ਭਾਰਤ-ਵਿੰਡੀਜ਼ ਵਿਚਾਲੇ ਅੱਜ ਹੋਵੇਗਾ ਖਿਤਾਬੀ ਮੁਕਾਬਲੇ ਦਾ ਫੈਸਲਾ

Wednesday, Dec 11, 2019 - 02:28 AM (IST)

ਭਾਰਤ-ਵਿੰਡੀਜ਼ ਵਿਚਾਲੇ ਅੱਜ ਹੋਵੇਗਾ ਖਿਤਾਬੀ ਮੁਕਾਬਲੇ ਦਾ ਫੈਸਲਾ

ਮੁੰਬਈ- ਫੀਲਡਿੰਗ ਅਤੇ ਬੱਲੇਬਾਜ਼ੀ ਵਿਭਾਗ ਦੀਆਂ ਆਪਣੀਆਂ ਕਮਜ਼ੋਰੀਆਂ ਤੋਂ ਸਬਕ ਲੈਂਦੇ ਹੋਏ ਭਾਰਤੀ ਕ੍ਰਿਕਟ ਟੀਮ ਬੁੱਧਵਾਰ ਨੂੰ ਵੈਸਟਇੰਡੀਜ਼ ਵਿਰੁੱਧ ਮੁੰਬਈ ਦੇ ਵਾਨਖੇੜੇ ਮੈਦਾਨ 'ਤੇ ਤੀਜੇ ਅਤੇ ਆਖਰੀ ਟੀ-20 ਮੈਚ ਵਿਚ 'ਕਰੋ ਜਾਂ ਮਰੋ'  ਦੀ ਸਥਿਤੀ ਵਿਚ ਉਤਰੇਗੀ, ਜਿੱਥੇ ਦੋਵਾਂ ਟੀਮਾਂ ਲਈ ਸੀਰੀਜ਼ ਦਾਅ 'ਤੇ ਹੋਵੇਗੀ। ਭਾਰਤ ਨੇ ਹੈਦਰਾਬਾਦ ਵਿਚ ਪਹਿਲੇ ਟੀ-20 ਮੈਚ ਵਿਚ 6 ਵਿਕਟਾਂ ਨਾਲ ਜਿੱਤ ਆਪਣੇ ਨਾਂ ਕਰਕੇ 3 ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾਈ ਸੀ ਪਰ ਦੂਜੇ ਮੈਚ ਵਿਚ ਵੈਸਟਇੰਡੀਜ਼ ਨੇ ਮੇਜ਼ਬਾਨ ਟੀਮ ਦੀ ਖਰਾਬ ਫੀਲਡਿੰਗ ਅਤੇ ਹੇਠਲੇ ਕ੍ਰਮ ਦੀ ਖਰਾਬ ਬੱਲੇਬਾਜ਼ੀ ਵਰਗੀਆਂ ਕਮੀਆਂ ਦਾ ਬਾਖੂਬੀ ਲਾਭ ਉਠਾਉਂਦੇ ਹੋਏ ਤਿਰੂਅਨੰਤਪੁਰਮ ਵਿਚ ਇਹ ਮੈਚ 8 ਵਿਕਟਾਂ ਨਾਲ ਜਿੱਤ ਕੇ ਸੀਰੀਜ਼ 1-1 ਨਾਲ ਬਰਾਬਰ ਕਰ ਦਿੱਤੀ।
ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਟੀਮ ਇੰਡੀਆ ਲਈ ਹੁਣ ਸੀਰੀਜ਼ ਹਾਸਲ ਕਰਨ ਲਈ ਵਿੰਡੀਜ਼ ਨੂੰ ਮੁੰਬਈ ਵਿਚ ਬੁੱਧਵਾਰ ਨੂੰ ਹੋਣ ਵਾਲੇ ਫੈਸਲਾਕੁੰਨ ਮੁਕਾਬਲੇ ਵਿਚ ਹਰ ਹਾਲ ਵਿਚ ਹਰਾਉਣਾ ਪਵੇਗਾ, ਜਦਕਿ ਦੋ ਵਾਰ ਦੀ ਟੀ-20 ਵਿਸ਼ਵ ਚੈਂਪੀਅਨ ਵਿੰਡੀਜ਼ ਹਰ ਹਾਲ ਵਿਚ ਇਸ ਮੈਚ ਨੂੰ ਜਿੱਤ ਕੇ ਖੁਦ ਨੂੰ ਇਸ ਸਵਰੂਪ ਦੀ ਸਰਵਸ੍ਰੇਸ਼ਠ ਟੀਮ ਐਲਾਨ ਕਰਨਾ ਚਾਹੇਗੀ। ਭਾਰਤੀ ਟੀਮ ਦਾ ਦੂਜੇ ਟੀ-20 ਮੈਚ ਵਿਚ ਪ੍ਰਦਰਸ਼ਨ ਸਵਾਲਾਂ ਦੇ ਘੇਰੇ ਵਿਚ ਰਿਹਾ ਸੀ ਅਤੇ ਖੁਦ ਕਪਤਾਨ ਵਿਰਾਟ ਨੇ ਟੀਮ ਦੀ ਫੀਲਡਿੰਗ ਨੂੰ ਖਰਾਬ ਦੱਸਦੇ ਹੋਏ ਕਿਹਾ ਸੀ ਕਿ ਲਗਾਤਾਰ ਦੋ ਮੈਚਾਂ ਵਿਚ ਉਸਦੇ ਖਿਡਾਰੀਆਂ ਨੇ ਜਿਸ ਤਰ੍ਹਾਂ ਨਾਲ ਕੈਚ ਛੱਡੇ ਹਨ, ਉਹ ਦੇਖਣਾ ਕਾਫੀ ਨਿਰਾਸ਼ਾਜਨਕ ਹੈ।
ਭਾਰਤ ਜੇਕਰ ਫਟਾਫਟ ਸਵਰੂਪ ਦੀ ਮਾਹਿਰ ਮੰਨੀ ਜਾਣ ਵਾਲੀ ਵੈਸਟਇੰਡੀਜ਼ ਤੋਂ ਸੀਰੀਜ਼ ਜਿੱਤਣਾ ਚਾਹੁੰਦਾ ਹੈ ਤਾਂ ਉਸਦੇ ਲਈ ਮੁੰਬਈ ਵਿਚ ਆਪਣੀਆਂ ਪਿਛਲੀਆਂ ਗਲਤੀਆਂ ਤੋਂ ਸਬਕ ਲੈਣਾ ਪਵੇਗਾ। ਟੀਮ ਨੂੰ ਆਪਣੇ ਨੌਜਵਾਨਾਂ ਤੋਂ ਬਿਹਤਰ ਖੇਡ ਦੀ ਉਮੀਦ ਹੈ ਅਤੇ ਇਸ ਫੈਸਲਾਕੁੰਨ ਮੁਕਾਬਲੇ ਵਿਚ ਇਕ ਵਾਰ ਫਿਰ ਨੌਜਵਾਨ ਆਫ ਸਪਿਨਰ ਸੁੰਦਰ, ਆਲਚੋਨਾਵਾਂ ਵਿਚ ਘਿਰੇ ਰਹਿਣ ਵਾਲੇ ਵਿਕਟਕੀਪਰ ਪੰਤ 'ਤੇ ਨਜ਼ਰਾਂ ਰਹਿਣਗੀਆਂ। ਦੂਜੇ ਪਾਸੇ ਵਿੰਡੀਜ਼ ਦੇ ਚੋਟੀਕ੍ਰਮ ਦੇ ਬੱਲੇਬਾਜ਼ ਕਮਾਲ ਦੀ ਫਾਰਮ ਵਿਚ ਹਨ। ਲੇਂਡਲ ਸਿਮਨਸ, ਐਵਿਨ ਲੂਈਸ, ਨਿਕੋਲਸ ਪੂਰਨ ਅਤੇ ਸ਼ਿਮਰੋਨ ਹੈੱਟਮਾਇਰ ਹੋਰ ਬਿਹਤਰੀਨ ਸਕੋਰਰ ਹਨ।  ਉਥੇ ਹੀ ਗੇਂਦਬਾਜ਼ੀ ਵਿਭਾਗ ਵਿਚ ਤੇਜ਼ ਗੇਂਦਬਾਜ਼ ਸ਼ੈਲਡਨ ਕੋਟਰੈੱਲ, ਕੇਸਰਿਚ ਵਿਲੀਅਮਸ, ਲੈੱਗ ਸਪਿਨਰ ਹੇਡਨ ਵਾਲਸ਼ ਮਜ਼ਬੂਤ ਖਿਡਾਰੀ ਹਨ।
ਟੀਮਾਂ ਇਸ ਤਰ੍ਹਾਂ ਹਨ—
ਭਾਰਤ-ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਲੋਕੇਸ਼ ਰਾਹੁਲ, ਸੰਜੂ ਸੈਮਸਨ, ਰਿਸ਼ਭ ਪੰਤ, ਸ਼੍ਰੇਅਸ ਅਈਅਰ, ਸ਼ਿਵਮ ਦੂਬੇ, ਰਵਿੰਦਰ ਜਡੇਜਾ, ਵਾਸ਼ਿੰਗਟਨ ਸੁੰਦਰ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ, ਦੀਪਕ ਚਾਹਰ, ਭੁਵਨੇਸ਼ਵਰ ਕੁਮਾਰ, ਮੁਹੰਮਦ ਸ਼ੰਮੀ।
ਵੈਸਟਇੰਡੀਜ਼- ਕੀਰੋਨ ਪੋਲਾਰਡ (ਕਪਤਾਨ), ਫੇਬਿਆਨ ਐਲਨ, ਬ੍ਰੈਂਡਨ ਕਿੰਗ, ਦਿਨੇਸ਼ ਰਾਮਦੀਨ, ਸ਼ੈਲਡਨ ਕੋਟਰੈੱਲ, ਐਵਿਨ ਲੂਈਸ, ਸ਼ੇਰਫਾਨੇ ਰੁਦਰਫੋਰਡ, ਸ਼ਿਮਰੋਨ ਹੈੱਟਮਾਇਰ, ਖਾਰੀ ਪਿਯਰੇ, ਲੇਂਡਿਲ ਸਿਮਨਸ, ਜੇਸਨ ਹੋਲਡਰ, ਹੇਡਨ ਵਾਲਸ਼ ਜੂਨੀਅਰ, ਕੀਮੋ ਪਾਲ ਤੇ ਕੇਸਰਿਕ ਵਿਲੀਅਮਸ।


author

Gurdeep Singh

Content Editor

Related News