ਹਰਮਨਪ੍ਰੀਤ ਦੇ ਦੋ ਗੋਲ ਨਾਲ ਮਲੇਸ਼ੀਆ ਨੂੰ ਹਰਾ ਕੇ ਭਾਰਤੀ ਹਾਕੀ ਟੀਮ ਸੈਮੀਫਾਈਨਲ 'ਚ

Tuesday, Apr 10, 2018 - 10:36 AM (IST)

ਗੋਲਡ ਕੋਸਟ (ਬਿਊਰੋ)— ਡਰੈਗ ਫਲਿਕਰ ਹਰਮਨਪ੍ਰੀਤ ਸਿੰਘ ਦੇ 2 ਗੋਲ ਦੀ ਮਦਦ ਨਾਲ ਭਾਰਤ ਨੇ ਹੇਠਲੀ ਰੈਂਕਿੰਗ ਵਾਲੀ ਮਲੇਸ਼ੀਆ ਨੂੰ 2-1 ਨਾਲ ਹਰਾ ਕੇ ਰਾਸ਼ਟਰਮੰਡਲ ਖੇਡਾਂ 2018 ਦੇ ਪੁਰਸ਼ ਹਾਕੀ ਮੁਕਾਬਲੇ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ। ਹਰਮਨਪ੍ਰੀਤ ਨੇ ਤੀਜੇ ਅਤੇ 44ਵੇਂ ਮਿੰਟ 'ਚ ਗੋਲ ਦਾਗੇ। ਮਲੇਸ਼ੀਆ ਵੱਲੋਂ ਇਕ ਮਾਤਰ ਗੋਲ ਫੈਜ਼ਲ ਸਾਰੀ ਨੇ 16ਵੇਂ ਮਿੰਟ 'ਚ ਕੀਤਾ। ਭਾਰਤ ਨੂੰ ਮੈਚ 'ਚ 9 ਪੈਨਲਟੀ ਕਾਰਨਰ ਮਿਲੇ ਜਿਨ੍ਹਾਂ 'ਚੋਂ ਪਹਿਲਾ ਦੂਜੇ ਹੀ ਮਿੰਟ'ਚ ਮਿਲਿਆ। ਇਸ ਨੂੰ ਗੋਲ 'ਚ ਬਦਲਕੇ ਹਰਮਨਪ੍ਰੀਤ ਨੇ ਭਾਰਤ ਨੂੰ ਬੜ੍ਹਤ ਦਿਵਾਈ। 

ਮਲੇਸ਼ੀਆ ਨੂੰ ਜਵਾਬੀ ਹਮਲੇ 'ਚ ਛੇਵੇਂ ਮਿੰਟ 'ਚ ਪੈਨਲਟੀ ਕਾਰਨਰ ਮਿਲਿਆ ਪਰ ਰਜੀ ਰਹੀਮ ਗੋਲ ਨਾ ਕਰ ਸਕੇ। ਇਸ ਦੇ 10 ਮਿੰਟਾਂ ਬਾਅਦ ਫੈਜ਼ਲ ਨੇ ਮੈਦਾਨੀ ਗੋਲ ਕਰਕੇ ਟੀਮ ਨੂੰ ਬਰਾਬਰੀ 'ਤੇ ਲਿਆਇਆ। ਹਾਫ ਟਾਈਮ ਤੱਕ ਸਕੋਰ 1-1 ਨਾਲ ਬਰਾਬਰ ਸੀ। ਭਾਰਤ ਨੂੰ ਬੜ੍ਹਤ ਬਣਾਉਣ ਦਾ ਮੌਕਾ 18ਵੇਂ ਮਿੰਟ 'ਚ ਮਿਲਿਆ ਸੀ ਪਰ ਵਰੁਣ ਕੁਮਾਰ ਪੈਨਲਟੀ ਕਾਰਨਰ ਤਬਦੀਲ ਨਹੀਂ ਕਰ ਸਕੇ। ਇਸ ਦੇ ਚਾਰ ਮਿੰਟ ਬਾਅਦ ਮਨਦੀਪ ਸਿੰਘ ਦੀ ਕੋਸ਼ਿਸ ਨੂੰ ਮਲੇਸ਼ੀਆਈ ਗੋਲਕੀਪਰ ਹੈਰੀ ਅਬਦੁਲ ਨੇ ਅਸਫਲ ਕਰ ਦਿੱਤਾ। ਭਾਰਤੀ ਗੋਲਕੀਪਰ ਪੀ. ਆਰ. ਸ਼੍ਰੀਜੇਸ਼ ਨੇ ਦੂਜੇ ਹਾਫ 'ਚ ਮਲੇਸ਼ੀਆ ਦੇ ਦੋ ਪੈਨਲਟੀ ਕਾਰਨਰ ਬਚਾਏ। ਹਰਮਨਪ੍ਰੀਤ ਨੇ 44ਵੇਂ ਮਿੰਟ 'ਚ ਪੈਨਲਟੀ ਕਾਰਨਰ ਤਬਦੀਲ ਕਰਕੇ ਭਾਰਤ ਨੂੰ ਬੜ੍ਹਤ ਦਿਵਾਈ। ਉਹ 58ਵੇਂ ਮਿੰਟ'ਚ ਹੈਟ੍ਰਿਕ ਬਣਾ ਲੈਂਦੇ ਪਰ ਰਹਿਮਾਨ ਨੇ ਉਨ੍ਹਾਂ ਦੀ ਕੋਸ਼ਿਸ਼ ਨੂੰ ਸਫਲ ਨਹੀਂ ਹੋਣ ਦਿੱਤਾ।


Related News