ਭਾਰਤ ਜਿੱਤਿਆ, ਪਰ ਮੁਸੀਬਤ 'ਚ ਫਸੇ ਜਡੇਜਾ, ICC ਨੇ ਲਾਇਆ ਜੁਰਮਾਨਾ
Saturday, Feb 11, 2023 - 04:44 PM (IST)
ਸਪੋਰਟਸ ਡੈਸਕ : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਨਾਗਪੁਰ 'ਚ ਖੇਡੇ ਗਏ ਪਹਿਲੇ ਟੈਸਟ ਮੈਚ 'ਚ ਹਰਫਨਮੌਲਾ ਰਵਿੰਦਰ ਜਡੇਜਾ 'ਤੇ ਮੈਚ ਫੀਸ ਦਾ 25 ਫੀਸਦੀ ਜੁਰਮਾਨਾ ਲਗਾਇਆ ਗਿਆ ਹੈ। ਜਡੇਜਾ ਨੂੰ ਆਈਸੀਸੀ ਨਿਯਮਾਂ ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ ਹੈ। ਜਡੇਜਾ 'ਤੇ ਅੰਪਾਇਰ ਨੂੰ ਦੱਸੇ ਬਿਨਾਂ ਆਪਣੀ ਉਂਗਲ 'ਤੇ ਕਰੀਮ ਲਗਾਉਣ ਦਾ ਦੋਸ਼ ਹੈ।
ਜ਼ਿਕਰਯੋਗ ਹੈ ਕਿ ਨਾਗਪੁਰ 'ਚ ਖੇਡੇ ਗਏ ਪਹਿਲੇ ਟੈਸਟ ਮੈਚ 'ਚ ਭਾਰਤ ਨੇ ਆਸਟ੍ਰੇਲੀਆ 'ਤੇ ਪਾਰੀ ਅਤੇ 132 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ। ਭਾਰਤ ਦੀ ਇਸ ਜਿੱਤ ਵਿੱਚ ਹਰਫ਼ਨਮੌਲਾ ਰਵਿੰਦਰ ਜਡੇਜਾ ਨੇ ਅਹਿਮ ਭੂਮਿਕਾ ਨਿਭਾਈ। ਜਡੇਜਾ ਨੇ ਆਸਟ੍ਰੇਲੀਆ ਦੀ ਪਹਿਲੀ ਪਾਰੀ 'ਚ 5 ਵਿਕਟਾਂ ਲਈਆਂ ਸਨ। ਇਸ ਤੋਂ ਬਾਅਦ ਬੱਲੇਬਾਜ਼ੀ ਕਰਦੇ ਹੋਏ 70 ਦੌੜਾਂ ਬਣਾਈਆਂ।
ਇਨ੍ਹਾਂ ਨਿਯਮਾਂ ਦੀ ਕੀਤੀ ਸੀ ਉਲੰਘਣਾ
ਜਡੇਜਾ ਨੇ ਆਸਟਰੇਲੀਆ ਦੀ ਦੂਜੀ ਪਾਰੀ ਵਿੱਚ ਦੋ ਵਿਕਟਾਂ ਲਈਆਂ। ਜਡੇਜਾ ਨੇ ਪਹਿਲੇ ਟੈਸਟ ਮੈਚ ਵਿੱਚ ਕੁੱਲ 7 ਵਿਕਟਾਂ ਲਈਆਂ ਸਨ। ਮੈਚ ਤੋਂ ਬਾਅਦ ਆਲਰਾਊਂਡਰ ਰਵਿੰਦਰ ਜਡੇਜਾ 'ਤੇ ਮੈਚ ਫੀਸ ਦਾ 25 ਫੀਸਦੀ ਜੁਰਮਾਨਾ ਲਗਾਇਆ ਗਿਆ। ਦਰਅਸਲ, ਮੈਚ ਦੇ ਪਹਿਲੇ ਦਿਨ ਆਸਟਰੇਲੀਆ ਦੀ ਪਹਿਲੀ ਪਾਰੀ ਦੌਰਾਨ ਗੇਂਦਬਾਜ਼ੀ ਕਰਦੇ ਸਮੇਂ ਜਡੇਜਾ ਆਪਣੇ ਹੱਥ 'ਤੇ ਕੁਝ ਲਗਾਉਂਦੇ ਹੋਏ ਵਿਜ਼ੂਅਲ ਦੇਖੇ ਗਏ ਸਨ। ਆਸਟ੍ਰੇਲੀਆਈ ਮੀਡੀਆ ਅਤੇ ਸਾਬਕਾ ਕ੍ਰਿਕਟਰਾਂ ਵੱਲੋਂ ਇਨ੍ਹਾਂ ਤਸਵੀਰਾਂ ਨੂੰ ਲੈ ਕੇ ਕਾਫੀ ਹੰਗਾਮਾ ਕੀਤਾ ਗਿਆ ਸੀ।
ਬੀਸੀਸੀਆਈ ਦੇ ਦਖਲ ਤੋਂ ਬਾਅਦ, ਜਾਂਚ ਵਿੱਚ ਪਾਇਆ ਗਿਆ ਕਿ ਜਡੇਜਾ ਨੇ ਅੰਪਾਇਰ ਨੂੰ ਦੱਸੇ ਬਿਨਾਂ ਆਪਣੀ ਉਂਗਲੀ 'ਤੇ ਕਰੀਮ ਲਗਾਈ ਸੀ, ਜੋ ਕਿ ਆਈਸੀਸੀ ਦੇ ਜ਼ਾਬਤੇ ਦੇ ਵਿਰੁੱਧ ਸੀ। ਇਸ ਕਾਰਨ ਜਡੇਜਾ 'ਤੇ ਮੈਚ ਫੀਸ ਦਾ 25 ਫੀਸਦੀ ਜੁਰਮਾਨਾ ਲਗਾਇਆ ਗਿਆ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
