੰਡੀਜ਼ ਵਰਗੀਆਂ ਮਹਾਨ ਟੀਮਾਂ ਨੂੰ ਹਰਾਇਆ।
ਸ੍ਰੀਕਾਂਤ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ
1983 ਦੇ ਵਿਸ਼ਵ ਕੱਪ ਫਾਈਨਲ 'ਚ ਇੱਕ ਪਾਸੇ ਲਗਾਤਾਰ ਦੋ ਵਾਰ ਖਿਤਾਬ ਜਿੱਤਣ ਵਾਲੀ ਵੈਸਟਇੰਡੀਜ਼ ਦੀ ਟੀਮ ਸੀ, ਦੂਜੇ ਪਾਸੇ ਭਾਰਤੀ ਟੀਮ ਜਿਸ ਨੇ ਪਿਛਲੇ ਦੋ ਵਿਸ਼ਵ ਕੱਪ (1975, 1979) 'ਚ ਖ਼ਰਾਬ ਪ੍ਰਦਰਸ਼ਨ ਕੀਤਾ ਸੀ। ਮੈਚ 'ਚ ਵੈਸਟਇੰਡੀਜ਼ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਅਤੇ 54.4 ਓਵਰਾਂ 'ਚ ਸਿਰਫ਼ 183 ਦੌੜਾਂ ਹੀ ਬਣਾਈਆਂ (ਉਦੋਂ 60 ਓਵਰਾਂ ਦੇ ਇਕ ਦਿਵਸ ਕੌਮਾਂਤਰੀ ਮੁਕਾਬਲੇ ਹੁੰਦੇ ਸਨ)। ਭਾਰਤ ਵੱਲੋਂ ਕ੍ਰਿਸ਼ਨਾਮਾਚਾਰੀ ਸ੍ਰੀਕਾਂਤ ਨੇ ਸਭ ਤੋਂ ਵੱਧ 38 ਦੌੜਾਂ ਬਣਾਈਆਂ, ਜੋ ਬਾਅਦ 'ਚ ਫਾਈਨਲ ਦਾ ਸਭ ਤੋਂ ਵੱਧ ਵਿਅਕਤੀਗਤ ਸਕੋਰ ਸਾਬਤ ਹੋਇਆ।

ਇਹ ਵੀ ਪੜ੍ਹੋ: ਪਾਕਿਸਤਾਨ 'ਚ ਆਤਮਘਾਤੀ ਹਮਲੇ 'ਚ ਇਕ ਵਿਅਕਤੀ ਦੀ ਮੌਤ, ਇਕ ਜ਼ਖਮੀ
ਵਿੰਡੀਜ਼ ਵਰਗੀ ਮਜ਼ਬੂਤ ​​ਟੀਮ ਲਈ 184 ਦੌੜਾਂ ਕੋਈ ਵੱਡਾ ਟੀਚਾ ਨਹੀਂ ਸੀ ਪਰ ਤੇਜ਼ ਗੇਂਦਬਾਜ਼ ਬਲਵਿੰਦਰ ਸਿੰਘ ਸੰਧੂ ਨੇ ਗੋਰਡਨ ਗ੍ਰੀਨਿਜ ਨੂੰ ਸਿਰਫ਼ ਇਕ ਦੌੜ 'ਤੇ ਆਊਟ ਕਰਕੇ ਭਾਰਤ ਨੂੰ ਜ਼ਬਰਦਸਤ ਸਫਲਤਾ ਦਿਵਾਈ। ਹਾਲਾਂਕਿ ਇਸ ਤੋਂ ਬਾਅਦ ਵਿਵਿਅਨ ਰਿਚਰਡਸ ਨੇ ਤੇਜ਼ ਬੱਲੇਬਾਜ਼ੀ ਕਰਦੇ ਹੋਏ 33 ਦੌੜਾਂ ਬਣਾਈਆਂ। ਮਦਨ ਲਾਲ ਨੇ ਵਿਵ ਰਿਚਰਡਸ ਨੂੰ ਚੱਲਦਾ ਕੀਤਾ।
ਕਪਿਲ ਦੇਵ ਨੇ ਇੱਕ ਹੈਰਾਨੀਜਨਕ ਕੈਚ ਲਿਆ
ਰਿਚਰਡਸ ਨੇ ਅਚਾਨਕ ਮਿਡ-ਵਿਕਟ ਵੱਲ ਗੇਂਦ 'ਤੇ ਉੱਚਾ ਸ਼ਾਟ ਖੇਡਿਆ। ਕਪਿਲ ਨੇ ਆਪਣੀ ਪਿੱਠ ਵੱਲ ਲੰਬੀ ਦੌੜਦੇ ਹੋਏ ਸ਼ਾਨਦਾਰ ਕੈਚ ਫੜਿਆ। ਵਿੰਡੀਜ਼ ਨੇ 57 ਦੇ ਸਕੋਰ 'ਤੇ ਤੀਜਾ ਵਿਕਟ ਗੁਆ ਦਿੱਤਾ। ਇਸ ਕੀਮਤੀ ਵਿਕਟ ਨਾਲ ਭਾਰਤੀ ਟੀਮ ਦਾ ਉਤਸ਼ਾਹ ਦੁੱਗਣਾ ਹੋ ਗਿਆ। ਰਿਚਰਡਸ ਦੇ ਆਊਟ ਹੋਣ ਤੋਂ ਬਾਅਦ ਵਿੰਡੀਜ਼ ਦੀ ਪਾਰੀ ਸੰਭਲ ਨਹੀਂ ਸਕੀ। ਆਖਿਰਕਾਰ ਪੂਰੀ ਟੀਮ 52 ਓਵਰਾਂ 'ਚ 140 ਦੌੜਾਂ 'ਤੇ ਸਿਮਟ ਗਈ।
ਆਖ਼ਰੀ ਵਿਕਟ ਦੇ ਤੌਰ 'ਤੇ ਮਾਈਕਲ ਹੋਲਡਿੰਗ ਦੀ ਵਿਕਟ ਡਿੱਗ ਗਈ ਅਤੇ ਲਾਰਡਜ਼ ਦਾ ਮੈਦਾਨ ਭਾਰਤ ਦੀ ਜਿੱਤ ਦੇ ਜਸ਼ਨ ਵਿਚ ਡੁੱਬ ਗਿਆ। ਫਾਈਨਲ 'ਚ ਭਾਰਤ ਦੇ ਮਦਨ ਲਾਲ ਨੇ 31 ਦੌੜਾਂ 'ਤੇ ਤਿੰਨ ਵਿਕਟਾਂ, ਮਹਿੰਦਰ ਅਮਰਨਾਥ ਨੇ 12 ਦੌੜਾਂ 'ਤੇ ਤਿੰਨ ਵਿਕਟਾਂ ਅਤੇ ਸੰਧੂ ਨੇ 32 ਦੌੜਾਂ 'ਤੇ ਦੋ ਵਿਕਟਾਂ ਲੈ ਕੇ ਕਲਾਈਵ ਲੋਇਡ ਦੀ ਚੁਣੌਤੀ ਨੂੰ ਤਬਾਹ ਕਰ ਦਿੱਤਾ। ਸੈਮੀਫਾਈਨਲ ਤੋਂ ਬਾਅਦ ਮਹਿੰਦਰ ਅਮਰਨਾਥ ਫਾਈਨਲ 'ਚ ਆਪਣੇ ਸ਼ਾਨਦਾਨ ਪ੍ਰਦਰਸ਼ਨ (26 ਦੌੜਾਂ ਅਤੇ 3 ਵਿਕਟਾਂ) ਲਈ 'ਮੈਨ ਆਫ ਦਾ ਮੈਚ' ਵੀ ਰਿਹਾ।

ਇਹ ਵੀ ਪੜ੍ਹੋ: ਜਸਪ੍ਰੀਤ ਬੁਮਰਾਹ ਕਰਨਗੇ ਵਾਪਸੀ, ਇਸ ਟੀਮ ਦੇ ਖ਼ਿਲਾਫ਼ ਉਤਰਣਗੇ ਮੈਦਾਨ 'ਚ
ਟੀਮ ਇੰਡੀਆ 11 ਵਾਰ ਆਈ.ਸੀ.ਸੀ ਫਾਈਨਲ 'ਚ ਪਹੁੰਚ ਚੁੱਕੀ ਹੈ
1983 ਕ੍ਰਿਕਟ ਵਿਸ਼ਵ ਕੱਪ ਦੀ ਇਤਿਹਾਸਕ ਸਫ਼ਲਤਾ ਨੇ ਭਾਰਤੀ ਕ੍ਰਿਕਟ ਨੂੰ ਨਵੀਂ ਦਿਸ਼ਾ ਦਿੱਤੀ। ਉਸ ਵਿਸ਼ਵ ਕੱਪ ਤੋਂ ਬਾਅਦ, ਭਾਰਤੀ ਟੀਮ ਕੁੱਲ 11 ਵਾਰ ਆਈ.ਸੀ.ਸੀ ਟੂਰਨਾਮੈਂਟਾਂ ਦੇ ਫਾਈਨਲ 'ਚ ਪਹੁੰਚੀ ਹੈ। ਭਾਰਤੀ ਟੀਮ ਇਸ ਸਮੇਂ ਆਈ.ਸੀ.ਸੀ. ਟੂਰਨਾਮੈਂਟ 'ਚ ਸਭ ਤੋਂ ਵੱਧ ਵਾਰ ਫਾਈਨਲ ਵਿੱਚ ਪਹੁੰਚਣ ਦੇ ਮਾਮਲੇ 'ਚ ਆਸਟ੍ਰੇਲੀਆ (12) ਤੋਂ ਬਾਅਦ ਦੂਜੇ ਨੰਬਰ ’ਤੇ ਹੈ।

ਇਹ ਵੀ ਪੜ੍ਹੋ: ਸ਼੍ਰੀਲੰਕਾ ਅਤੇ ਸਕਾਟਲੈਂਡ ਨੇ ਵਿਸ਼ਵ ਕੱਪ ਕੁਆਲੀਫਾਇਰ 'ਚ ਵੱਡੀ ਜਿੱਤ ਕੀਤੀ ਦਰਜ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Aarti dhillon

Content Editor

Related News