ਭਾਰਤ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਟੈਸਟ ਲੜੀ ''ਚ ਬਣਾਈ ਬੜ੍ਹਤ

07/22/2018 8:37:19 AM

ਬੈਂਗਲੁਰੂ— ਭਾਰਤੀ ਪੁਰਸ਼ ਹਾਕੀ ਟੀਮ ਨੇ ਨਿਊਜ਼ੀਲੈਂਡ ਨੂੰ ਲਗਾਤਾਰ ਦੂਜੇ ਮੈਚ ਵਿਚ 3-1 ਨਾਲ ਹਰਾ ਕੇ ਤਿੰਨ ਮੈਚਾਂ ਦੀ ਟੈਸਟ ਲੜੀ ਵਿਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਭਾਰਤ ਨੇ ਪਹਿਲੇ ਹੀ ਕੁਆਰਟਰ ਵਿਚ ਹਮਲਾਵਰ ਖੇਡ ਦਿਖਾਈ। ਸਟ੍ਰਾਈਕਰ ਐੱਸ. ਵੀ. ਸੁਨੀਲ ਨੇ ਪਹਿਲੇ ਮਿੰਟ ਵਿਚ ਗੋਲ ਕਰ ਕੇ ਹੱਲਾ ਬੋਲਿਆ।

ਭਾਰਤ ਨੂੰ ਪਹਿਲੇ ਕੁਆਰਟਰ ਵਿਚ ਦੋ ਪੈਨਲਟੀ ਕਾਰਨਰ ਮਿਲੇ ਪਰ ਇਕ 'ਤੇ ਵੀ ਗੋਲ ਨਹੀਂ ਹੋ ਸਕਿਆ। ਦੂਜੇ ਕੁਆਰਟਰ ਵਿਚ ਭਾਰਤ ਨੂੰ 18ਵੇਂ ਮਿੰਟ ਵਿਚ ਲਗਾਤਾਰ ਤਿੰਨ ਪੈਨਲਟੀ ਕਾਰਨਰ ਮਿਲੇ ਤੇ ਤੀਜੇ 'ਤੇ ਰੁਪਿੰਦਰਪਾਲ ਸਿੰਘ ਨੇ ਗੋਲ ਕੀਤਾ।  ਇਸ ਦੇ ਇਕ ਮਿੰਟ ਬਾਅਦ ਸੁਨੀਲ ਨੇ ਇਕ ਹੋਰ ਪੈਨਲਟੀ ਕਾਰਨਰ ਬਣਾਇਆ ਪਰ ਇਸ ਵਾਰ ਵੈਰੀਏਸ਼ਨ ਅਸਫਲ ਰਿਹਾ। ਨਿਊਜ਼ੀਲੈਂਡ ਲਈ 24ਵੇਂ ਮਿੰਟ ਵਿਚ ਸਟੀਫੇਨ ਜੇਨੇਸ ਨੇ ਪੀ. ਆਰ. ਸ੍ਰੀਜੇਸ਼ ਨੂੰ ਝਕਾਨੀ ਦਿੰਦਿਆਂ ਬਰਾਬਰੀ ਦਾ ਗੋਲ ਕਰ ਦਿੱਤਾ। ਭਾਰਤ ਨੇ ਤਿੰਨ ਮਿੰਟ ਬਾਅਦ ਵਾਪਸੀ ਕੀਤੀ, ਜਦੋਂ ਸੁਨੀਲ ਨੇ ਸਿਮਰਨਜੀਤ ਸਿੰਘ ਦੀ ਸਹਾਇਤਾ ਨਾਲ ਦੂਜਾ ਗੋਲ ਕਰ ਦਿੱਤਾ। ਭਾਰਤ ਨੇ ਦੂਜੇ ਕੁਆਰਟਰ ਦੇ ਅੰਤ ਤਕ 2-1 ਨਾਲ ਬੜ੍ਹਤ ਬਰਕਰਾਰ ਰੱਖੀ।  ਤੀਜੇ ਕੁਆਰਟਰ ਵਿਚ ਕੋਈ ਗੋਲ ਨਹੀਂ ਹੋ ਸਕਿਆ। ਭਾਰਤ ਨੇ ਆਖਰੀ ਕੁਆਰਟਰ ਵਿਚ ਤੀਜਾ ਗੋਲ ਕੀਤਾ, ਜਦੋਂ ਸੁਨੀਲ ਦੇ ਪਾਸ ਨਾਲ ਮਨਦੀਪ ਨੇ 56ਵੇਂ ਮਿੰਟ ਵਿਚ ਗੇਂਦ ਨੂੰ ਗੋਲਾਂ ਦੇ ਅੰਦਰ ਭੇਜ ਦਿੱਤਾ।


Related News