ਤਿਹਾੜ ਜੇਲ੍ਹ ਜੋ ‘ਸੁਧਾਰ ਘਰ’ ਅਖਵਾਉਂਦੀ ਸੀ ਬਣਦੀ ਜਾ ਰਹੀ ਹੈ ‘ਫਾਈਟ ਕਲੱਬ’
Sunday, Apr 28, 2024 - 03:05 AM (IST)
9 ਜੇਲ੍ਹਾਂ ’ਤੇ ਆਧਾਰਿਤ ਨਵੀਂ ਦਿੱਲੀ ਦੀ ‘ਤਿਹਾੜ ਜੇਲ’ ਦੱਖਣੀ ਏਸ਼ੀਆ ਦਾ ਸਭ ਤੋਂ ਵੱਡਾ ਜੇਲ੍ਹ ਕੰਪਲੈਕਸ ਹੈ। ਇਸ ਨੂੰ ਮੁੱਖ ਤੌਰ ’ਤੇ ਇਕ ‘ਸੁਧਾਰ ਘਰ’ ਵਜੋਂ ਵਿਕਸਿਤ ਕੀਤਾ ਗਿਆ ਸੀ, ਪਰ ਇੱਥੇ ਲਗਾਤਾਰ ਹੋਣ ਵਾਲੀਆਂ ਹਿੰਸਕ ਘਟਨਾਵਾਂ ਕਾਰਨ ਹੁਣ ਇਹ ‘ਫਾਈਟ ਕਲੱਬ’ ਬਣਦੀ ਜਾ ਰਹੀ ਹੈ।
ਇੱਥੇ ਹਿੰਸਾ ਦੀ ਤਾਜ਼ਾ ਘਟਨਾ 24 ਅਪ੍ਰੈਲ ਨੂੰ ਸਾਹਮਣੇ ਆਈ ਜਦ ਜੇਲ੍ਹ ਨੰਬਰ-3 ’ਚ 4 ਕੈਦੀਆਂ ਦਰਮਿਆਨ ਟਾਇਲਟ ਪਹਿਲਾਂ ਜਾਣ ਨੂੰ ਲੈ ਕੇ ਸ਼ੁਰੂ ਹੋਇਆ ਝਗੜਾ ਗਲਬੇ ਦੀ ਲੜਾਈ ’ਚ ਬਦਲ ਗਿਆ ਅਤੇ ਦੇਖਦਿਆਂ ਹੀ ਦੇਖਦਿਆਂ ਕੈਦੀਆਂ ਨੇ ਜੇਲ ’ਚ ਬਣਾਏ ‘ਸੂਇਆਂ’ ਨਾਲ ਇਕ-ਦੂਜੇ ’ਤੇ ਹਮਲਾ ਕਰ ਦਿੱਤਾ ਜਿਸ ਨਾਲ ਉਹ ਚਾਰੋਂ ਜ਼ਖਮੀ ਹੋ ਗਏ।
ਜਿਸ ਤਿਹਾੜ ਜੇਲ ’ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬੰਦ ਹਨ, ਇਹ ਘਟਨਾ ਉਨ੍ਹਾਂ ਦੇ ਨਾਲ ਵਾਲੀ ਜੇਲ੍ਹ ’ਚ ਹੋਈ ਅਤੇ ਇਹ ਆਪਣੀ ਤਰ੍ਹਾਂ ਦੀ ਇਕੱਲੀ ਘਟਨਾ ਨਹੀਂ ਹੈ, ਸਗੋਂ ਅਕਸਰ ਇੱਥੇ ਬੰਦ ਕੈਦੀਆਂ ਦਰਮਿਆਨ ਹਿੰਸਾ ਦੀਆਂ ਘਟਨਾਵਾਂ ਹੁੰਦੀਆਂ ਹੀ ਰਹਿੰਦੀਆਂ ਹਨ :
* ਕੁਝ ਸਮਾਂ ਪਹਿਲਾਂ ਤਿਹਾੜ ਦੀ ਜੇਲ ਨੰਬਰ 1 ’ਚ ਵੀ ਇਕ ਕੈਦੀ ਨੇ ਦੂਜੇ ਕੈਦੀ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ ਸੀ, ਜਿਸ ਨਾਲ ਦੋਵਾਂ ਨੂੰ ਗੰਭੀਰ ਸੱਟਾਂ ਲੱਗੀਆਂ।
* 14 ਅਪ੍ਰੈਲ, 2023 ਨੂੰ ਗੈਂਗਸਟਰ ਪ੍ਰਿੰਸ ਤੇਵਤੀਆ ਨੂੰ ਜੇਲ ’ਚ ਵਿਰੋਧੀ ਧੜੇ ਦੇ ਮੈਂਬਰਾਂ ਨੇ ਸਵੇਰੇ-ਸਵੇਰੇ ਹਮਲਾ ਕਰ ਕੇ ਮਾਰ ਦਿੱਤਾ ਸੀ।
* 2 ਮਈ, 2023 ਨੂੰ ਵੀ ਤਿਹਾੜ ਜੇਲ੍ਹ ’ਚ ਬੰਦ ਸੁਨੀਲ ਉਰਫ ਟਿੱਲੂ ਤਾਜਪੁਰੀਆ ਦੀ ਸਵੇਰੇ ਸਵਾ 6 ਵਜੇ ਗੋਗੀ ਗਿਰੋਹ ਦੇ ਮੈਂਬਰਾਂ ਨੇ ਹੱਤਿਆ ਕਰ ਦਿੱਤੀ ਸੀ।
ਤਿਹਾੜ ਜੇਲ੍ਹ ਕੰਪਲੈਕਸ ’ਚ ਕੈਦੀਆਂ ਦੀ ਕੁੱਲ ਸਮਰੱਥਾ 10,000 ਹੈ ਪਰ ਉੱਥੇ ਰੱਖੇ ਗਏ ਕੈਦੀਆਂ ਦੀ ਗਿਣਤੀ 20,000 ਤੋਂ ਵੀ ਉੱਪਰ ਹੈ। ਇਹ ਜੇਲ੍ਹ ਦਿੱਲੀ ਦੇ ਅਪਰਾਧ ਜਗਤ ਦੇ ਮਹਾਰਥੀਆਂ ਅਤੇ ਵੱਡੇ-ਵੱਡੇ ਆਗੂਆਂ ਦਾ ਅਸਥਾਈ ਟਿਕਾਣਾ ਹੋਣ ਕਾਰਨ ਇੱਥੇ ਸੁਰੱਖਿਆ ਪ੍ਰਬੰਧ ਬੇਹੱਦ ਸਖ਼ਤ ਹੋਣੇ ਚਾਹੀਦੇ ਹਨ ਪਰ ਸਥਿਤੀ ਇਸ ਦੇ ਉਲਟ ਹੀ ਦਿਖਾਈ ਦਿੰਦੀ ਹੈ।
ਇਸ ਲਈ ਜੇਲਾਂ ’ਚ ਬੁਨਿਆਦੀ ਢਾਂਚੇ ਦੀਆਂ ਖਾਮੀਆਂ ਦੂਰ ਕਰਨ, ਸਟਾਫ ਦੀ ਜ਼ਿੰਮੇਵਾਰੀ ਤੈਅ ਕਰਨ ਅਤੇ ਕਰਤੱਵ ਨਿਭਾਉਣ ’ਚ ਢਿੱਲ ਵਰਤਣ ਵਾਲੇ ਮੁਲਾਜ਼ਮਾਂ ਵਿਰੁੱਧ ਵੀ ਢੁੱਕਵੀਂ ਕਾਰਵਾਈ ਕਰਨ ਦੀ ਤੁਰੰਤ ਲੋੜ ਹੈ।
-ਵਿਜੇ ਕੁਮਾਰ