ਐਕਸ਼ਨ ''ਚ ED, ਹੇਮੰਤ ਸੋਰੇਨ ਖਿਲਾਫ਼ ਸਬੂਤ ਵਜੋਂ ''ਤੇ ਫਰਿੱਜ ਤੇ ਸਮਾਰਟ ਟੀਵੀ ਦੇ ਬਿੱਲ ਕੀਤੇ ਸ਼ਾਮਲ

04/07/2024 3:05:32 PM

ਨਵੀਂ ਦਿੱਲੀ- ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਆਪਣੇ ਇਸ ਦਾਅਵੇ ਦੇ ਸਮਰਥਨ 'ਚ ਇਕ ਫਰਿੱਜ ਅਤੇ ਸਮਾਰਟ ਟੀਵੀ ਦਾ ਬਿੱਲ ਸਬੂਤਾਂ 'ਚ ਸ਼ਾਮਲ ਕੀਤਾ ਹੈ ਕਿ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਨੇ 31 ਕਰੋੜ ਰੁਪਏ ਤੋਂ ਜ਼ਿਆਦਾ ਦੀ ਕੀਮਤ ਦੀ 8.86 ਕਰੋੜ ਜ਼ਮੀਨ ਗੈਰ-ਕਾਨੂੰਨੀ ਰੂਪ ਨਾਲ ਹਾਸਲ ਕੀਤੀ ਸੀ। ਸੰਘੀ ਜਾਂਚ ਏਜੰਸੀ ਨੇ ਰਾਂਚੀ ਸਥਿਤ ਦੋ ਡੀਲਰਾਂ ਤੋਂ ਇਹ ਰਸੀਦਾਂ ਪ੍ਰਾਪਤ ਕੀਤੀਆਂ। ਉਨ੍ਹਾਂ ਨੂੰ ਪਿਛਲੇ ਮਹੀਨੇ 48 ਸਾਲਾ ਝਾਰਖੰਡ ਮੁਕਤੀ ਮੋਰਚਾ ਨੇਤਾ ਅਤੇ 4 ਹੋਰਨਾਂ ਖਿਲਾਫ਼ ਦਾਇਰ ਆਪਣੇ ਦੋਸ਼ ਪੱਤਰ ਵਿਚ ਸ਼ਾਮਲ ਕੀਤਾ। ਰਾਂਚੀ ਵਿਚ ਜਸਟਿਸ ਰਾਜੀਵ ਰੰਜਨ ਦੀ ਵਿਸ਼ੇਸ਼ PMAL ਅਦਾਲਤ ਨੇ 4 ਅਪ੍ਰੈਲ ਨੂੰ ਦੋਸ਼ ਪੱਤਰ 'ਤੇ ਨੋਟਿਸ ਲਿਆ। ਸੋਰੇਨ ਨੂੰ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਦੇ ਤੁਰੰਤ ਬਾਅਦ 31 ਜਨਵਰੀ ਨੂੰ ਜ਼ਮੀਨ ਹੜੱਪਣ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿਚ ਈਡੀ ਨੇ ਗ੍ਰਿਫ਼ਤਾਰ ਕਰ ਲਿਆ ਸੀ।

ਸੋਰੇਨ ਰਾਂਚੀ ਦੇ ਹੋਟਵਾਰ ਸਥਿਤ ਬਿਰਸਾ ਮੁੰਡਾ ਜੇਲ੍ਹ ਵਿਚ ਨਿਆਂਇਕ ਹਿਰਾਸਤ ਵਿਚ ਹੈ। ਈਡੀ ਮੁਤਾਬਕ ਦੋਵੇਂ ਯੰਤਰ ਸੰਤੋਸ਼ ਮੁੰਡਾ ਦੇ ਪਰਿਵਾਰਕ ਮੈਂਬਰਾਂ ਦੇ ਨਾਂ 'ਤੇ ਖਰੀਦੇ ਗਏ ਸਨ। ਸੰਤੋਸ਼ ਮੁੰਡਾ ਨੇ ਏਜੰਸੀ ਨੂੰ ਦੱਸਿਆ ਸੀ ਕਿ ਉਹ 14-15 ਸਾਲਾਂ ਤੋਂ ਉਕਤ ਜ਼ਮੀਨ (8.86 ਏਕੜ) 'ਤੇ ਰਹਿ ਰਿਹਾ ਸੀ ਅਤੇ ਸੋਰੇਨ ਲਈ ਇਸ ਜਾਇਦਾਦ ਦੀ ਦੇਖਭਾਲ ਕਰਨ ਦਾ ਕੰਮ ਕਰਦਾ ਸੀ। ਏਜੰਸੀ ਨੇ ਸੋਰੇਨ ਦੇ ਇਸ ਦਾਅਵੇ ਦਾ ਖੰਡਨ ਕਰਨ ਲਈ ਮੁੰਡਾ ਦੇ ਬਿਆਨ ਦਾ ਇਸਤੇਮਾਲ ਕੀਤਾ ਕਿ ਉਨ੍ਹਾਂ ਦਾ ਉਕਤ ਜ਼ਮੀਨ ਨਾਲ ਕੋਈ ਸਬੰਧ ਨਹੀਂ ਹੈ। 

ਈਡੀ ਨੇ ਜ਼ਮੀਨ 'ਤੇ ਰਾਜਕੁਮਾਰ ਪਾਹਨ ਨਾਮੀ ਵਿਅਕਤੀ ਦੇ ਦਾਅਵੇ ਨੂੰ ਖਾਰਜ ਕਰ ਦਿੱਤਾ ਅਤੇ ਦੋਸ਼ ਲਾਇਆ ਗਿਆ ਕਿ ਉਹ ਸੋਰੇਨ ਦਾ ਸਹਿਯੋਗੀ ਹੈ, ਜਿਸ ਨੇ ਜਾਇਦਾਦ ਨੂੰ ਆਪਣੇ ਕੰਟਰੋਲ ਵਿਚ ਵਿਖਾਉਣ ਦੀ ਕੋਸ਼ਿਸ਼ ਕੀਤੀ। ਈਡੀ ਨੇ ਦਾਅਵਾ ਕੀਤਾ ਕਿ ਪਿਛਲੇ ਸਾਲ ਅਗਸਤ ਵਿਚ ਇਸ ਮਾਮਲੇ 'ਚ ਸੋਰੇਨ ਨੂੰ ਪਹਿਲਾ ਸੰਮਨ ਜਾਰੀ ਹੋਣ ਦੇ ਤੁਰੰਤ ਬਾਅਦ ਪਾਹਨ ਨੇ ਰਾਂਚੀ ਦੇ ਡਿਪਟੀ ਕਮਿਸ਼ਨਰ ਨੂੰ ਚਿੱਠੀ ਲਿਖੀ ਕੇ ਕਿਹਾ ਸੀ ਕਿ ਉਨ੍ਹਾਂ ਦੇ ਅਤੇ ਕੁਝ ਹੋਰ ਲੋਕਾਂ ਦੇ ਕਬਜ਼ੇ ਵਿਚ ਜ਼ਮੀਨ ਹੈ। ਏਜੰਸੀ ਨੇ ਕਿਹਾ ਕਿ ਮੁੰਡਾ ਦੇ ਬੇਟੇ ਦੇ ਨਾਂ 'ਤੇ ਫਰਵਰੀ 2017 'ਚ ਫਰਿੱਜ ਖਰੀਦਿਆ ਗਿਆ ਸੀ, ਜਦੋਂ ਕਿ ਇਕ ਸਮਾਰਟ ਟੀਵੀ ਨਵੰਬਰ 2022 'ਚ ਉਸ ਦੀ ਬੇਟੀ ਦੇ ਨਾਂ 'ਤੇ ਖਰੀਦਿਆ ਗਿਆ ਸੀ ਅਤੇ ਇਹ ਉਸੇ ਜ਼ਮੀਨ ਦੇ ਪਤੇ 'ਤੇ ਖਰੀਦਿਆ ਗਿਆ ਸੀ। ਈਡੀ ਨੇ ਕਿਹਾ ਕਿ ਇਹ "ਸਾਬਤ" ਕਰਦਾ ਹੈ ਕਿ ਸੰਤੋਸ਼ ਮੁੰਡਾ ਅਤੇ ਉਸ ਦਾ ਪਰਿਵਾਰ ਜਾਇਦਾਦ 'ਚ ਰਹਿ ਰਿਹਾ ਸੀ ਅਤੇ ਇਹ ਦੋਸ਼ੀ ਰਾਜਕੁਮਾਰ ਪਾਹਨ ਦੇ ਕਬਜ਼ੇ ਵਿਚ ਨਹੀਂ ਸੀ। ਈਡੀ ਨੇ 191 ਪੰਨਿਆਂ ਦੀ ਚਾਰਜਸ਼ੀਟ ਵਿਚ ਸੋਰੇਨ, ਰਾਜਕੁਮਾਰ ਪਾਹਨ, ਹਿਲਾਰੀਆਸ ਕਛਾਪ, ਭਾਨੂ ਪ੍ਰਤਾਪ ਪ੍ਰਸਾਦ ਅਤੇ ਬਿਨੋਦ ਸਿੰਘ ਨੂੰ ਮੁਲਜ਼ਮ ਬਣਾਇਆ ਹੈ।


Tanu

Content Editor

Related News