ਲੋਕ ਸਭਾ ਚੋਣਾਂ : ਪਹਿਲੇ ਪੜਾਅ ''ਚ 1,625 ਉਮੀਦਵਾਰ ਮੈਦਾਨ ''ਚ, 16 ਫੀਸਦੀ ਦਾਗੀ, 28 ਫੀਸਦੀ ਕਰੋੜਪਤੀ
Tuesday, Apr 09, 2024 - 04:58 PM (IST)

ਨਵੀਂ ਦਿੱਲੀ- ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ 'ਚ 19 ਅਪ੍ਰੈਲ ਨੂੰ ਵੋਟਾਂ ਪੈਣਗੀਆਂ। ਪਹਿਲੇ ਪੜਾਅ 'ਚ 21 ਸੂਬਿਆਂ ਦੀਆਂ 102 ਸੀਟਾਂ 'ਤੇ ਵੋਟਾਂ ਪੈਣਗੀਆਂ। ਪਹਿਲੇ ਪੜਾਅ 'ਚ 1,625 ਉਮੀਦਵਾਰ ਮੈਦਾਨ 'ਚ ਹਨ। ਇਨ੍ਹਾਂ 'ਚੋਂ 16 ਫੀਸਦੀ ਉਮੀਦਵਾਰ ਅਜਿਹੇ ਹਨ ਜਿਨ੍ਹਾਂ 'ਤੇ ਅਪਰਾਧਿਕ ਮਾਮਲੇ ਦਰਜ ਹਨ। ਜਦੋਂਕਿ 28 ਫੀਸਦੀ ਉਮੀਦਵਾਰ ਕਰੋੜਪਤੀ ਹਨ।
ਇਹ ਜਾਣਕਾਰੀ ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮ (ਏ.ਡੀ.ਆਰ.) ਦੀ ਰਿਪੋਰਟ 'ਚ ਸਾਹਮਣੇ ਆਈ ਹੈ। ਏ.ਡੀ.ਆਰ. ਨੇ 1,625 'ਚੋਂ 1,618 ਉਮੀਦਵਾਰਾਂ ਦੇ ਹਲਫਨਾਮੇ ਦਾ ਵਿਸ਼ਲੇਸ਼ਣ ਕਰਕੇ ਇਹ ਰਿਪੋਰਟ ਜਾਰੀ ਕੀਤੀ ਹੈ। ਇਸ ਰਿਪੋਰਟ 'ਚ ਦੱਸਿਆ ਗਿਆ ਹੈ ਕਿ 102 ਸੀਟਾਂ 'ਚੋਂ 42 ਸੀਟਾਂ ਅਜਿਹੀਆਂ ਹਨ, ਜਿੱਥੇ ਤਿੰਨ ਜਾਂ ਉਸਤੋਂ ਵੱਧ ਉਮੀਦਵਾਰਾਂ 'ਤੇ ਅਪਰਾਧਿਕ ਮਾਮਲੇ ਦਰਜ ਹਨ।
ਏ.ਡੀ.ਆਰ. ਨੇ ਦੱਸਿਆ ਹੈ ਕਿ 1,618 'ਚੋਂ 16 ਫੀਸਦੀ ਯਾਨੀ 252 ਉਮੀਦਵਾਰ ਅਜਿਹੇ ਹਨ, ਜਿਨ੍ਹਾਂ 'ਤੇ ਅਪਰਾਧਿਕ ਮਾਮਲੇ ਦਰਜ ਹਨ। ਇਨ੍ਹਾਂ 'ਚੋਂ ਵੀ 10 ਫੀਸਦੀ ਯਾਨੀ 161 ਅਜਿਹੇ ਹਨ, ਜਿਨ੍ਹਾਂ 'ਤੇ ਗੰਭੀਰ ਮਾਮਲੇ ਦਰਜ ਹਨ। ਗੰਭੀਰ ਮਾਮਲਿਆਂ 'ਚ ਕਤਲ, ਕਿਡਨੈਪਿੰਗ ਵਰਗੇ ਅਪਰਾਧ ਸ਼ਾਮਲ ਹਨ। 7 ਉਮੀਦਵਾਰਾਂ 'ਤੇ ਕਤਲ ਅਤੇ 19 'ਤੇ ਕਤਲ ਦੀ ਕੋਸ਼ਿਸ਼ ਦੇ ਮਾਮਲੇ ਦਰਜ ਹਨ। 18 ਉਮੀਦਵਾਰ ਅਜਿਹੇ ਹਨ ਜਿਨ੍ਹਾਂ 'ਤੇ ਔਰਤਾਂ ਖਿਲਾਫ ਅਪਰਾਧ ਦੇ ਮਾਮਲੇ ਦਰਜ ਹਨ। ਇਨ੍ਹਾਂ 'ਚੋਂ ਇਕ 'ਤੇ ਜਬਰ-ਜ਼ਿਨਾਹ ਦਾ ਮਾਮਲਾ ਵੀ ਦਰਜ ਹੈ। ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ 35 ਉਮੀਦਵਾਰਾਂ 'ਤੇ ਭੜਕਾਊ ਭਾਸ਼ਣ ਦੇਣ ਦਾ ਦੋਸ਼ ਹੈ।
ਕਿਹੜੀ ਪਾਰਟੀ 'ਚ ਕਿੰਨੇ ਦਾਗੀ ਉਮੀਦਵਾਰ
ਰਾਜਨੀਤੀ ਵਿੱਚ ਦਾਗੀ ਲੋਕਾਂ ਦਾ ਦਬਦਬਾ ਰਿਹਾ ਹੈ। ਚੋਣਾਂ ਵਿੱਚ ਹਰ ਸਿਆਸੀ ਪਾਰਟੀ ਦਾਗੀ ਉਮੀਦਵਾਰਾਂ ਨੂੰ ਟਿਕਟਾਂ ਵੰਡਦੀ ਹੈ।
ਪਹਿਲੇ ਪੜਾਅ 'ਚ ਲਾਲੂ ਪ੍ਰਸਾਦ ਯਾਦਵ ਦੀ ਰਾਸ਼ਟਰੀ ਜਨਤਾ ਦਲ ਨੇ ਚਾਰ ਉਮੀਦਵਾਰ ਖੜ੍ਹੇ ਕੀਤੇ ਹਨ ਅਤੇ ਇਨ੍ਹਾਂ ਚਾਰਾਂ 'ਤੇ ਅਪਰਾਧਿਕ ਮਾਮਲੇ ਦਰਜ ਹਨ।
ਡੀਐੱਮਕੇ ਨੇ 13, ਸਮਾਜਵਾਦੀ ਪਾਰਟੀ ਨੇ 3, ਟੀਐੱਮਸੀ ਨੇ 2, ਭਾਜਪਾ ਨੇ 28 ਅਤੇ ਕਾਂਗਰਸ ਨੇ 19 ਉਮੀਦਵਾਰ ਮੈਦਾਨ ਵਿੱਚ ਉਤਾਰੇ ਹਨ ਜਿਨ੍ਹਾਂ ਖ਼ਿਲਾਫ਼ ਅਪਰਾਧਿਕ ਮਾਮਲੇ ਦਰਜ ਹਨ।
ਜਦੋਂ ਕਿ ਆਰਜੇਡੀ ਦੇ 2, ਡੀਐੱਮਕੇ ਦੇ 6, ਸਮਾਜਵਾਦੀ ਪਾਰਟੀ ਦੇ 2, ਟੀਐੱਮਸੀ ਦੇ 5, ਭਾਜਪਾ ਦੇ 14, ਅੰਨਾਡੀਐੱਮਕੇ ਦੇ 6, ਕਾਂਗਰਸ ਦੇ 8 ਅਤੇ ਬਸਪਾ ਦੇ 8 ਉਮੀਦਵਾਰਾਂ ਨੇ ਹਲਫ਼ਨਾਮੇ ਵਿੱਚ ਕਿਹਾ ਹੈ ਕਿ ਉਨ੍ਹਾਂ ਖ਼ਿਲਾਫ਼ ਗੰਭੀਰ ਅਪਰਾਧਿਕ ਮਾਮਲੇ ਦਰਜ ਹਨ।
28 ਫੀਸਦੀ ਉਮੀਦਵਾਰ ਕਰੋੜਪਤੀ
ਏ.ਡੀ.ਆਰ. ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਪਹਿਲੇ ਪੜਾਅ ਵਿੱਚ 28 ਫੀਸਦੀ ਯਾਨੀ 450 ਉਮੀਦਵਾਰ ਕਰੋੜਪਤੀ ਹਨ। ਭਾਵ ਉਨ੍ਹਾਂ ਕੋਲ ਇੱਕ ਕਰੋੜ ਜਾਂ ਇਸ ਤੋਂ ਵੱਧ ਦੀ ਜਾਇਦਾਦ ਹੈ। ਉਮੀਦਵਾਰਾਂ ਦੀ ਔਸਤ ਜਾਇਦਾਦ 4.51 ਕਰੋੜ ਰੁਪਏ ਹੈ।
ਰਾਸ਼ਟਰੀ ਜਨਤਾ ਦਲ ਦੇ ਚਾਰੇ ਉਮੀਦਵਾਰ ਕਰੋੜਪਤੀ ਹਨ। ਏ.ਆਈ.ਏ.ਡੀ.ਐੱਮ.ਕੇ. ਦੇ 36 ਵਿੱਚੋਂ 35, ਡੀਐੱਮਕੇ ਦੇ 22 ਵਿੱਚੋਂ 21, ਭਾਜਪਾ ਦੇ 77 ਵਿੱਚੋਂ 69, ਕਾਂਗਰਸ ਦੇ 56 ਵਿੱਚੋਂ 49, ਟੀਐੱਮਸੀ ਦੇ 5 ਵਿੱਚੋਂ 4 ਅਤੇ ਬਸਪਾ ਦੇ 86 ਵਿੱਚੋਂ 18 ਉਮੀਦਵਾਰਾਂ ਕੋਲ ਕਰੋੜਾਂ ਦੀ ਜਾਇਦਾਦ ਹੈ।
ਮੱਧ ਪ੍ਰਦੇਸ਼ ਦੀ ਛਿੰਦਵਾੜਾ ਸੀਟ ਤੋਂ ਕਾਂਗਰਸ ਉਮੀਦਵਾਰ ਨਕੁਲ ਨਾਥ ਸਭ ਤੋਂ ਅਮੀਰ ਉਮੀਦਵਾਰ ਹਨ। ਉਨ੍ਹਾਂ ਨੇ ਹਲਫ਼ਨਾਮੇ ਵਿੱਚ ਕਿਹਾ ਹੈ ਕਿ ਉਸ ਕੋਲ 716 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਹੈ। ਤਾਮਿਲਨਾਡੂ ਦੀ ਇਰੋਡ ਸੀਟ ਤੋਂ ਏ.ਆਈ.ਏ.ਡੀ.ਐੱਮ.ਕੇ. ਦੇ ਉਮੀਦਵਾਰ ਅਸ਼ੋਕ ਕੁਮਾਰ ਕੋਲ 662 ਕਰੋੜ ਰੁਪਏ ਦੀ ਜਾਇਦਾਦ ਹੈ।
ਤਾਮਿਲਨਾਡੂ ਦੀ ਸ਼ਿਵਗੰਗਈ ਸੀਟ ਤੋਂ ਭਾਜਪਾ ਉਮੀਦਵਾਰ ਦੇਵਨਾਥਨ ਯਾਦਵ ਟੀ. ਦੀ ਜਾਇਦਾਦ 304 ਕਰੋੜ ਰੁਪਏ ਹੈ।