ਪੰਜਾਬ 'ਚ ਸ਼ਰਾਬ ਖਰੀਦਣ ਨੂੰ ਲੈ ਕੇ ਨਵੀਆਂ Guidelines! ਜਾਣੋ ਕੀ ਨੇ ਹਦਾਇਤਾਂ
Saturday, Dec 13, 2025 - 03:36 PM (IST)
ਲੁਧਿਆਣਾ (ਸੇਠੀ)- ਐਕਸਾਈਜ਼ ਵਿਭਾਗ ਲੁਧਿਆਣਾ ਨੇ ਸ਼ੁੱਕਰਵਾਰ ਨੂੰ ਮਿੰਨੀ ਸਕੱਤਰੇਤ ’ਚ ਇਕ ਮਹੱਤਵਪੂਰਨ ਬੈਠਕ ਕੀਤੀ, ਜਿਸ ਦੀ ਅਗਵਾਈ ਅਸਿਸਟੈਂਟ ਕਮਿਸ਼ਨਰ ਐਕਸਾਈਜ਼ ਲੁਧਿਆਣਾ ਦੀ ਵੈਸਟ ਰੇਂਜ ਦੇ ਇੰਦਰਜੀਤ ਸਿੰਘ ਨਾਗਪਾਲ ਅਤੇ ਅਸਿਸਟੈਂਟ ਕਮਿਸ਼ਨਰ ਐਕਸਾਈਜ਼ ਲੁਧਿਆਣਾ ਦੀ ਈਸਟ ਰੇਂਜ ਦੀ ਸ਼ਿਵਾਨੀ ਗੁਪਤਾ ਨੇ ਕੀਤੀ।
ਬੈਠਕ ਵਿਚ ਸ਼ਹਿਰ ਦੇ ਸਾਰੇ ਮੈਰਿਜ ਪੈਲੇਸਾਂ ਅਤੇ ਬੀਅਰ ਬਾਰਾਂ ਦੇ ਮਾਲਕਾਂ ਅਤੇ ਪ੍ਰਬੰਧਕਾਂ ਨੂੰ ਬੁਲਾਇਆ ਗਿਆ ਸੀ। ਅਧਿਕਾਰੀਆਂ ਨੇ ਪੰਜਾਬ ਦੇ ਐਕਸਾਈਜ਼ ਕਮਿਸ਼ਨਰ ਵੱਲੋਂ ਜਾਰੀ ਨਵੇਂ ਨਿਰਦੇਸ਼ਾਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਅਸਿਸਟੈਂਟ ਕਮਿਸ਼ਨਰਾਂ ਨੇ ਸਾਫ ਨਿਰਦੇਸ਼ ਦਿੱਤੇ ਕਿ ਹੁਣ ਕੋਈ ਵੀ ਮੈਰਿਜ ਪੈਲੇਸ ਜਾਂ ਬੀਅਰ ਬਾਰ ਵਿਆਹ ਜਾਂ ਕਿਸੇ ਵੀ ਪ੍ਰੋਗਰਾਮ ਲਈ ਗਾਹਕਾਂ ਵਲੋਂ ਸ਼ਰਾਬ ਨਹੀਂ ਖਰੀਦੇਗਾ। ਗਾਹਕ ਸ਼ਰਾਬ ਕੇਵਲ ਅਧਿਕਾਰਤ ਸ਼ਰਾਬ ਦੇ ਠੇਕਿਆਂ ਤੋਂ ਹੀ ਨਿਯਮਾਂ ਦੀ ਪਾਲਣਾ ਕਰਦੇ ਹੋਏ ਖੁਦ ਖਰੀਦਣਗੇ।
ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਸਾਰੇ ਅਦਾਰਿਆਂ ਨੂੰ ਵਿਭਾਗੀ ਨਿਯਮਾਂ ਅਤੇ ਕਾਨੂੰਨੀ ਸ਼ਰਤਾਂ ਦੀ ਸਖ਼ਤੀ ਨਾਲ ਪਾਲਣਾ ਕਰਨੀ ਹੋਵੇਗੀ। ਇਸ ਵਿਚ ਸਹੀ ਰਿਕਾਰਡ ਰੱਖਣਾ, ਜ਼ਰੂਰੀ ਵੈਰੀਫਿਕੇਸ਼ਨ ਕਰਵਾਉਣੀ ਅਤੇ ਸ਼ਰਾਬ ਦੀ ਸੁਰੱਖਿਅਤ ਵਰਤੋਂ, ਸਰਵਿਸ ਅਤੇ ਸਟੋਰੇਜ ਨੂੰ ਯਕੀਨੀ ਬਣਾਉਣਾ ਸ਼ਾਮਲ ਹਨ। ਬੈਠਕ ਵਿਚ ਮੈਰਿਜ ਪੈਲੇਸ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਸੰਤ ਸਮੇਤ ਕਈ ਮੈਰਿਜ ਪੈਲੇਸ ਅਤੇ ਬੀਅਰ ਬਾਰ ਮਾਲਕਾਂ ਨੇ ਹਿੱਸਾ ਲਿਆ।
