IPL 2024 : ਆਪਣੇ ਗੜ੍ਹ ’ਚ ਲਖਨਊ ਤੋਂ ਬਦਲਾ ਲੈਣ ਉਤਰੇਗੀ ਚੇਨਈ
Monday, Apr 22, 2024 - 08:37 PM (IST)

ਚੇਨਈ, (ਭਾਸ਼ਾ)– ਸਾਬਕਾ ਚੈਂਪੀਅਨ ਚੇਨਈ ਸੁਪਰ ਕਿੰਗਜ਼ ਆਪਣੇ ਗੜ੍ਹ ਚੇਪਾਕ ਸਟੇਡੀਅਮ ’ਚ ਮੰਗਲਵਾਰ ਨੂੰ ਲਖਨਊ ਸੁਪਰ ਜਾਇੰਟਸ ਵਿਰੁੱਧ ਉਤਰੇਗੀ ਤਾਂ ਉਸਦਾ ਇਰਾਦਾ ਪਿਛਲੀ ਹਾਰ ਦਾ ਬਦਲਾ ਲੈਣ ਦੇ ਨਾਲ-ਨਾਲ ਅੰਕ ਸੂਚੀ ਵਿਚ ਆਪਣੀ ਸਥਿਤੀ ਬਿਹਤਰ ਕਰਨ ਦਾ ਵੀ ਹੋਵੇਗਾ। ਪਿਛਲੀ ਵਾਰ ਦੋਵਾਂ ਟੀਮਾਂ ਦਾ ਸਾਹਮਣਾ ਪਿਛਲੇ ਹਫਤੇ ਲਖਨਊ ਵਿਚ ਹੋਇਆ ਸੀ। ਕੇ. ਐੱਲ. ਰਾਹੁਲ ਤੇ ਕਵਿੰਟਨ ਡੀ ਕੌਕ ਨੇ ਪਹਿਲੀ ਵਿਕਟ ਲਈ ਰਿਕਾਰਡ ਸਾਂਝੇਦਾਰੀ ਕੀਤੀ ਸੀ, ਜਿਸ ਦੇ ਦਮ ’ਤੇ ਲਖਨਊ ਨੇ ਜਿੱਤ ਦਰਜ ਕੀਤੀ ਸੀ। ਦੋਵਾਂ ਟੀਮਾਂ ਦੇ 7 ਮੈਚਾਂ ’ਚੋਂ 8 ਅੰਕ ਹਨ। ਚੇਪਾਕ ਚੇਨਈ ਸੁਪਰ ਕਿੰਗਜ਼ ਦਾ ਅਜੇਤੂ ਕਿਲਾ ਰਿਹਾ ਹੈ ਤੇ ਹੁਣ ਉਸ ਨੂੰ ਇੱਥੇ ਲਗਾਤਾਰ ਤਿੰਨ ਮੈਚ ਖੇਡਣੇ ਹਨ।
ਦੂਜੇ ਮੈਦਾਨ ’ਤੇ ਹਾਰ ਜਾਣ ਤੋਂ ਬਾਅਦ ਹੁਣ ਉਸਦੀ ਨਜ਼ਰਾਂ ਆਪਣੇ ਘਰ ’ਚ ਤਿੰਨੇ ਮੈਚ ਜਿੱਤ ਕੇ ਪਲੇਅ ਆਫ ਦਾ ਦਾਅਵਾ ਪੁਖਤਾ ਕਰਨ ’ਤੇ ਲੱਗੀਆਂ ਹੋਣਗੀਆਂ। ਚੇਨਈ ਲਈ ਕਪਤਾਨ ਰਿਤੂਰਾਜ ਗਾਇਕਵਾੜ ਤੇ ਸ਼ਿਵਮ ਦੂਬੇ ਨੇ ਜ਼ਿਆਦਾਤਰ ਦੌੜਾਂ ਬਣਾਈਆਂ ਹਨ। ਲਖਨਊ ਵਿਰੁੱਧ ਉਸਦੇ ਅਸਫਲ ਰਹਿਣ ਨਾਲ ਚੇਨਈ ਨੂੰ ਚੰਗੀ ਸ਼ੁਰੂਆਤ ਨਹੀਂ ਮਿਲ ਸਕੀ ਤੇ ਵਿਚਾਲੇ ਦੇ ਓਵਰਾਂ ਵਿਚ ਟੀਮ ਜੂਝਦੀ ਨਜ਼ਰ ਆਈ। ਸਲਾਮੀ ਬੱਲੇਬਾਜ਼ ਰਚਿਨ ਰਵਿੰਦਰ ਦੀ ਫਾਰਮ ਚਿੰਤਾ ਦਾ ਵਿਸ਼ਾ ਹੈ। ਚੇਨਈ ਨੇ ਅਜਿੰਕਯ ਰਹਾਨੇ ਨੂੰ ਪਾਰੀ ਦਾ ਆਗਾਜ਼ ਕਰਨ ਲਈ ਭੇਜਿਆ, ਜਿਸਦੀ ਵਜ੍ਹਾ ਨਾਲ ਗਾਇਕਵਾੜ ਤੀਜੇ ਨੰਬਰ ’ਤੇ ਉਤਰਿਆ। ਸਲਾਮੀ ਬੱਲੇਬਾਜ਼ ਦੇ ਤੌਰ ’ਤੇ ਤਿੰਨ ਅਰਧ ਸੈਂਕੜੇ ਲਾਉਣ ਤੋਂ ਬਾਅਦ ਗਾਇਕਵਾੜ ਦੇ ਸਾਹਮਣੇ ਇਹ ਮੁਸ਼ਕਿਲ ਹੋਵੇਗੀ ਕਿ ਉਹ ਤੀਜੇ ਨੰਬਰ ’ਤੇ ਖੇਡੇ ਜਾਂ ਫਿਰ ਪਾਰੀ ਦਾ ਆਗਾਜ਼ ਕਰੇ।
ਰਵਿੰਦਰ ਜਡੇਜਾ ਵੀ ਅਰਧ ਸੈਂਕੜਾ ਲਾ ਚੁੱਕਾ ਹੈ, ਜਿਸ ਨਾਲ ਮੋਇਨ ਅਲੀ ਤੇ ਮਹਿੰਦਰ ਸਿੰਘ ਧੋਨੀ ਨੂੰ ਆਖਰੀ ਓਵਰਾਂ ਵਿਚ ਹਮਲਾਵਰ ਬੱਲੇਬਾਜ਼ੀ ਦਾ ਮੌਕਾ ਮਿਲਿਆ। ਚੇਨਈ ਨੂੰ ਉਮੀਦ ਹੋਵੇਗੀ ਕਿ ਉਸਦਾ ਚੋਟੀਕ੍ਰਮ ਇਕ ਵਾਰ ਫਿਰ ਦੌੜਾਂ ਬਟੋਰ ਕੇ ਵੱਡੇ ਸਕੋਰ ਦੀ ਨੀਂਹ ਰੱਖੇਗਾ। ਚੇਨਈ ਦੇ ਗੇਂਦਬਾਜ਼ਾਂ ਵਿਚ ਮਥੀਸ਼ਾ ਪਥਿਰਾਨਾ ਸਰਵਸ੍ਰੇਸ਼ਠ ਰਿਹਾ ਪਰ ਤੇਜ਼ ਗੇਂਦਬਾਜ਼ਾਂ ਦੀਪਕ ਚਾਹਰ, ਤੁਸ਼ਾਰ ਦੇਸ਼ਪਾਂਡੇ ਤੇ ਮੁਸਤਾਫਿਜ਼ੁਰ ਰਹਿਮਾਨ ਤੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ ਹੋਵੇਗੀ। ਖੱਬੇ ਹੱਥ ਦੇ ਸਪਿਨਰ ਜਡੇਜਾ ਨੂੰ ਗੇਂਦਬਾਜ਼ੀ ਵਿਚ ਬਿਹਤਰ ਕਰਨਾ ਪਵੇਗਾ।
ਲਖਨਊ ਲਈ ਬੱਲੇਬਾਜ਼ੀ ਚਿੰਤਾ ਦਾ ਸਬੱਬ ਹੈ ਪਰ ਉਸ ਨੇ ਸਾਬਤ ਕਰ ਦਿੱਤਾ ਹੈ ਕਿ ਚੋਟੀਕ੍ਰਮ ਦੇ ਚੱਲਣ ’ਤੇ ਉਹ ਕੀ ਕਰ ਸਕਦੇ ਹਨ। ਰਾਹੁਲ ਤੇ ਡੀ ਕੌਕ ਫਾਰਮ ਵਿਚ ਹਨ ਤੇ ਉਨ੍ਹਾਂ ’ਤੇ ਇੱਥੇ ਸਭ ਤੋਂ ਵੱਧ ਦੌੜਾਂ ਬਣਾਉਣ ਦੀ ਜ਼ਿੰਮੇਵਾਰੀ ਹੋਵੇਗੀ। ਨਿਕੋਲਸ ਪੂਰਨ ਨੇ ਲੋੜ ਪੈਣ ’ਤੇ ਹਮੇਸ਼ਾ ਦੌੜਾਂ ਬਣਾਈਆਂ ਹਨ ਤੇ ਲਖਨਊ ਦੀਆਂ ਉਮੀਦਾਂ ਉਨ੍ਹਾਂ ’ਤੇ ਵੀ ਟਿਕੀਆਂ ਹੋਣਗੀਆਂ।
ਗੇਂਦਬਾਜ਼ੀ ਵਿਚ ਲਖਨਊ ਨੂੰ ਨੌਜਵਾਨ ਤੇਜ਼ ਗੇਂਦਬਾਜ਼ੀ ਸਨਸਨੀ ਮਯੰਕ ਯਾਦਵ ਦੀ ਵਾਪਸੀ ਦੀ ਉਮੀਦ ਹੋਵੇਗੀ, ਜਿਹੜਾ ਪੇਟ ਦੇ ਹੇਠਲੇ ਹਿੱਸੇ ਵਿਚ ਖਿਚਾਅ ਕਾਰਨ ਦੋ ਮੈਚਾਂ ਵਿਚੋਂ ਬਾਹਰ ਰਿਹਾ। ਤੇਜ਼ ਗੇਂਦਬਾਜ਼ ਮੋਹਸਿਨ ਖਾਨ ਤੇ ਯਸ਼ ਠਾਕੁਰ ਨੇ ਚੇਨਈ ਨੂੰ ਘੱਟ ਸਕੋਰ ’ਤੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਆਖਰੀ ਓਵਰਾਂ ਵਿਚ ਧੋਨੀ ਦੇ ਬੱਲੇ ਤੋਂ ਨਿਕਲੇ ਧਮਾਕੇ ਨੂੰ ਨਹੀਂ ਰੋਕ ਸਕੇ। ਮੈਟ ਹੈਨਰੀ ਨੂੰ ਲਖਨਊ ਲਈ ਡੈਬਿਊ ’ਤੇ ਵਿਕਟ ਨਹੀਂ ਮਿਲ ਸਕੀ ਤੇ ਉਹ ਖੁਦ ਨੂੰ ਸਾਬਤ ਕਰਨਾ ਚਾਹੁੰਦਾ ਹੋਵੇਗਾ। ਸਪਿਨ ਗੇਂਦਬਾਜ਼ੀ ਵਿਚ ਕਰੁਣਾਲ ਪੰਡਯਾ ਦੀਆਂ 2 ਵਿਕਟਾਂ ਵਿਚਾਲੇ ਦੇ ਓਵਰਾਂ ਵਿਚ ਕਾਫੀ ਅਹਿਮ ਰਹੀਆਂ। ਇਕ ਵਾਰ ਫਿਰ ਉਸ ਨੇ ਤੇ ਨੌਜਵਾਨ ਰਵੀ ਬਿਸ਼ਨੋਈ ’ਤੇ ਵਿਚਾਲੇ ਦੇ ਓਵਰਾਂ ਵਿਚ ਚੇਨਈ ’ਤੇ ਦਬਾਅ ਬਣਾਉਣ ਦਾ ਦਾਰੋਮਦਾਰ ਹੋਵੇਗਾ।