ਅਸੀਂ ਓਲੰਪਿਕ ਮੇਜ਼ਬਾਨੀ ਲਈ ਤਿਆਰ : ਠਾਕੁਰ
Saturday, May 11, 2024 - 08:25 PM (IST)
ਹਮੀਰਪੁਰ– ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ 2036 ਵਿਚ ਹੋਣ ਵਾਲੀਆਂ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਲਈ ਭਾਰਤ ਦਾ ਦਾਅਵਾ ਮਜ਼ਬੂਤ ਕਰਾਰ ਦਿੰਦੇ ਹੋਏ ਕਿਹਾ ਕਿ ਦੇਸ਼ ਹੋਰਨਾਂ ਦਾਅਵੇਦਾਰਾਂ ਦਾ ਮੁਕਾਬਲਾ ਕਰਨ ਵਿਚ ਸਮਰੱਥ ਹੈ। ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਦੇ ਨਵੇਂ ਮੁਖੀ ਦੀ ਚੋਣ ਅਗਲੇ ਸਾਲ ਹੋਣੀ ਹੈ ਤੇ ਅਜਿਹੇ ਵਿਚ 2036 ਦੀਆਂ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਦਾ ਫੈਸਲਾ 2026 ਜਾਂ 2027 ਤੋਂ ਪਹਿਲਾਂ ਹੋਣ ਦੀ ਸੰਭਾਵਨਾ ਨਹੀਂ ਹੈ। ਭਾਰਤੀ ਦੀ ਮੇਜ਼ਬਾਨੀ ਵਿਚ ਦਿਲਚਸਪੀ ਨੂੰ ਆਈ. ਓ. ਸੀ. ਦੇ ਮੌਜੂਦਾ ਮੁਖੀ ਥਾਮਸ ਬਾਕ ਦਾ ਸਮਰਥਨ ਵੀ ਹਾਸਲ ਹੈ, ਜਿਸ ਦਾ ਮੰਨਣਾ ਹੈ ਕਿ ਭਾਰਤ ਦਾ ਦਾਅਵਾ ਕਾਫੀ ਮਜ਼ਬੂਤ ਹੈ।
ਠਾਕੁਰ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਭਾਰਤ ਕੋਲ ਪੋਲੈਂਡ, ਇੰਡੋਨੇਸ਼ੀਆ, ਮੈਕਸੀਕੋ, ਕਤਰ ਤੇ ਸਾਊਦੀ ਅਰਬ ਵਰਗੇ ਕਈ ਦੇਸ਼ਾਂ ਦੀ ਦਾਅਵੇਦਾਰੀ ਦਾ ਮੁਕਾਬਲਾ ਕਰਨ ਦੀ ਸਮਰੱਥਾ ਹੈ ਤਾਂ ਉਸ ਨੇ ਕਿਹਾ, ‘‘ਅਸੀਂ ਪੂਰੀ ਤਰ੍ਹਾਂ ਨਾਲ ਤਿਆਰ ਹਾਂ। ਅਸੀਂ ਆਸਾਨੀ ਨਾਲ ਅਜਿਹਾ ਕਰ ਸਕਦੇ ਹਾਂ।’’ ਠਾਕੁਰ ਨੇ ਇਨ੍ਹਾਂ ਖੇਡਾਂ ’ਤੇ ਹੋਣ ਵਾਲੇ ਖਰਚੇ ਦੇ ਸਬੰਧ ’ਚ ਕਿਹਾ, ‘‘ਪਿਛਲੇ ਸਾਲ ਸਾਡਾ ਪੂੰਜੀ ਖਰਚ 10 ਲੱਖ ਕਰੋੜ ਰੁਪਏ ਸੀ ਅਤੇ ਉਸ ਤੋਂ ਇਕ ਸਾਲ ਪਹਿਲਾਂ ਇਹ 7.5 ਲੱਖ ਕਰੋੜ ਰੁਪਏ ਸੀ। ਇਸ ਸਾਲ ਇਹ 11,11,111 ਕਰੋੜ ਰੁਪਏ ਹੈ। ਖੇਡਾਂ ਦਾ ਬੁਨਿਆਦੀ ਢਾਂਚਾ ਮੁਸ਼ਕਿਲ ਨਾਲ 5000 ਕਰੋੜ ਰੁਪਏ ਹੈ। ਜੇਕਰ ਲਾਗਤ 20,000 ਕਰੋੜ ਰੁਪਏ ਤੱਕ ਵੀ ਜਾਂਦੀ ਹੈ ਤਦ ਵੀ ਅਜਿਹਾ ਕੀਤਾ ਜਾ ਸਕਦਾ ਹੈ।’’
ਭਾਰਤ ਸਰਕਾਰ ਨੇ ਇਸਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ ਤੇ ਉਹ 2030 ਵਿਚ ਹੋਣ ਵਾਲੀਆਂ ਯੂਥ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਹਾਸਲ ਕਰਕੇ ਆਪਣਾ ਦਾਅਵਾ ਹੋਰ ਮਜ਼ਬੂਤ ਕਰਨਾ ਚਾਹੁੰਦੀ ਹੈ। ਭਾਰਤ ਨੂੰ ਜੇਕਰ ਮੇਜ਼ਬਾਨੀ ਮਿਲਦੀ ਹੈ ਤਾਂ ਇਨ੍ਹਾਂ ਦੋਵਾਂ ਖੇਡਾਂ ਦਾ ਆਯੋਜਨ ਅਹਿਮਦਾਬਾਦ ਵਿਚ ਕੀਤਾ ਜਾ ਸਕਦਾ ਹੈ। ਰੀਓ ਵਿਚ 2016 ਵਿਚ ਖੇਡੀਆਂ ਗਈਆਂ ਓਲੰਪਿਕ ਖੇਡਾਂ ਦਾ ਖਰਚ 11.1 ਬਿਲੀਅਨ ਡਾਲਰ ਜਦਕਿ ਟੋਕੀਓ ਓਲੰਪਿਕ ਦਾ ਖਰਚ 12.9 ਬਿਲੀਅਨ ਅਮਰੀਕੀ ਡਾਲਰ ਸੀ।