ਇੰਗਲੈਂਡ ਕੋਲੋਂ ਬਦਲਾ ਲੈਣ ਲਈ ਭਾਰਤ ਤਿਆਰ

11/22/2018 4:27:37 AM

ਨਾਰਥ ਸਾਊਂਡ (ਏਂਟੀਗਾ)- ਹੁਣ ਤਕ ਬਿਹਤਰੀਨ ਪ੍ਰਦਰਸ਼ਨ ਕਰਨ ਵਾਲਾ ਭਾਰਤ ਆਈ. ਸੀ. ਸੀ. ਮਹਿਲਾ ਵਿਸ਼ਵ ਟੀ-20 ਦੇ ਸੈਮੀਫਾਈਨਲ ਵਿਚ ਭਾਰਤੀ ਸਮੇਂ ਅਨੁਸਾਰ ਸ਼ੁੱਕਰਵਾਰ ਦੀ ਸਵੇਰੇ 5 ਵਜ ਕੇ 30 ਮਿੰਟ 'ਤੇ ਜਦੋਂ ਇੰਗਲੈਂਡ ਦਾ ਸਾਹਮਣਾ ਕਰਨ ਲਈ ਉਤਰੇਗਾ ਤਾਂ ਉਹ ਪਿਛਲੇ ਸਾਲ ਵਿਸ਼ਵ ਕੱਪ ਫਾਈਨਲ ਵਿਚ ਮਿਲੀ ਹਾਰ ਦੀਆਂ ਕੌੜੀਆਂ ਯਾਦਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੇਗਾ। ਇੰਗਲੈਂਡ ਨੇ 50 ਓਵਰਾਂ ਦੇ ਵਿਸ਼ਵ ਕੱਪ ਦੇ ਰੋਮਾਂਚਕ ਫਾਈਨਲ ਵਿਚ ਭਾਰਤੀ ਟੀਮ ਨੂੰ 9 ਦੌੜਾਂ ਨਾਲ ਹਰਾਇਆ ਸੀ। ਇਸ ਟੂਰਨਾਮੈਂਟ ਤੋਂ ਹਾਲਾਂਕਿ ਭਾਰਤ ਵਿਚ ਮਹਿਲਾ ਕ੍ਰਿਕਟ ਦੇ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ। 
ਭਾਰਤੀ ਮਹਿਲਾ ਟੀਮ ਨੇ ਵੀ ਵਿਸ਼ਵ  ਟੀ-20 ਵਿਚ ਹੁਣ ਤਕ ਆਪਣੇ ਪ੍ਰਸ਼ੰਸਕਾਂ ਨੂੰ ਨਿਰਾਸ਼ ਨਹੀਂ ਕੀਤਾ ਤੇ ਅਜੇਤੂ ਰਹਿੰਦਿਆਂ ਸੈਮੀਫਾਈਨਲ ਵਿਚ ਜਗ੍ਹਾ ਬਣਾਈ। ਭਾਰਤ ਨੇ ਨਿਊਜ਼ੀਲੈਂਡ ਦੀ ਮਜ਼ਬੂਤ ਟੀਮ ਨੂੰ 34 ਦੌੜਾਂ ਨਾਲ ਤੇ ਫਿਰ ਆਸਟਰੇਲੀਆ ਨੂੰ 48 ਦੌੜਾਂ ਨਾਲ ਹਰਾਇਆ। ਇਸ ਤਰ੍ਹਾਂ ਨਾਲ ਉਹ ਲੀਗ ਗੇੜ ਵਿਚ ਆਪਣੇ ਸਾਰੇ ਮੈਚ ਜਿੱਤਣ ਵਿਚ ਸਫਲ ਰਿਹਾ ਪਰ ਮੌਜੂਦਾ ਵਿਸ਼ਵ ਵਨ ਡੇ ਚੈਂਪੀਅਨ ਇੰਗਲੈਂਡ ਦੀ ਟੀਮ ਕਾਫੀ ਮਜ਼ਬੂਤ ਹੈ ਤੇ ਪਿਛਲੇ ਸਾਲ ਲਾਰਡਸ ਵਿਚ ਮਿਲੀ ਹਾਰ ਦੀਆਂ ਯਾਦਾਂ ਭਾਰਤੀ ਮਹਿਲਾ ਟੀਮ ਦੀਆਂ ਦੋ ਧਾਕੜਾਂ ਮਿਤਾਲੀ ਰਾਜ ਤੇ ਹਰਮਨਪ੍ਰੀਤ ਕੌਰ ਦੇ ਦਿਮਾਗ ਵਿਚ ਰਹਿਣਗੀਆਂ।
ਕਪਤਾਨ ਹਰਮਨਪ੍ਰੀਤ ਦਾ ਪ੍ਰਦਰਸ਼ਨ ਭਾਰਤ ਦੀ ਸਫਲਤਾ ਵਿਚ ਅਹਿਮ ਭੂਮਿਕਾ ਨਿਭਾਏਗਾ ਕਿਉਂਕਿ ਉਸ ਨੇ ਲੋੜ ਪੈਣ 'ਤੇ ਚੰਗੀ ਖੇਡ ਦਿਖਾਈ ਹੈ। ਪੰਜਾਬ ਦੇ ਮੋਗਾ ਜ਼ਿਲੇ ਦੀ ਇਹ ਖਿਡਾਰਨ ਵੱਡੇ ਮੈਚਾਂ ਵਿਚ ਚੰਗਾ ਪ੍ਰਦਰਸ਼ਨ ਕਰਨ ਲਈ ਜਾਣੀ ਜਾਂਦੀ ਹੈ। ਇੱਥੋਂ ਤਕ ਕਿ ਮੌਜੂਦਾ ਵਿਸ਼ਵ ਟੀ-20 ਵਿਚ ਵੀ ਉਸ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ। ਨਿਊਜ਼ੀਲੈਂਡ ਵਿਰੁੱਧ ਉਸ ਨੇ ਸੈਂਕੜਾ ਲਾਇਆ, ਜਦਕਿ ਆਸਟਰੇਲੀਆ ਵਿਰੁੱਧ 43 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਉਸ ਨੇ ਟੂਰਨਾਮੈਂਟ ਵਿਚ ਹੁਣ ਤਕ ਚਾਰ ਮੈਚਾਂ ਵਿਚ ਸਭ ਤੋਂ ਵੱਧ 167 ਦੌੜਾਂ ਬਣਾਈਆਂ ਹਨ ਤੇ ਉਸਦੀ ਸਟ੍ਰਾਈਕ ਰੇਟ 177 ਹੈ। ਭਾਰਤ ਦੀ ਇਕ ਹੋਰ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ 144 ਦੌੜਾਂ ਬਣਾਈਆਂ ਹਨ ਤੇ ਉਹ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿਚ ਚੌਥੇ ਨੰਬਰ 'ਤੇ ਹੈ। 
ਇੰਗਲੈਂਡ ਵਿਰੁੱਧ ਭਾਰਤ ਆਪਣੀ ਸਭ ਤੋਂ ਤਜਰੇਬਾਕਰ ਖਿਡਾਰਨ ਮਿਤਾਲੀ ਨੂੰ ਵੀ ਆਖਰੀ-11 ਵਿਚ ਰੱਖੇਗਾ। ਉਸ ਨੂੰ ਆਸਟਰੇਲੀਆ ਵਿਰੁੱਧ ਆਖਰੀ ਲੀਗ ਮੈਚ ਵਿਚ ਆਰਾਮ ਦਿੱਤਾ ਗਿਆ ਸੀ। ਆਇਰਲੈਂਡ ਵਿਰੁੱਧ ਫੀਲਡਿੰਗ ਦੌਰਾਨ ਉਹ ਜ਼ਖ਼ਮੀ ਹੋ ਗਈ ਸੀ। ਉਸ ਨੂੰ ਸਪਿਨਰ  ਅਨੁਜਾ ਪਾਟਿਲ ਦੀ ਜਗ੍ਹਾ ਟੀਮ ਵਿਚ ਰੱਖਿਆ ਜਾਵੇਗਾ। ਮਿਤਾਲੀ ਦਾ ਚੋਟੀਕ੍ਰਮ ਵਿਚ ਪ੍ਰਦਰਸ਼ਨ ਕਾਫੀ ਅਹਿਮ ਸਾਬਤ ਹੋਵੇਗਾ। 
ਭਾਰਤੀ ਟੀਮ- 
ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ, ਜੇਮਿਮਾ ਰੌਡ੍ਰਿਗਜ਼, ਮਿਤਾਲੀ ਰਾਜ, ਦੀਪਤੀ ਸ਼ਰਮਾ, ਦਯਾਲਨ ਹੇਮਲਤਾ, ਵੇਦਾ ਕ੍ਰਿਸ਼ਣਾਮੂਰਤੀ, ਅੰਰੂਧਤੀ ਰੈੱਡੀ, ਰਾਧਾ ਯਾਦਵ, ਪੂਨਮ ਯਾਦਵ, ਏਕਤਾ ਬਿਸ਼ਟ, ਤਾਨੀਆ ਭਾਟੀਆ (ਵਿਕਟਕੀਪਰ), ਮਾਨਸੀ ਜੋਸ਼ੀ, ਦੇਵਿਕਾ ਵੈਦ, ਅਨੁਜਾ ਪਾਟਿਲ। 


Related News