ਮੁੰਬਈ ਇੰਡੀਅਨਜ਼ ਦੀਆਂ ਨਜ਼ਰਾਂ ਰਾਜਸਥਾਨ ਰਾਇਲਜ਼ ਤੋਂ ਬਦਲਾ ਲੈਣ ’ਤੇ, ਦੇਖੋ ਸੰਭਾਵਿਤ ਪਲੇਇੰਗ 11

Sunday, Apr 21, 2024 - 08:55 PM (IST)

ਮੁੰਬਈ ਇੰਡੀਅਨਜ਼ ਦੀਆਂ ਨਜ਼ਰਾਂ ਰਾਜਸਥਾਨ ਰਾਇਲਜ਼ ਤੋਂ ਬਦਲਾ ਲੈਣ ’ਤੇ, ਦੇਖੋ ਸੰਭਾਵਿਤ ਪਲੇਇੰਗ 11

ਜੈਪੁਰ, (ਭਾਸ਼ਾ)- ਮੁੰਬਈ ਇੰਡੀਅਨਜ਼ ਦੀ ਟੀਮ ਸੋਮਵਾਰ ਨੂੰ ਜਦੋਂ ਇੱਥੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਮੈਚ ਵਿਚ ਅੰਕ ਸੂਚੀ ਵਿਚ ਚੋਟੀ ’ਤੇ ਚੱਲ ਰਹੀ ਰਾਜਸਥਾਨ ਰਾਇਲਜ਼ ਨਾਲ ਭਿੜੇਗੀ ਤਾਂ ਉਸਦੀਆਂ ਨਜ਼ਰਾਂ ਆਪਣੀ ਗੇਂਦਬਾਜ਼ੀ ਦੀਆਂ ਕਮੀਆਂ ਨੂੰ ਦੂਰ ਕਰਕੇ ਮੇਜ਼ਬਾਨ ਟੀਮ ਤੋਂ ਬਦਲਾ ਲੈਣ ’ਤੇ ਲੱਗੀਆਂ ਹੋਣਗੀਆਂ।

ਪਿਛਲੇ 4 ਮੈਚਾਂ ਵਿਚੋਂ 3 ਜਿੱਤ ਕੇ ਮੁੰਬਈ ਇੰਡੀਅਨਜ਼ ਦੀ ਟੀਮ ਉੱਭਰਨ ਦੇ ਰਸਤੇ ’ਤੇ ਚੱਲ ਰਹੀ ਹੈ ਤੇ ਸੈਸ਼ਨ ਦੀ ਖਰਾਬ ਸ਼ੁਰੂਆਤ ਤੋਂ ਬਾਅਦ ਅੰਕ ਸੂਚੀ ਵਿਚ ਛੇਵੇਂ ਸਥਾਨ ’ਤੇ ਪਹੁੰਚ ਗਈ ਹੈ ਜਦਕਿ ਰਾਜਸਥਾਨ ਰਾਇਲਜ਼ ਦੀ ਟੀਮ ਤੂਫਾਨੀ ਰਫਤਾਰ ਨਾਲ ਅੱਗੇ ਵਧਦੇ ਹੋਏ 12 ਅੰਕ ਲੈ ਕੇ ਚੋਟੀ ਦੇ ਸਥਾਨ ’ਤੇ ਕਾਬਜ਼ ਹੈ।

5 ਵਾਰ ਦੀ ਚੈਂਪੀਅਨ ਮੁੰਬਈ ਨੇ ਪਿਛਲੇ ਮੈਚ ਵਿਚ ਆਸ਼ੂਤੋਸ਼ ਸ਼ਰਮਾ ਦੇ ਅੰਤ ਵਿਚ ਲਗਾਏ ਗਏ ਅਰਧ ਸੈਂਕੜੇ ਦੇ ਬਾਵਜੂਦ ਪੰਜਾਬ ਕਿੰਗਜ਼ ਵਿਰੁੱਧ 9 ਦੌੜਾਂ ਨਾਲ ਜਿੱਤ ਹਾਸਲ ਕੀਤੀ ਸੀ। ਇਕ ਵਾਰ ਫਿਰ ਜਸਪ੍ਰੀਤ ਬੁਮਰਾਹ ਨੇ ਜ਼ਿੰਮੇਵਾਰੀ ਆਪਣੇ ਮੋਢਿਆਂ ’ਤੇ ਚੁੱਕੀ ਤੇ 3 ਵਿਕਟਾਂ ਲਈਆਂ। ਭਾਰਤ ਦੇ ਇਸ ਸਟਾਰ ਤੇਜ਼ ਗੇਂਦਬਾਜ਼ ਨੇ ਨਵੀਂ ਗੇਂਦ ਨਾਲ ਚਮਕਦਾਰ ਪ੍ਰਦਰਸ਼ਨ ਕੀਤਾ ਤੇ ਜ਼ਿਆਦਾ ਦੌੜਾਂ ਦਿੱਤੇ ਬਿਨਾਂ ਹੀ ਇਹ ਵਿਕਟਾਂ ਹਾਸਲ ਕੀਤੀਆਂ। ਉਸਦੀ ਇਕਨਾਮੀ ਰੇਟ ਵੀ ਚੰਗੀ ਹੈ।

ਜਿੱਥੇ ਉਹ ਸ਼ਾਨਦਾਰ ਗੇਂਦਬਾਜ਼ੀ ਕਰ ਰਿਹਾ ਹੈ ਤਾਂ ਉੱਥੇ ਹੀ, ਉਸਦੇ ਸਾਥੀ ਗੇਂਦਬਾਜ਼ ਅਜਿਹਾ ਕਰਨ ਲਈ ਜੂਝ ਰਹੇ ਹਨ। ਗੇਰਾਲਡ ਕੋਏਤਜ਼ੀ ਨੇ ਵੀ 12 ਵਿਕਟਾਂ ਲੈ ਕੇ ਪ੍ਰਭਾਵਿਤ ਕੀਤਾ ਹੈ ਪਰ ਉਸ ਨੇ ਕਾਫੀ ਜ਼ਿਆਦਾ ਦੌੜਾਂ ਦੇ ਦਿੱਤੀਆਂ। ਆਕਾਸ਼ ਮਧਵਾਲ ਤੇ ਕਪਤਾਨ ਹਾਰਦਿਕ ਪੰਡਯਾ ਦੀ ਗੇਂਦਬਾਜ਼ੀ ਵਿਚ ਨਿਰੰਤਰਤਾ ਦੀ ਘਾਟ ਹੈ। ਸ਼੍ਰੇਅਸ ਗੋਪਾਲ ਨੇ ਅਜੇ ਤਕ 3 ਮੈਚ ਖੇਡੇ ਹਨ ਤੇ ਹਰੇਕ ਵਿਚ ਇਕ-ਇਕ ਵਿਕਟ ਲਈ ਹੈ। ਮੁੰਬਈ ਇੰਡੀਅਨਜ਼ ਨੂੰ ਆਪਣੇ ਅਫਗਾਨਿਸਤਾਨ ਦੇ ਤਜਰਬੇਕਾਰ ਆਲਰਾਊਂਡਰ ਮੁਹੰਮਦ ਨਬੀ ਦੇ ਬਤੌਰ ਗੇਂਦਬਾਜ਼ ਤਜਰਬੇ ਦਾ ਇਸਤੇਮਾਲ ਕਰਨ ਦੀ ਲੋੜ ਹੈ।

ਬੱਲੇਬਾਜ਼ੀ ਵਿਚ ਸਾਬਕਾ ਕਪਤਾਨ ਰੋਹਿਤ ਸ਼ਰਮਾ ਦਾ ਸ਼ਾਨਦਾਰ ਸੈਂਕੜਾ ਸੁਰਖੀਆਂ ਵਿਚ ਰਿਹਾ ਹੈ ਪਰ ਇਸ ਦੇ ਬਾਵਜੂਦ ਟੀਮ ਹਾਰ ਗਈ ਸੀ। ਉੱਥੇ ਹੀ, ਈਸ਼ਾਨ ਕਿਸ਼ਨ ਵੀ ਨਿਰੰਤਰ ਪ੍ਰਦਰਸ਼ਨ ਨਹੀਂ ਕਰ ਸਕਿਆ ਹੈ। ਹਾਰਦਿਕ ਨੇ ਵੀ ਅਜੇ ਤਕ ਪ੍ਰਭਾਵਿਤ ਨਹੀਂ ਕੀਤਾ ਹੈ ਜਦਕਿ ਤਿਲਕ ਵਰਮਾ ਨੇ ਇਨ੍ਹਾਂ ਸਾਰਿਆਂ ਦੀ ਤੁਲਨਾ ਵਿਚ ਚੰਗਾ ਕੀਤਾ ਹੈ। ਮੁੰਬਈ ਲਈ ਸਭ ਤੋਂ ਵੱਡੀ ਹਾਂ-ਪੱਖੀ ਚੀਜ਼ ਸੂਰਯਕੁਮਾਰ ਯਾਦਵ ਦੀ ਫਾਰਮ ਵਿਚ ਵਾਪਸੀ ਹੈ। ਪੰਜਾਬ ਕਿੰਗਜ਼ ਵਿਰੁੱਧ ਉਸ ਦੀ 53 ਗੇਂਦਾਂ ’ਚ 78 ਦੌੜਾਂ ਦੀ ਪਾਰੀ ਮੁੰਬਈ ਲਈ ਅਹਿਮ ਰਹੀ ਤੇ ਜੇਕਰ ਉਹ ਲੈਅ ਵਿਚ ਆ ਜਾਵੇ ਤਾਂ ਕਿਸੇ ਵੀ ਹਮਲੇ ਦੀਆਂ ਧੱਜੀਆੰ ਉੱਡਾ ਸਕਦਾ ਹੈ।

ਰਾਜਸਥਾਨ ਰਾਇਲਜ਼ ਵਿਰੁੱਧ ਪਿਛਲੇ ਮੈਚ ਵਿਚ ਮੁੰਬਈ ਇੰਡੀਅਨਜ਼ ਦੀ ਹਾਲਤ ਕਾਫੀ ਖਰਾਬ ਰਹੀ ਸੀ, ਜਿਸ ਵਿਚ ਟ੍ਰੇਂਟ ਬੋਲਟ ਨੇ ਉਸਦੇ ਟਾਪ-3 ਬੱਲੇਬਾਜ਼ਾਂ ਨੂੰ ਖਾਤਾ ਵੀ ਨਹੀਂ ਖੋਲ੍ਹਣ ਦਿੱਤਾ ਸੀ ਤੇ ਇਹ ਤਜਰਬੇਕਾਰ ਤੇਜ਼ ਗੇਂਦਬਾਜ਼ ਫਿਰ ਤੋਂ ਉਸਦੇ ਲਈ ਵੱਡਾ ਖਤਰਾ ਹੋਵੇਗਾ। ਆਵੇਸ਼ ਖਾਨ ਨੂੰ ਆਖਰੀ ਓਵਰ ਵਿਚ ਗੇਂਦਬਾਜ਼ੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਤੇ ਉਸ ਨੇ ਇਸ ਨੂੰ ਬਾਖੂਬੀ ਨਿਭਾਇਆ ਹੈ। ਕੁਲਦੀਪ ਸੇਨ ਨੇ ਵੀ ਆਪਣੀ ਕਲਾ ਦਿਖਾਈ ਹੈ ਪਰ ਉਸ ਨੂੰ ਆਪਣੀ ਇਕਾਨਮੀ ’ਤੇ ਕੰਮ ਕਰਨ ਦੀ ਲੋੜ ਹੈ। ਲੈੱਗ ਸਪਿਨਰ ਯੁਜਵੇਂਦਰ ਚਾਹਲ 12 ਵਿਕਟਾਂ ਦੇ ਨਾਲ ਰਾਜਸਥਾਨ ਰਾਇਲਜ਼ ਦੇ ਗੇਂਦਬਾਜ਼ੀ ਵਿਭਾਗ ਦਾ ਸਭ ਤੋਂ ਮਹੱਤਵਪੂਰਨ ਖਿਡਾਰੀ ਹੈ। ਹਾਲਾਂਕਿ ਆਫ ਸਪਿਨਰ ਆਰ. ਅਸ਼ਵਿਨ ਜੂਝਦਾ ਦਿਸਿਆ ਹੈ। ਰਾਜਸਥਾਨ ਲਈ ਰਿਆਨ ਪ੍ਰਾਗ ਉਸਦੇ ਸੈਸ਼ਨ ਦਾ ਸਰਵਸ੍ਰੇਸ਼ਠ ਬੱਲੇਬਾਜ਼ ਰਿਹਾ ਹੈ। ਅਸਾਮ ਦੇ ਇਸ ਨੌਜਵਾਨ ਬੱਲੇਬਾਜ਼ ਨੇ ਅਜੇ ਤਕ 318 ਦੌੜਾਂ ਬਣਾ ਲਈਆਂ ਹਨ, ਜਿਸ ਨਾਲ ਟੀਮ ਨੂੰ ਕਾਫੀ ਮਦਦ ਮਿਲ ਰਹੀ ਹੈ। ਟੀਮ ਦੀ ਬੱਲੇਬਾਜ਼ੀ ਉਸਦੇ ਆਲੇ-ਦੁਆਲੇ ਘੁੰਮਦੀ ਹੀ ਰਹੀ ਹੈ, ਕਪਤਾਨ ਸੰਜੂ ਸੈਮਸਨ ਨੇ ਵੀ ਟੀਮ ਲਈ ਕੁਝ ਉਪਯੋਗੀ ਪਾਰੀਆਂ ਖੇਡੀਆਂ ਹਨ ਤੇ ਅਜੇ 276 ਦੌੜਾਂ ਬਣਾਈਆਂ ਹਨ। ਇੰਗਲੈਂਡ ਦੇ ਜੋਸ ਬਟਲਰ ਨੇ ਇਕੱਲੇ ਆਪਣੇ ਦਮ ’ਤੇ ਕੋਲਕਾਤਾ ਨਾਈਟ ਰਾਈਡਰਜ਼ ਵਿਰੁੱਧ ਆਖਰੀ ਮੈਚ ਵਿਚ 200 ਤੋਂ ਵੱਧ ਦੌੜਾਂ ਦਾ ਸਕੋਰ ਹਾਸਲ ਕਰਕੇ ਰਾਜਸਥਾਨ ਰਾਇਲਜ਼ ਨੂੰ ਜਿੱਤ ਦਿਵਾਈ ਸੀ ਪਰ ਸਾਥੀ ਸਲਾਮੀ ਜੋੜੀਦਾਰ ਯਸ਼ਸਵੀ ਜਾਇਸਵਾਲ ਦੀ ਫਾਰਮ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਕਿਉਂਕਿ ਉਹ ਸ਼ੁਰੂਆਤ ਨੂੰ ਵੱਡੇ ਸਕੋਰ ਵਿਚ ਨਹੀਂ ਬਦਲ ਪਾ ਰਿਹਾ। ਸ਼ਿਮਰੋਨ ਹੈੱਟਮਾਇਰ ਵੀ ਲੋੜ ਦੇ ਸਮੇਂ ਚੰਗੀ ਬੱਲੇਬਾਜ਼ੀ ਕਰ ਰਿਹਾ ਹੈ। 

ਸੰਭਾਵਿਤ ਪਲੇਇੰਗ 11:

ਮੁੰਬਈ ਇੰਡੀਅਨਜ਼ : ਰੋਹਿਤ ਸ਼ਰਮਾ, ਈਸ਼ਾਨ ਕਿਸ਼ਨ, ਸੂਰਿਆਕੁਮਾਰ ਯਾਦਵ, ਤਿਲਕ ਵਰਮਾ, ਹਾਰਦਿਕ ਪੰਡਯਾ, ਟਿਮ ਡੇਵਿਡ, ਰੋਮੀਓ ਸ਼ੈਫਰਡ, ਮੁਹੰਮਦ ਨਬੀ, ਸ਼੍ਰੇਅਸ ਗੋਪਾਲ, ਗੇਰਾਲਡ ਕੋਏਟਜ਼ੀ ਅਤੇ ਜਸਪ੍ਰੀਤ ਬੁਮਰਾਹ।

ਰਾਜਸਥਾਨ ਰਾਇਲਜ਼ : ਯਸ਼ਸਵੀ ਜੈਸਵਾਲ, ਜੋਸ ਬਟਲਰ, ਸੰਜੂ ਸੈਮਸਨ (ਕਪਤਾਨ ਅਤੇ ਵਿਕਟਕੀਪਰ), ਰਿਆਨ ਪਰਾਗ, ਧਰੁਵ ਜੁਰੇਲ, ਰਵੀਚੰਦਰਨ ਅਸ਼ਵਿਨ, ਸ਼ਿਮਰੋਨ ਹੇਟਮਾਇਰ, ਰੋਵਮੈਨ ਪਾਵੇਲ, ਟ੍ਰੇਂਟ ਬੋਲਟ, ਅਵੇਸ਼ ਖਾਨ, ਯੁਜਵੇਂਦਰ ਚਾਹਲ।

ਸਮਾਂ: ਸ਼ਾਮ 7.30 ਵਜੇ ਤੋਂ।


author

Tarsem Singh

Content Editor

Related News