20 ਟੀਮਾਂ ਵਿਚਾਲੇ ਟੀ20 ਵਿਸ਼ਵ ਕੱਪ ਕਰਵਾਉਣ ’ਤੇ ਵਿਚਾਰ ਕਰ ਰਿਹੈ ICC

05/14/2021 7:59:22 PM

ਦੁਬਈ– ਕ੍ਰਿਕਟ ਨੂੰ ਵਿਸ਼ਵ ਪੱਧਰ ’ਤੇ ਵਿਕਸਿਤ ਕਰਨ ਦੀਆਂ ਕੋਸ਼ਿਸ਼ਾਂ ਦੇ ਤਹਿਤ ਟੀ-20 ਵਿਸ਼ਵ ਕੱਪ ਵਿਚ 20 ਟੀਮਾਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਇਸ ’ਤੇ ਵਿਚਾਰ ਕਰ ਰਿਹਾ ਹੈ, ਹਾਲਾਂਕਿ ਭਾਰਤ ਵਿਚ ਅਕਤੂਬਰ-ਨਵੰਬਰ ਵਿਚ 2021 ਟੀ-20 ਵਿਸ਼ਵ ਕੱਪ 16 ਟੀਮਾਂ ਵਿਚਾਲੇ ਹੀ ਆਯੋਜਿਤ ਹੋਵੇਗਾ।

ਇਹ ਖ਼ਬਰ ਪੜ੍ਹੋ-ਭਾਰਤ ਦੀ ਨੰਬਰ-1 ਟੈਸਟ ਰੈਂਕਿੰਗ ’ਤੇ ਸ਼ਾਸਤਰੀ ਨੇ ਕਿਹਾ-ਟੀਮ ਇਸ ਦੀ ਹੱਕਦਾਰ ਸੀ

PunjabKesari
2024 ਸੈਸ਼ਨ ਤੋਂ ਟੀਮਾਂ ਦੀ ਗਿਣਤੀ ਵਧਾਏ ਜਾਣ ਦੀ ਯੋਜਨਾ ਹੈ। ਅਜਿਹੇ ਵਿਚ ਇਸ ਸੈਸ਼ਨ ਵਿਚ ਸ਼ੁਰੂਆਤੀ ਗੇੜ ਵਿਚ ਪੰਜ ਟੀਮਾਂ ਦੇ ਚਾਰ ਗਰੁੱਪ ਬਣਾਏ ਜਾਣ ਦੀ ਯੋਜਨਾ ਹੋ ਸਕਦੀ ਹੈ। ਸਮਝਿਆ ਜਾਂਦਾ ਹੈ ਕਿ ਆਈ. ਸੀ. ਸੀ. ਲੰਬੇ ਸਮੇਂ ਤੋਂ ਟੀ-20 ਸਵਰੂਪ ਨੂੰ ਕ੍ਰਿਕਟ ਦੇ ਵਿਸਥਾਰ ਲਈ ਇਕ ਸਾਧਨ ਦੇ ਰੂਪ ਵਿਚ ਦੇਖ ਰਿਹਾ ਹੈ। ਇਹ ਹੀ ਵਜ੍ਹਾ ਹੈ ਕਿ ਟੀਮਾਂ ਦੀ ਗਿਣਤੀ ਵਧਾਉਣ ’ਤੇ ਪਹਿਲਾਂ ਵੀ ਚਰਚਾ ਹੁੰਦੀ ਰਹੀ ਹੈ। ਇੰਨਾ ਹੀ ਨਹੀਂ, ਆਈ. ਸੀ. ਸੀ. ਨੇ ਪਹਿਲਾਂ ਹੀ ਮਹਿਲਾ ਪ੍ਰਤੀਯੋਗਿਤਾਵਾਂ ਵਿਚ ਟੀਮਾਂ ਦੀ ਗਿਣਤੀ ਵਧਾਉਣ ਦੀ ਆਪਣੀ ਯੋਜਨਾ ਦੀ ਪੁਸ਼ਟੀ ਕਰ ਦਿੱਤੀ ਹੈ। ਇਸ ਤੋਂ ਇਲਾਵਾ ਆਈ. ਸੀ. ਸੀ. ਵਲੋਂ 50 ਓਵਰਾਂ ਦੇ ਵਿਸ਼ਵ ਕੱਪ ਵਿਚ ਹਿੱਸਾ ਲੈਣ ਵਾਲੀਆਂ ਟੀਮਾਂ ਦੀ ਗਿਣਤੀ ਵਧਾਏ ਜਾਣ ਨੂੰ ਲੈ ਕੇ ਵੀ ਅਟਕਲਾਂ ਲਾਈਆਂ ਜਾ ਰਹੀਆਂ ਹਨ।

PunjabKesari
ਜ਼ਿਕਰਯੋਗ ਹੈ ਕਿ 2019 ਵਿਚ ਵਨ ਡੇ ਵਿਸ਼ਵ ਕੱਪ ਨੂੰ 14 ਤੋਂ ਘਟਾ ਕੇ 10 ਟੀਮਾਂ ਦਾ ਕਰ ਦਿੱਤਾ ਗਿਆ ਸੀ, ਹਾਲਾਂਕਿ ਹੁਣ ਵਾਪਸ 14 ਟੀਮਾਂ ਕਰਨ ਦੀ ਗੱਲ ਚੱਲ ਰਹੀ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਮੁੱਖ ਕਾਰਜਕਾਰੀ ਅਧਿਕਾਰੀਆਂ ਦੀ ਕਮੇਟੀ (ਸੀ. ਈ. ਸੀ.) ਦੀ ਮੀਟਿੰਗ ਵਿਚ ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ ਦੇ ਟਾਮ ਹੈਰੀਸਨ ਨੇ ਓਲੰਪਿਕ ਦਾ ਵਿਸ਼ਾ ਵੀ ਚੁੱਕਿਆ ਸੀ ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਵੀ ਇਸ ਵਿਚ ਸ਼ਾਮਲ ਹੋਣ ਦੀ ਇੱਛਾ ਜਤਾਈ ਹੈ। ਉਸ ਨੇ ਚੇਤਾਵਨੀ ਦਿੱਤੀ ਹੈ ਕਿ ਉਹ ਇਸ ਵਿਚ ਭਾਰਤੀ ਓਲੰਪਿਕ ਸੰਘ ਦੇ ਦਖਲ ਨੂੰ ਬਰਦਾਸ਼ਤ ਨਹੀਂ ਕਰੇਗਾ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News