ਇਦਾਥੋਡਿਕਾ ਤੇ ਲਿੰਗਦੋਹ ਕਰੋੜਪਤੀ ਕਲੱਬ ''ਚ ਸ਼ਾਮਲ

07/24/2017 12:24:17 AM

ਮੁੰਬਈ— ਡਿਫੈਂਡਰ ਅਨਸ ਇਦਾਥੋਡਿਕਾ ਤੇ ਮਿਡਫੀਲਡਰ ਯੂਜੇਨਸਨ ਲਿੰਗਦੋਹ ਇੰਡੀਅਨ ਸੁਪਰ ਲੀਗ ਦੇ ਖਿਡਾਰੀ ਡਰਾਫਟ ਵਿਚ ਐਤਵਾਰ ਇੱਥੇ ਸਭ ਤੋਂ ਮਹਿੰਗੇ ਖਿਡਾਰੀ ਬਣੇ, ਜਿਨ੍ਹਾਂ ਲਈ ਕ੍ਰਮਵਾਰ ਨਵੀਆਂ ਟੀਮਾਂ ਐੱਫ. ਸੀ. ਤੇ ਦੋ ਵਾਰ ਦੀ ਚੈਂਪੀਅਨ ਐਟੀਕੇ ਨੇ ਇਕ ਕਰੋੜ 10 ਲੱਖ ਰੁਪਏ ਦੀ ਇਕ ਬਰਾਬਰ ਬੋਲੀ ਲਗਾਈ। ਚੁਣੇ ਗਏ 134 ਖਿਡਾਰੀਆਂ ਵਿਚ ਗੋਲਕੀਪਰ ਸੁਬਰਤ ਪਾਲ ਨੂੰ ਜਮਸ਼ੇਦਪੁਰ ਨੇ 87 ਲੱਖ ਰੁਪਏ ਜਦਕਿ ਰਾਈਟ ਬੈਕ ਪ੍ਰੀਤਮ ਕੋਟਲ ਨੂੰ ਦਿੱਲੀ ਡਾਇਨਾਮੋਜ ਨੇ 75 ਲੱਖ ਰੁਪਏ ਵਿਚ ਖਰੀਦਿਆ।
ਏ.ਟੀ.ਕੇ. ਦੇ ਕੋਚ ਟੇਡੀ ਸ਼ੇਨਿਰਘਮ ਨੇ ਕਿਹਾ ਕਿ ਉਹ (ਲਿੰਗਦੋਹ) ਸਾਡੀ ਨੰਬਰ ਇਕ ਪਸੰਦ ਸੀ। ਉਹ ਗੋਲ ਵੀ ਕਰਦਾ ਹੈ ਤੇ ਟੀਮ ਲਈ ਮਹੱਤਵਪੂਰਨ ਹੈ।
ਦਿਲਚਸਪ ਗੱਲ ਇਹ ਹੈ ਕਿ ਟੀਮ ਦੇ ਤਕਨੀਕੀ ਡਾਇਰੈਕਟਰ ਐਸ਼ਲੇ ਵੇਸਟਵੁਡ ਆਈ. ਐੱਸ. ਐੱਲ. ਵਿਚ ਡੈਬਿਊ ਕਰਨ ਵਾਲੀ ਬੈਂਗਲੁਰੂ ਐੱਫ. ਸੀ. ਦੇ ਆਈ ਲੀਗ ਵਿਚ ਕੋਚ ਸਨ, ਜਿਸ ਵਿਚ ਲਿੰਗਦੋਹ ਵੀ ਸ਼ਾਮਲ ਸਨ। ਟੀਮ ਨੇ ਭਾਰਤ ਦੇ ਸਟ੍ਰਾਈਕਰ ਰੋਬਿਨ ਸਿੰਘ ਨੂੰ 65 ਲੱਖ ਰੁਪਏ ਵਿਚ ਖਰੀਦਿਆ।  ਮੁੰਬਈ ਸਿਟੀ ਐੱਫ. ਸੀ. ਨੇ ਸਟ੍ਰਾਈਕਰ ਬਲਵੰਤ ਸਿੰਘ ਨੂੰ ਤੀਜੇ ਦੌਰ ਵਿਚ 67 ਲੱਖ ਰੁਪਏ ਤੇ ਗੋਲਕੀਪਰ ਅਰਿੰਦਮ ਭੱਟਾਚਾਰੀਆ ਨੂੰ 64 ਲੱਖ ਰੁਪਏ 'ਚ ਚੌਥੇ ਰਾਊਂਡ ਵਿਚ ਖਰੀਦਿਆ। ਕੇਰਲ ਬਲਾਸਟਰਸ ਨੇ ਰਿਨੋ ਐਂਟੋ ਨੂੰ 63 ਲੱਖ ਰੁਪਏ ਵਿਚ ਆਪਣੀ ਟੀਮ ਨਾਲ ਜੋੜਿਆ। ਐੱਫ. ਸੀ. ਗੋਆ ਨੇ ਪ੍ਰਣਯ ਹਲਦਰ ਨੂੰ 58 ਲੱਖ ਤੇ ਨਾਰਾਇਣ ਦਾਸ ਨੂੰ 58 ਲੱਖ ਰੁਪਏ  ਵਿਚ ਖਰੀਦਿਆ ਜਦਕਿ ਚੇਨਈਅਨ ਐੱਫ. ਸੀ. ਨੇ ਥੋਈ ਸਿੰਘ ਲਈ 57 ਲੱਖ ਰੁਪਏ ਖਰਚ ਕੀਤੇ। ਆਈ.ਐੱਸ.ਐੱਲ. ਦੇ ਸੰਸਥਾਪਕ ਮੁਖੀ ਨੀਤਾ ਅੰਬਾਨੀ ਨੇ ਇਸ ਤੋਂ ਪਹਿਲਾਂ ਐਲਾਨ ਕੀਤਾ ਕਿ ਹੀਰੋ ਮੋਟੋਕਾਰਪ ਨੇ ਲੀਗ ਦਾ ਟਾਈਟਲ ਸਪਾਂਸਰ ਤਿੰਨ ਸਾਲ ਲਈ ਵਧਾ ਦਿੱਤਾ ਹੈ, ਜਿਹੜਾ 160 ਕਰੋੜ ਰੁਪਏ ਦਾ ਹੋਵੇਗਾ।


Related News